– ਬੱਚਿਆਂ ਤੇ ਔਰਤਾਂ ਨੂੰ ਸੁਚੇਤ ਰਹਿਣ ਦੀ ਵੀ ਕੀਤੀ ਅਪੀਲ
ਲੁਧਿਆਣਾ, 28 ਜੂਨ (ਭਗਵਾਨ ਭੰਗੂ, ਲਿਕੇਸ਼ ਸ਼ਰਮਾਂ ) – ਅੱਜ ਦੇ ਆਧੁਨਿਕ ਯੁੱਗ ਵਿਚ ਅਪਰਾਧੀਆਂ ਦੁਆਰਾ ਮੋਬਾਇਲ ‘ਤੇ ਆਧੁਨਿਕ ਢੰਗ ਨਾਲ ਠੱਗੀ ਮਾਰਨ ਨੂੰ ਸਾਈਬਰ ਕ੍ਰਾਈਮ ਕਿਹਾ ਜਾਂਦਾ ਹੈ। ਸਾਈਬਰ ਕ੍ਰਾਈਮ ਵਿਚ ਦੋਸ਼ੀਆਂ ਦੁਆਰਾ ਇੰਟਰਨੈਟ ਅਤੇ ਮੋਬਾਇਲ ਫੋਨ ਦੀ ਮੱਦਦ ਨਾਲ ਭੋਲੇ ਭਾਲੇ ਬੱਚਿਆਂ ਅਤੇ ਔਰਤਾਂ ਨੂੰ ਮੂਰਖ ਬਣਾਕੇ ਉਨ੍ਹਾਂ ਦੇ ਡੈਬਿਟ/ਕ੍ਰੈਡਿਟ ਕਾਰਡ ਦਾ ਪਿੰਨ/ਸੀ.ਵੀ.ਵੀ. ਨੰਬਰ ਜਾਂ ਓ.ਟੀ.ਪੀ. ਪ੍ਰਾਪਤ ਕਰਕੇ ਪੈਸੇ ਦੀ ਠੱਗੀ ਕੀਤੀ ਜਾਂਦੀ ਹੈ। ਇਨ੍ਹਾਂ ਸਾਈਬਰ ਅਪਰਾਧਾਂ ਦੀ ਗਿਣਤੀ ਵਿਚ ਦਿਨ ਪ੍ਰਤੀ ਦਿਨ ਵਾਧਾ ਹੋ ਰਿਹਾ ਹੈ। ਜੇਕਰ ਠੱਗੀ ਦਾ ਸਮੇਂ ਸਿਰ ਪਤਾ ਲੱਗ ਜਾਵੇ ਤਾਂ ਧੋਖਾਧੜੀ ਦੇ ਸ਼ਿਕਾਰ ਹੋਏ ਵਿਅਕਤੀ ਦੇ ਪੈਸੇ ਉਸਨੂੰ ਵਾਪਸ ਦਿਵਾਉਣ ਵਿੱਚ ਪੁਲਿਸ ਨੂੰ ਕਾਫ਼ੀ ਮੱਦਦ ਮਿਲਦੀ ਹੈ।
ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਲੁਧਿਆਣਾ ਸ੍ਰੀਮਤੀ ਜਸਲੀਨ ਕੌਰ ਭੁੱਲਰ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸਾਈਬਰ ਅਪਰਾਧਾਂ ਦੇ ਸਬੰਧੀ ਆਮ ਜਨਤਾ ਨੂੰ ਵੱਧ ਤੋਂ ਵੱਧ ਸੁਚੇਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ ਤਾਂ ਕਿ ਸਾਈਬਰ ਅਪਰਾਧਾਂ ਨੂੰ ਘਟਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸ਼ਨ ਵੱਲੋ ਸੋਸ਼ਲ਼ ਮੀਡੀਆ ਅਤੇ ਵੱਖ-ਵੱਖ ਥਾਵਾਂ ‘ਤੇ ਸੈਮੀਨਾਰ ਲਗਾ ਕੇ ਨੈਸ਼ਨਲ ਸਾਈਬਰ ਕਰਾਈਮ ਹੈਲਪਲਾਈਨ ਨੰਬਰ 1930 ਬਾਰੇ ਜਾਗਰੂਕਤਾ ਫੈਲਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਹੈਲਪਲਾਈਨ ਨੰਬਰ 24 ਘੰਟੇ ਚਲਦਾ ਹੈ ਅਤੇ ਧੋਖੇ ਦਾ ਸ਼ਿਕਾਰ ਵਿਅਕਤੀ ਕਿਸੇ ਵੀ ਸਮੇਂ ਇਸ ‘ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਵੱਖ-ਵੱਖ ਜਾਗਰੂਕਤਾ ਪ੍ਰੋਗਰਾਮਾਂ ਵਿੱਚ ‘ਗੋਲਡਨ ਆਰਜ’ ਪ੍ਰਤੀ ਵੀ ਲੋਕਾਂ ਵਿੱਚ ਜਾਗਰੂਕਤਾ ਫੈਲਾਈ ਜਾ ਰਹੀ ਹੈ ਜਿਹੜੀ ਕਿ ਬੇਹੱਦ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਧੋਖਾਧੜੀ ਹੋੋਣ ਦੇ ਬਾਅਦ 24 ਘੰਟੇ ਦਾ ਸਮਾਂ ਗੋਲਡਨ ਆਰਜ ਵਿੱਚ ਗਿਣਿਆ ਜਾਂਦਾ ਹੈ ਕਿਉਂਕਿ ਜੇਕਰ ਧੋਖਾਧੜੀ ਦਾ ਸ਼ਿਕਾਰ ਵਿਅਕਤੀ ਇਨ੍ਹਾਂ ਘੰਟਿਆਂ ਵਿੱਚ ਆਪਣੀ ਸ਼ਿਕਾਇਤ ਦਰਜ ਕਰਵਾ ਦਿੰਦਾ ਹੈ ਤਾਂ ਅਪਰਾਧੀਆਂ ਦਾ ਪਤਾ ਜਲਦ ਲਗਾਇਆ ਜਾ ਸਕਦਾ ਹੈ।
ਸ੍ਰੀਮਤੀ ਭੁੱਲਰ ਵੱਲੋਂ ਬੱਚਿਆਂ ਅਤੇ ਖ਼ਾਸ ਕਰਕੇ ਔਰਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਾਈਬਰ ਅਪਰਾਧ ਸਬੰਧੀ ਹੁੰਦੀਆਂ ਠੱਗੀਆਂ ਤੋਂ ਸੁਚੇਤ ਰਹਿਣ ਪਰ ਫਿਰ ਵੀ ਜੇਕਰ ਕਿਸੇ ਵੀ ਵਿਅਕਤੀ ਨਾਲ ਸਾਈਬਰ ਸਬੰਧੀ ਠੱਗੀ ਵੱਜਦੀ ਹੈ ਤਾਂ ਉਹ ਸਮਾਂ ਵਿਅਰਥ ਕੀਤੇੇ ਬਿਨ੍ਹਾਂ 24 ਘੰਟੇ ਦੇ ਅੰਦਰ-ਅੰਦਰ ਇਸ ਸਬੰਧੀ ਆਪਣੀ ਸ਼ਿਕਾਇਤ ਨੈਸ਼ਨਲ ਸਾਈਬਰ ਕਰਾਈਮ ਹੈਲਪਲਾਈਨ ਨੰਬਰ 1930 ‘ਤੇ ਤੁਰੰਤ ਦਰਜ਼ ਕਰਵਾਏ ਤਾਂ ਜੋ ਉਨ੍ਹਾਂ ਦੀ ਸ਼ਿਕਾਇਤ ਦਾ ਜਲਦ ਨਿਪਟਾਰਾ ਕੀਤਾ ਜਾ ਸਕੇ।