ਡਿਪਟੀ ਕਮਿਸ਼ਨਰ ਨੇ ਵੱਧ ਤੋਂ ਵੱਧ ਦਿਵਿਆਂਗਜਨਾਂ ਨੂੰ ਕੈਂਪ ਦਾ ਲਾਹਾ ਲੈਣ ਦੀ ਕੀਤੀ ਅਪੀਲ
ਮੋਗਾ, 15 ਮਈ, ( ਕੁਲਵਿੰਦਰ ਸਿੰਘ) -ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਨੇ ਜਿ਼ਲ੍ਹਾ ਮੋਗਾ ਦੇ ਦਿਵਿਆਂਗਜਨਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿ਼ਲ੍ਹਾ ਪ੍ਰਸ਼ਾਸ਼ਨ ਮੋਗਾ ਵੱਲੋਂ ਸਿਵਲ ਹਸਪਤਾਲ ਮੋਗਾ ਵਿਖੇ ਮਿਤੀ 17 ਮਈ, 2022 ਨੂੰ ਯੂ.ਡੀ.ਆਈ.ਡੀ. (ਦਿਵਿਆਂਗਤਾ ਸਰਟੀਫਿਕੇਟ) ਬਣਾਉਣ ਲਈ ਇੱੱਕ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਕੈਂਪ ਵਿੱਚ ਦਿਵਿਆਂਗਜਨਾਂ ਦੇ ਯੂ.ਡੀ.ਆਈ.ਡੀ. ਕਾਰਡ ਬਣਾਉਣ ਤੋਂ ਇਲਾਵਾ ਇਸ ਨੂੰ ਅਪਲਾਈ ਕਰਨ ਵਿੱਚ ਆ ਰਹੀਆਂ ਮੁਸ਼ਕਿਲਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਜਿ਼ਲ੍ਹਾ ਮੋਗਾ ਵਿੱਚ ਕਿਸੇ ਵੀ ਯੋਗ ਦਿਵਿਆਂਗ ਵਿਅਕਤੀ ਨੂੰ ਯੂ.ਡੀ.ਆਈ.ਡੀ. ਕਾਰਡ ਦੇ ਹੱਕ ਤੋਂ ਵਾਂਝਾ ਨਹੀਂ ਰੱਖਿਆ ਜਾਵੇਗਾ ਕਿਉਂਕਿ ਇਸ ਕਾਰਡ ਜਰੀਏ ਹੀ ਦਿਵਿਆਂਗ ਵਿਅਕਤੀਆਂ ਨੂੰ ਸਰਕਾਰੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।
ਡਿਪਟੀ ਕਮਿਸ਼ਨਰ ਨੇ ਦਿਵਿਆਂਗਜਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਕੈਂਪ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਠੀਕ ਸਵੇਰੇ 9 ਵਜੇ ਪਹੁੰਚਣ। ਉਨ੍ਹਾਂ ਕਿਹਾ ਕਿ ਦਿਵਿਆਂਗਜਨਾਂ ਨੂੰ ਸਿਵਲ ਹਸਪਤਾਲ ਮੋਗਾ ਵਿਖੇ ਲੈ ਕੇ ਆਉਣ ਅਤੇ ਜਾਣ ਲਈ ਟਰਾਂਸਪੋਰਟ ਸੁਵਿਧਾ ਵੀ ਮੁਹੱਈਆ ਕਰਵਾਈ ਜਾਵੇਗੀ।
ਸ੍ਰ. ਕੁਲਵੰਤ ਸਿੰਘ ਨੇ ਕਿਹਾ ਕਿ ਦਿਵਿਆਂਗਜਨਾਂ ਨੂੰ ਇਸ ਕੈਂਪ ਵਿੱਚ ਕਿਸੇ ਵੀ ਅਸੁਵਿਧਾ ਤੋਂ ਬਚਾਉਣ ਲਈ ਵੱਖ ਵੱਖ ਵਿਭਾਗਾਂ ਨੂੰ ਡਿਊਟੀਆਂ ਸੌਂਪ ਦਿੱਤੀਆਂ ਗਈਆਂ ਹਨ। ਇਸ ਕੈਂਪ ਵਿੱਚ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।
ਜਿ਼ਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮਿਸ ਰਾਜਕਿਰਨ ਕੌਰ ਨੇ ਦੱਸਿਆ ਕਿ ਦਿਵਿਆਂਗਜਨ ਇਸ ਕੈਂਪ ਵਿੱਚ ਆਪਣਾ ਆਧਾਰ ਕਾਰਡ, ਦੋ ਪਾਸਪੋਰਟ ਸਾਈਜ਼ ਫੋਟੋਆਂ, ਅਤੇ ਪੁਰਾਣਾ ਦਿਵਿਆਂਗਤਾ ਸਰਟੀਫਿਕੇਟ ਜਰੂਰ ਨਾਲ ਲੈ ਕੇ ਆਉਣ ਤਾਂ ਕਿ ਉਨ੍ਹਾਂ ਦਾ ਮੌਕੇ ਤੇ ਹੀ ਯੂ.ਡੀ.ਆਈ.ਡੀ. ਕਾਰਡ ਅਪਲਾਈ ਕਰਵਾਇਆ ਜਾ ਸਕੇ।
ਇੱਥੇ ਇਹ ਵੀ ਜਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਨੇ ਇੱਕ ਦਿਨ ਪਹਿਲਾਂ ਹੀ ਯੂ.ਡੀ.ਆਈ.ਡੀ. ਪ੍ਰੋਜੈਕਟ ਨਾਲ ਸਬੰਧਤ ਵਿਭਾਗਾਂ ਨਾਲ ਰੀਵਿਊ ਮੀਟਿੰੰਗ ਬੁਲਾਈ ਸੀ ਜਿਸ ਵਿੱਚ ਉਨ੍ਹਾਂ ਦੱਸਿਆ ਸੀ ਕਿ ਜਿ਼ਲ੍ਹਾ ਦੇ ਹਰ ਇੱਕ ਦਿਵਿਆਂਗਜਨ ਨੂੰ ਯੂ.ਡੀ.ਆਈ.ਡੀ. ਕਾਰਡ ਮੁਹੱਈਆ ਕਰਵਾਉਣ ਲਈ ਢੁਕਵੇਂ ਕੈਂਪ ਲਗਾਏ ਜਾਣੇ ਬਹੁਤ ਜਰੂਰੀ ਹਨ।
