ਚੰਡੀਗੜ੍ਹ, 13 ਜੁਲਾਈ ( ਰਾਜੇਸ਼ ਜੈਨ, ਭਗਵਾਨ ਭੰਗੂ)– ਚੰਡੀਗੜ੍ਹ ‘ਚ ਬੁੱਧਵਾਰ ਨੂੰ ਇਕ ਵਾਰ ਫਿਰ ਇਕ ਦਰੱਖਤ ਡਿੱਗ ਗਿਆ। ਇਸ ਕਾਰਨ 2 ਲੋਕ ਜ਼ਖਮੀ ਹੋ ਗਏ। ਇਹ ਹਾਦਸਾ ਬੁੱਧਵਾਰ ਦੁਪਹਿਰ ਕਰੀਬ 2 ਵਜੇ ਸੈਕਟਰ 22/23 ਦੇ ਲਾਈਟ ਪੁਆਇੰਟ ਨੇੜੇ ਵਾਪਰਿਆ। ਇਸ ਹਾਦਸੇ ਵਿੱਚ ਇੱਕ ਰਿਕਸ਼ਾ ਚਾਲਕ ਅਤੇ ਚੰਡੀਗੜ੍ਹ ਨਗਰ ਨਿਗਮ ਦਾ ਮੁਲਾਜ਼ਮ ਇਸ ਦੀ ਲਪੇਟ ‘ਚ ਆ ਗਿਆ।ਰਿਕਸ਼ਾ ਚਾਲਕ ਨਿਰੰਜਨ ਨੇ ਦੱਸਿਆ ਕਿ ਉਹ ਇਸ ਸੜਕ ਤੋਂ ਲੰਘ ਰਿਹਾ ਸੀ ਕਿ ਅਚਾਨਕ ਸੈਕਟਰ 22 ’ਤੇ ਸੜਕ ਦੇ ਕਿਨਾਰੇ ਇੱਕ ਦਰੱਖਤ ਦੀ ਮੋਟੀ ਟਾਹਣੀ ਹੇਠਾਂ ਡਿੱਗ ਗਈ। ਹਾਦਸੇ ‘ਚ ਉਹ ਬਾਲ-ਬਾਲ ਬਚ ਗਿਆ। ਉਸ ਦੇ ਸਿਰ ‘ਤੇ ਕੱਪੜਾ ਬੰਨ੍ਹਿਆ ਹੋਇਆ ਸੀ। ਦਰੱਖਤ ਦੇ ਡਿੱਗਣ ਨਾਲ ਉਸ ਦੇ ਹੱਥ ‘ਤੇ ਸੱਟ ਲੱਗ ਗਈ।ਦੂਜੇ ਪਾਸੇ ਇਸ ਸੜਕ ਤੋਂ ਸੈਕਟਰ 17 ਵੱਲ ਜਾ ਰਹੇ ਇੱਕ ਸਾਈਕਲ ਸਵਾਰ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ। ਉਸ ਦਾ ਸਾਈਕਲ ਟਹਿਣੀਆਂ ਹੇਠ ਦੱਬ ਗਿਆ। ਚੰਡੀਗੜ੍ਹ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ‘ਤੇ ਪਹੁੰਚ ਕੇ ਦਰੱਖਤ ਦੀਆਂ ਟਾਹਣੀਆਂ ਨੂੰ ਇਕ ਪਾਸੇ ਕਰ ਦਿੱਤਾ ਅਤੇ ਹੇਠਾਂ ਤੋਂ ਸਾਈਕਲ ਕੱਢਿਆ। ਪਤਾ ਲੱਗਾ ਹੈ ਕਿ ਸਾਈਕਲ ਸਵਾਰ ਨਗਰ ਨਿਗਮ ਵਿੱਚ ਨੌਕਰੀ ਕਰਦਾ ਹੈ ਅਤੇ ਦਫ਼ਤਰ ਜਾ ਰਿਹਾ ਸੀ।