ਨਵੀਂ ਦਿੱਲੀ , 14 ਜੁਲਾਈ ( ਬਿਊਰੋ)-ਸੰਯੁਕਤ ਕਿਸਾਨ ਮੋਰਚੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ 31 ਜੁਲਾਈ ਨੂੰ ਪੂਰਾ ਦੇਸ਼ ਵਿੱਚ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ 18 ਤੋਂ 30 ਜੁਲਾਈ ਤੱਕ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕਿਸਾਨ ਸੰਮੇਲਨ ਕਰਕੇ ਕਿਸਾਨਾਂ ਨੂੰ ਲਾਮਬੰਦ ਕਰਨਗੇ। ਇਹ ਚੱਕਾ ਜਾਮ 11 ਵਜੇ ਤੋਂ ਲੈ ਕੇ 3 ਵਜੇ ਤੱਕ ਕੀਤਾ ਜਾਵੇਗਾ। ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ ਨੂੰ ਲੈ ਕੇ 7 ਅਗਸਤ ਤੋਂ 14 ਅਗਸਤ ਤੱਕ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ‘ਜੈ ਜਵਾਨ ਜੈ ਕਿਸਾਨ’ ਨਾਅਰੇ ਹੇਠ ਸੰਮੇਲਨ ਹੋਣਗੇ। 18, 19 ਅਤੇ 20 ਅਗਸਤ ਨੂੰ ਲਖੀਮਪੁਰ ਖੀਰੀ ਵਿੱਚ ਦੇਸ਼ ਭਰ ਤੋਂ ਕਿਸਾਨ ਇਕੱਠੇ ਹੋ ਕੇ ਧਰਨਾ ਦੇਣਗੇ।ਦੱਸ ਦੇਈਏ ਕਿ ਪੰਜਾਬ ਵਿੱਚ ਕਿਸਾਨ ਮੁੜ ਤੋਂ ਕਾਰਪੋਰੇਟ ਘਰਾਣਿਆਂ ਦੇ ਪ੍ਰੋਜੈਕਟਾਂ ਅੱਗੇ ਦਿਨ-ਰਾਤ ਦੇ ਧਰਨੇ ਲਗਾਉਣ ਜਾ ਰਹੇ ਹਨ।ਦੇਸ਼ ਭਰ ਵਿੱਚ ਚੱਕਾ ਜਾਮ ਅਤੇ ਲਖੀਮਪੁਰ ਖੀਰੀ ਵਿੱਚ ਧਰਨੇ ਲਗਾਉਣ ਵਰਗੇ ਫੈਸਲੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਲਏ ਗਏ ਹਨ। ਕਿਸਾਨਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੀ ਅਗਵਾਈ ਵਿੱਚ 21 ਤੋਂ 25 ਜੁਲਾਈ ਮਾਲਵੇ ਖੇਤਰ ਵਿੱਚ ਸਥਾਪਤ ਕਾਰਪੋਰੇਟ ਘਰਾਣਿਆਂ ਦੇ ਪ੍ਰੋਜੈਕਟਾਂ ਅੱਗੇ ਇਹ ਧਰਨੇ ਲਗਾਏ ਜਾਣਗੇ। ਇਸ ਦੇ ਨਾਲ ਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਦੋਆਬਾ ਖਿੱਤੇ ਵਿੱਚ 6 ਥਾਵਾਂ ਉੱਪਰ ਇਹ ਪ੍ਰਦਰਸ਼ਨ ਹੋਣਗੇ।ਲਖੀਮਪੁਰ ਖੀਰੀ ਕਾਂਡ ਨੂੰ ਲੈ ਕੇ 18, 19, 20 ਅਗਸਤ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਉੱਤਰ ਪ੍ਰਦੇਸ਼ ਦੇ ਸਾਰੇ ਜ਼ਿਲ੍ਹਿਆਂ ਦੇ ਕਿਸਾਨ 75 ਘੰਟੇ ਚੱਲਣ ਵਾਲੀ ਕਾਨਫਰੰਸ ਵਿੱਚ ਆਉਣਗੇ, ਜਿਸ ਵਿੱਚ ਮੁੱਖ ਮੰਗ ਇਹ ਹੈ ਕਿ ਅਜੈ ਟੈਣੀ ਨੂੰ ਕੇਂਦਰ ਸਰਕਾਰ ਦੇ ਅਹੁਦੇ ਤੋਂ ਹਟਾਇਆ ਜਾਵੇ ਅਤੇ ਉਸ ਦੀ ਗ੍ਰਿਫਤਾਰੀ ਕੀਤੀ ਜਾਵੇ। ਇਹ ਪ੍ਰੋਗਰਾਮ 15 ਅਗਸਤ ਨੂੰ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਮੁੱਖ ਮੰਗ ਅਜੈ ਦੀ ਗ੍ਰਿਫਤਾਰੀ ਅਤੇ ਸਰਕਾਰ ਤੋਂ ਬਰਖਾਸਤਗੀ, ਸਭ ਇਸ ਮੀਟਿੰਗ ਵਿੱਚ ਯੂਨਾਈਟਿਡ ਕਿਸਾਨ ਮੋਰਚਾ ਵੱਲੋਂ ਇਹ ਮੰਗਾਂ ਪਾਸ ਕੀਤੀਆਂ ਗਈਆਂ ਹਨ।ਧਰਨੇ ਮੁੜ ਸ਼ੁਰੂ ਕਰਨ ਸਬੰਧੀ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ 3 ਜੁਲਾਈ ਨੂੰ ਗਾਜੀਆਬਾਦ ਵਿੱਚ ਕੌਮੀ ਬੈਠਕ ਕੀਤੀ ਸੀ। ਇਸ ਬੈਠਕ ਵਿੱਚ ਰਾਕੇਸ਼ ਟਿਕੈਤ, ਜੋਗਿੰਦਰ ਸਿੰਘ ਉਗਰਾਹਾਂ, ਡਾ. ਦਰਸ਼ਨਪਾਲ ਤੇ ਯੋਗੇਂਦਰ ਯਾਦਵ ਸਣੇ ਕਈ ਕਿਸਾਨ ਆਗੂਆਂ ਨੇ ਇਸ ਬੈਠਕ ਵਿੱਚ ਹਿੱਸਾ ਲਿਆ ਸੀ।