ਪਿੰਡ ’ਚ ਨਹੀਂ ਵਿਕੇਗਾ ਨਸ਼ਾ, ਨਸ਼ਾ ਲੈਣ ਆਏ ਨਸ਼ੇੜੀਆਂ ਫੜ ਕੇ ਕਰਨਗੇ ਪੁਲਿਸ ਹਵਾਲੇ
ਜਗਰਾਓਂ, 1 ਮਾਰਚ (ਰਾਜੇਸ਼ ਜੈਨ, ਭਘਵਾਨ ਭੰਗੂ )—ਪੰਜਾਬ ’ਚ ਨਸ਼ਿਆਂ ਦੇ ਵੱਡੇ ਪੱਧਰ ਕਾਰਨ ਪੰਜਾਬ ਦੀਆਂ ਹਜ਼ਾਰਾਂ ਮਾਵਾਂ ਦੀ ਗੋਦ ਸੁੰਨੀ ਹੋ ਚੁੱਕੀ ਹੈ। ਨੌਜਵਾਨਾਂ ਨੂੰ ਨਸ਼ੇ ਦੀ ਦਲ-ਦਲ ਵਿਚ ਧਕੇਲਣ ਦਾ ਇਹ ਸਿਲਸਿਲਾ ਬੀਤੇ ਇਕ ਦਹਾਕੇ ਤੋਂ ਧੜ੍ਹਲੇ ਨਾਲ ਚੱਲ ਰਿਹਾ ਹੈ। ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਨਾਂ ’ਤੇ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਹੁਣ ਤੱਕ ਰੱਜ ਕੇ ਸਿਆਸਤ ਕੀਤੀ ਗਈ,ਪਰ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਗਏ ਅਤੇ ਨਾ ਹੀ ਕਿਸੇ ਵੱਡੇ ਨਸ਼ਾ ਤਸਕਰ ਨੂੰ ਫੜ ਕੇ ਜੇਲ੍ਹ ਭੇਜਿਆ ਗਿਆ। ਸਰਕਾਰ ਦੀ ਇਸ ਬੇ ਰੁਖੀ ਕਾਰਨ ਹੁਣ ਪੰਜਾਬ ਦੇ ਪਿੰਡਾਂ ਦੇ ਲੋਕ ਖੁਦ ਨਸ਼ਾ ਵਿਰੋਧੀ ਲਹਿਰ ਸ਼ੁਰੂ ਕਰ ਰਹੇ ਹਨ ਅਤੇ ਨਸ਼ਾ ਤਸਕਰਾਂ ਅਤੇ ਨਸ਼ੇੜੀਆਂ ਖਿਲਾਫ ਪਿੰਡਾਂ ਵਿੱਚ ਮੁਹਿੰਮ ਸ਼ੁਰੂ ਕੀਤੀ ਗਈ ਹੈ। ਹਾਲ ਹੀ ਵਿੱਚ ਪਿੰਡ ਦੇ ਅਖਾੜੇ ਵਿੱਚ ਪੰਚਾਇਤ ਅਤੇ ਨੌਜਵਾਨਾਂ ਵੱਲੋਂ ਇੱਕ ਵੱਡੀ ਪਹਿਲਕਦਮੀ ਕਰਦਿਆਂ ਅਜਿਹਾ ਪ੍ਰਸਤਾਵ ਪਾਸ ਕਰਕੇ ਪਿੰਡ ਵਿੱਚ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਲੋਕਾਂ ਨੂੰ ਘਰ-ਘਰ ਜਾ ਕੇ ਚੇਤਾਵਨੀ ਦਿੱਤੀ ਗਈ। ਜਿਸ ਤੋਂ ਬਾਅਦ ਹੁਣ ਹਲਕਾ ਰਾਏਕੋਟ ਅਧੀਨ ਪੈਂਦੇ ਪਿੰਡ ਬੁਰਜ ਹਰੀ ਸਿੰਘ ਵਿਚ ਵੀ ਪੰਚਾਇਤ ਅਤੇ ਨੌਜਵਾਨਾਂ ਵਲੋਂ ਅਹਿਮ ਫੈਸਲਾ ਲੈਂਦਿਆਂ ਇੱਕ ਮਤਾ ਪਾਸ ਕਰਕੇ ਪਿੰਡ ਵਿੱਚ ਨਸ਼ਾ ਤਸਕਰਾਂ ਵਿਰੁੱਧ ਮੁਹਿੰਮ ਵਿੱਢਣ ਦਾ ਐਲਾਨ ਕੀਤਾ ਗਿਆ ਅਤੇ ਪਿੰਡ ਵਿੱਚ ਨਸ਼ਾ ਲੈਣ ਲਈ ਆਉਣ ਵਾਲੇ ਲੋਕਾਂ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰਨ ਦਾ ਐਲਾਨ ਕੀਤਾ ਗਿਆ। ਜਿਸ ਤਹਿਤ 28 ਫਰਵਰੀ ਨੂੰ ਪਿੰਡ ਬੁਰਜ ਹਰੀ ਸਿੰਘ ਤੋਂ ਚਿੱਟਾ ਨਸ਼ਾ ਲੈਣ ਆਏ ਤਿੰਨ ਵਿਅਕਤੀਆਂ ਨੂੰ ਪਿੰਡ ਵਾਸੀਆਂ ਨੇ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਜਾਣਕਾਰੀ ਅਨੁਸਾਰ ਰਾਏਕੋਟ ਨੇੜਲੇ ਪਿੰਡ ਬੁਰਜ ਹਰੀ ਸਿੰਘ ਵਿੱਚ ਪਿੰਡ ਵਾਸੀਆਂ ਵੱਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਦੌਰਾਨ ਪਿੰਡ ਵਾਸੀਆਂ ਨੇ ਪਿੰਡ ਚਿੱਟਾ ਨਸ਼ਾ ਲੈਣ ਆਏ ਤਿੰਨ ਨੌਜਵਾਨਾਂ ਨੂੰ ਕਾਬੂ ਕਰਕੇ ਪੁਲੀਸ ਹਵਾਲੇ ਕਰ ਕੀਤਾ ਗਿਆ ਹੈ। ਇਸ ਮੌਕੇ ਸਾਬਕਾ ਸਰਪੰਚ ਅਵਤਾਰ ਸਿੰਘ ਗਿੱਲ, ਗੁਰਚਰਨ ਸਿੰਘ, ਗੁਰਜੀਤ ਸਿੰਘ, ਗੁਰਪ੍ਰੀਤ ਸਿੰਘ, ਕੁਲਦੀਪ ਸਿੰਘ, ਇੰਦਰਜੀਤ ਸਿੰਘ ਗਿੱਲ, ਮੱਖਣ ਸਿੰਘ, ਰੇਸ਼ਮ ਸਿੰਘ, ਜੱਗਾ ਸਿੰਘ ਗਿੱਲ ਨੇ ਕਿਹਾ ਕਿ ਪਿੰਡ ਵਿੱਚ ਲੰਮੇ ਸਮੇਂ ਤੋਂ ਚਿੱਟਾ ਨਸ਼ੇ ਦਾ ਧੰਦਾ ਚੱਲ ਰਿਹਾ ਹੈ। ਜਿਸ ਦੇ ਚੱਲਦਿਆਂ ਪਿੰਡ ਵਾਸੀਆਂ ਨੇ ਆਪਣੇ ਪੱਧਰ ’ਤੇ ਕਮੇਟੀਆਂ ਦਾ ਗਠਨ ਕਰਕੇ ਨਸ਼ਾ ਵੇਚਣ ਅਤੇ ਵੇਚਣ ਵਾਲਿਆਂ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਿਸ ਦੇ ਸਿੱਟੇ ਵਜੋਂ ਲਖਵਿੰਦਰ ਸਿੰਘ, ਅਮਨਦੀਪ ਸਿੰਘ ਅਤੇ ਜਗਦੀਪ ਸਿੰਘ ਵਾਸੀ ਸੇਮ ਵੇਹੜਾ ਡਰੇਨ ਸਾਈਡ ਹਲਵਾਰਾ ਨੂੰ ਕਾਬੂ ਕੀਤਾ ਗਿਆ। ਏ ਐਸ ਆਈ ਗੁਲਾਬ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਵਾਸੀਆਂ ਵੱਲੋਂ ਇਤਲਾਹ ਦਿੱਤੀ ਗਈ ਸੀ ਕਿ ਪਿੰਡ ਦੀ ਇੱਕ ਔਰਤ ਚਿੱਟੇ ਦੀ ਤਸਕਰੀ ਦਾ ਧੰਦਾ ਕਰਦੀ ਹੈ। ਉਸ ਪਾਸੋਂ ਨਸ਼ਾ ਲੈਣ ਆਏ 3 ਨੌਜਵਾਨਾਂ ਨੂੰ ਪਿੰਡ ਵਾਸੀਆਂ ਵਲੋਂ ਫੜਿਆ ਹੈ। ਮੌਕੇ ’ਤੇ ਪਹੁੰਚੀ ਪੁਲਸ ਪਾਰਟੀ ਨੇ ਉਨ੍ਹਾਂ ਨੂੰ ਹਿਰਾਸਤ ’ਚ ਲੈ ਕੇ ਉਕਤ ਤਿੰਨਾਂ ਲੜਕਿਆਂ ਅਤੇ ਪਿੰਡ ਦੀ ਔਰਤ ਖਿਲਾਫ ਐਨਡੀਪੀਐਸ ਐਕਟ ਦਾ ਮਾਮਲਾ ਦਰਜ ਕਰ ਲਿਆ ਹੈ।
