


ਦਫ਼ਤਰ ਜਿਲਾ ਲੋਕ ਸੰਪਰਕ ਅਫ਼ਸਰ ਮੋਗਾ
ਪੋਲੀਓ ਰੋਕੂ ਮੁਹਿੰਮ ਦੇ ਪਹਿਲੇ ਦਿਨ ਮੋਗਾ ਦੇ 43,735 ਬੱਚਿਆਂ ਨੂੰ ਪਿਲਾਈਆਂ ਪੋਲੀਓ ਰੋਕੂ ਬੂੰਦਾਂ
28 ਫਰਵਰੀ `ਤੇ 1 ਮਾਰਚ ਨੂੰ ਘਰ-ਘਰ ਪਿਲਾਈਆਂ ਜਾਣਗੀਆਂ ਪੋਲੀਓ ਬੂੰਦਾਂ
ਕੋਈ ਵੀ ਬੱਚਾ ਪੋਲੀਓ ਬੂੰਦਾਂ ਵਾਂਝਾ ਨਹੀਂ ਰਹੇਗਾ-ਡਾ. ਹਿਤਿੰਦਰ ਕਲੇਰ
ਮੋਗਾ 27 ਫਰਵਰੀ(ਕੁਲਵਿੰਦਰ ਸਿੰਘ)ਸਿਵਲ ਸਰਜਨ ਮੋਗਾ ਡਾ. ਹਿਤਿੰਦਰ ਕਲੇਰ ਨੇ ਦੱਸਿਆ ਕਿ 27 ਫਰਵਰੀ ਤੋਂ 1 ਮਾਰਚ 2022 ਤੱਕ ਚਲਾਏ ਜਾ ਰਹੇ ਨੈਸ਼ਨਲ ਪਲਸ ਪੋਲੀਓ ਮੁਹਿੰਮ ਦੇ ਪਹਿਲੇ ਦਿਨ ਸਿਹਤ ਵਿਭਾਗ ਮੋਗਾ ਦੀਆਂ ਟੀਮਾਂ ਨੇ ਜਿ਼ਲ੍ਹਾ ਦੇ 513 ਬੂਥਾਂ `ਤੇ 43 ਹਜ਼ਾਰ 735 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ।
ਉਨ੍ਹਾਂ ਦੱਸਿਆ ਕਿ ਹੁਣ 28 ਫਰਵਰੀ ਤੇ 1 ਮਾਰਚ ਨੂੰ ਸਿਹਤ ਵਿਭਾਗ ਦੀਆਂ 876 ਟੀਮਾਂ ਵੱਲੋ ਘਰ-ਘਰ ਜਾ ਕੇ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ, ਤਾਂ ਜੋ 0 ਤੋਂ 5 ਸਾਲ ਦੀ ਉਮਰ ਦਾ ਕੋਈ ਵੀ ਬੱਚਾ ਪੋਲੀਓ ਬੂੰਦਾਂ ਤੋਂ ਵਾਂਝਾ ਨਾ ਰਹੇ।
ਉਨ੍ਹਾਂ ਕਿਹਾ ਕਿ ਇਸ ਪੋਲੀਓ ਖਾਤਮਾ ਮੁਹਿੰਮ ਦੌਰਾਨ ਜ਼ਿਲੇ ਅੰਦਰ ਵੱਖ-ਵੱਖ ਬਲਾਕਾਂ ਅਤੇ ਸ਼ਹਿਰੀ ਖੇਤਰ ਵਿੱਚ ਟੀਮਾਂ ਨੂੰ ਲਾਮਬੰਦ ਕੀਤਾ ਗਿਆ ਹੈ, ਤਾਂ ਜੋ ਹਰ ਬੱਚੇ ਤੱਕ ਪੋਲੀਓ ਰਹਿਤ ਬੂੰਦਾਂ ਪਹੁੰਚ ਸਕਣ। ਉਨਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਜਨਤਕ ਥਾਵਾਂ ‘ਤੇ 21 ਟਰਾਂਜ਼ਿਟ ਟੀਮਾਂ ਵੱਲੋਂ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ ਲੋੜੀਦੀਆਂ ਮੋਬਾਇਲ ਟੀਮਾਂ ਵੀ ਲਗਾਈਆਂ ਗਈਆਂ ਹਨ। ਉਨਾਂ ਦੱਸਿਆ ਕਿ ਇਸ ਮਕਸਦ ਲਈ 266 ਸੁਪਰਵਾਈਜ਼ਰ ਵੀ ਆਪਣੀ ਜਿੰਮੇਵਾਰੀ ਕੜੀ ਮਿਹਨਤ ਨਾਲ ਨਿਭਾਅ ਰਹੇ ਹਨ।
ਇਸ ਬਾਰੇ ਡਾਕਟਰ ਅਸ਼ੋਕ ਸਿੰਗਲਾ ਜਿ਼ਲ੍ਹਾ ਟੀਕਾਕਰਨ ਅਫ਼ਸਰ ਨੇ ਦਸਿਆ ਕਿ ਸਿਹਤ ਵਿਭਾਗ ਮੋਗਾ ਵਲੋ ਤਿੰਨ ਰੋਜ਼ਾ ਪਲਸ ਪੋਲੀਓ ਮੁਹਿੰਮ ਤਹਿਤ 0 ਤੋਂ 5 ਸਾਲ ਤੱਕ ਦੀ ਉਮਰ ਦੇ ਸਾਰੇ ਬੱਚਿਆਂ ਨੂੰ ਪੋਲੀਓ ਪਹਿਲੇ ਦਿਨ ਬੂਥਾ ਅਤੇ ਦੂਜੇ ਅਤੇ ਤੀਜੇ ਦਿਨ ਘਰ ਘਰ ਜਾ ਕੇ ਬੂੰਦਾ ਪਿਲਾ ਕੇ ਟੀਚਾ ਹਾਸਿਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਰਵਾਸੀ ਮਜਦੂਰਾਂ ਦੇ ਬੱਚਿਆਂ ਨੂੰ ਕਵਰ ਕਰਨ ਲਈ ਮੋਬਾਇਲ ਟੀਮਾਂ ਦਾ ਵੀ ਗਠਨ ਕੀਤਾ ਗਿਆ ਹੈ ਜੋ ਕਿ ਫੈਕਟਰੀਆਂ,ਭੱਠਿਆਂ,ਉਸਾਰੀ ਅਧੀਨ ਇਮਾਰਤਾਂ ਤੇ ਝੁੱਗੀ ਝੌਂਪੜੀਆਂ ਵਿੱਚ ਰਹਿੰਦੇ ਬੱਚਿਆਂ ਨੂੰ ਕਵਰ ਕਰਨਗੀਆਂ।
ਸਿਵਲ ਸਰਜਨ ਨੇ ਦੱਸਿਆ ਕਿ ਜਿ਼ਲ੍ਹਾ ਮੋਗਾ ਦੇ ਕੁੱਲ 1 ਲੱਖ 7 ਹਜ਼ਾਰ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਦਾ ਟੀਚਾ ਮਿਥਿਆ ਗਿਆ ਹੈ ਜਿਸਨੂੰ ਹਰ ਹੀਲੇ ਪੂਰਾ ਕੀਤਾ ਜਾਵੇਗਾ ਅਤੇ ਕੋਈ ਵੀ ਬੱਚਾ ਪੋਲੀਓ ਬੂੰਦਾਂ ਤੋਂ ਵਾਂਝਾ ਨਹੀਂ ਰੱਖਿਆ ਜਾਵੇਗਾ।
ਉੱਧਰ ਚੇਅਰਮੈਨ ਜਿ਼ਲ੍ਹਾ ਪ੍ਰੀਸ਼ਦ ਮੋਗਾ ਸ੍ਰ. ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਨੇ ਤਲਵੰਡੀ ਭੰਗੇਰੀਆਂ ਹੈਲਥ ਸੈਂਟਰ ਵਿੱਚ ਖੁਦ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾ ਕੇ ਪੋਲੀਓ ਰੋਕੂ ਮੁਹਿੰਮ ਦੀ ਸ਼ੁਰੂਆਤ ਕੀਤੀ।