ਫਿਰੋਜ਼ਪੁਰ(ਬਿਊਰੋ)ਫਿਰੋਜ਼ਪੁਰ- ਫਾਜ਼ਿਲਕਾ ਰੋਡ ਤੇ ਸਥਿਤ ਪਿੰਡ ਜੀਵਾਂ ਅਰਾਈਂ ਦੇ ਨਜ਼ਦੀਕ ਮੋਟਰਸਸਾਈਕਲ ਅਤੇ ਟਰਾਲੇ ਦੀ ਟੱਕਰ ‘ਚ ਜਸਵਿੰਦਰ ਸਿੰਘ (35) ਪੁੱਤਰ ਪ੍ਰਕਾਸ਼ ਸਿੰਘ ਵਾਸੀ ਪਿੰਡ ਨਿਧਾਨਾ ਦੀ ਮੌਕੇ ‘ਤੇ ਮੌਤ ਹੋ ਗਈ।ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਭੱਠੇ ਉੱਤੇ ਮੁਨੀਮ ਦਾ ਕੰਮ ਕਰਦਾ ਸੀ ਜੋ ਕਿ ਆਪਣੇ ਮੋਟਰਸਾਈਕਲ ਹੀਰੋ ਹਾਂਡਾ ਨੰਬਰ (ਪੀ ਬੀ 47ਸੀ 5189) ‘ਤੇ ਕੰਮ ‘ਤੇ ਜਾ ਰਿਹਾ ਸੀ। ਜਦੋਂ ਉਹ ਮੇਨ ਹਾਈਵੇ ਫਿਰੋਜ਼ਪੁਰ-ਫਾਜ਼ਿਲਕਾ ਰੋਡ ‘ਤੇ ਪਹੁੰਚਿਆ ਤਾਂ ਜਲਾਲਾਬਾਦ ਵਾਲੇ ਪਾਸਿਓਂ ਆ ਰਹੇ ਟਰਾਲਾ ਨੰਬਰ (ਪੀ ਬੀ 05ਏ ਐਲ 9811) ਨੇ ਗ਼ਲਤ ਸਾਈਡ ਜਾ ਕੇ ਜਸਵਿੰਦਰ ਸਿੰਘ ਨੂੰ ਆਪਣੇ ਲਪੇਟੇ ‘ਚ ਲੈ ਲਿਆ ਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਜਸਵਿੰਦਰ ਸਿੰਘ ਆਪਣੇ ਪਿੱਛੇ ਦੋ ਬੱਚੇ ਅਤੇ ਪਤਨੀ ਨੂੰ ਵਿਲਕਦਿਆਂ ਛੱਡ ਗਿਆ।ਘਟਨਾ ਸਥਾਨ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਹ ਹਾਦਸਾ ਡਰਾਈਵਰ ਨੂੰ ਨੀਂਦ ਆਉਣ ਕਰ ਕੇ ਵਾਪਰਿਆ।ਜ਼ਿਕਰਯੋਗ ਹੈ ਕਿ ਜਿਸ ਜਗ੍ਹਾ ‘ਤੇ ਇਹ ਹਾਦਸਾ ਵਾਪਰਿਆ ਉਸ ਜਗ੍ਹਾ ਇਕ ਵਿਅਕਤੀ ਆਪਣਾ ਘੜੁੱਕਾ ਲਗਾ ਕੇ ਵਾਹਨਾਂ ਨੂੰ ਪੈਂਚਰ ਲਗਾਉਣ ਦਾ ਕੰਮ ਕਰਦਾ ਸੀ ਜਿਸ ਦਾ ਘੜੁੱਕਾ ਵੀ ਟਰਾਲੇ ਦੀ ਲਪੇਟ ‘ਚ ਆ ਗਿਆ। ਉਸ ਨੇ ਬੜੀ ਮੁਸ਼ਕਿਲ ਨਾਲ ਛਾਲ ਮਾਰ ਕੇ ਆਪਣੀ ਜਾਨ ਬਚਾਈ। ਘੜੁਕਾ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਸਥਾਨਕ ਪੁਲਿਸ ਨੇ ਘਟਨਾ ਸਥਾਨ ‘ਤੇ ਪਹੁੰਚ ਕੇ ਲਾਸ਼ ਤੇ ਟਰਾਲੇ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।