ਲੁਧਿਆਣਾ , 16 ਜੁਲਾਈ ( ਰਾਜੇਸ਼ ਜੈਨ, ਭਗਵਾਨ ਭੰਗੂ)-: ਇਕ ਸਾਲ ਪੁਰਾਣੇ ਜਬਰ ਜਨਾਹ ਮਾਮਲੇ ’ਚ ਨਾਮਜ਼ਦ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਆਵਾਜ਼ ਦਾ ਨਮੂਨਾ ਦੇਣ ਲਈ ਤਿਆਰ ਨਹੀਂ ਹਨ। ਉਨ੍ਹਾਂ ਨੂੰ ਦੋ ਦਿਨ ਦਾ ਪੁਲਿਸ ਰਿਮਾਂਡ ਖ਼ਤਮ ਹੋਣ ’ਤੇ ਸ਼ਨਿਚਰਵਾਰ ਨੂੰ ਮੁਡ਼ ਅਦਾਲਤ ’ਚ ਪੇਸ਼ ਕੀਤਾ ਗਿਆ। ਜਾਂਚ ਅਧਿਕਾਰੀਆਂ ਨੇ ਇਸ ਸਬੰਧੀ ਅਦਾਲਤ ਨੂੰ ਦੱਸਿਆ ਤੇ ਜਾਂਚ ਅੱਗੇ ਵਧਾਉਣ ਲਈ ਮੁਡ਼ ਤੋਂ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ। ਜਦੋਂਕਿ ਬੈਂਸ ਦੇ ਚਾਰ ਸਾਥੀਆਂ ਨੂੰ ਚਾਰ ਦਿਨਾਂ ਜੂਡੀਸ਼ੀਅਲ ਰਿਮਾਂਡ ‘ਤੇ ਭੇਜਿਆ ਹੈ।ਦੱਸਣਯੋਗ ਹੈ ਕਿ ਪੀਡ਼ਤ ਮਹਿਲਾ ਨੇ ਆਪਣੀ ਸ਼ਿਕਾਇਤ ਤੇ ਬਿਆਨਾਂ ’ਚ ਦੋਸ਼ ਲਾਇਆ ਸੀ ਕਿ ਉਸ ਦੀ ਸਾਬਕਾ ਵਿਧਾਇਕ ਨਾਲ ਫੋਨ ’ਤੇ ਚੈਟ ਹੁੰਦੀ ਸੀ ਤੇ ਗੱਲ ਵੀ ਹੁੰਦੀ ਸੀ। ਜਿਸ ਨੂੰ ਅਦਾਲਤ ’ਚ ਸਾਬਿਤ ਕਰਨ ਲਈ ਉਸ ਦਾ ਆਵਾਜ਼ ਦਾ ਨਮੂਨਾ ਲੈਣਾ ਜ਼ਰੂਰੀ ਹੈ। ਪੁਲਿਸ ਨੇ ਇਸੇ ਲਈ ਹੀ ਉਸ ਨੂੰ ਦੋ ਦਿਨ ਦੇ ਰਿਮਾਂਡ ’ਤੇ ਲਿਆ ਸੀ। ਪਰ ਵਿਭਾਗੀ ਸੂਤਰਾਂ ਮੁਤਾਬਕ ਸਾਬਕਾ ਵਿਧਾਇਕ ਨੇ ਇਸਦੇ ਲਈ ਪੁਲਿਸ ਨੂੰ ਸਹਿਮਤੀ ਨਹੀਂ ਦਿੱਤੀ ਹੈ, ਜੋ ਉਸ ਦਾ ਸੰਵਿਧਾਨਕ ਹੱਕ ਵੀ ਹੈ। ਹੁਣ ਪੁਲਿਸ ਅਦਾਲਤ ’ਚ ਇਸ ਸਬੰਧੀ ਜਾਣਕਾਰੀ ਦੇਵੇਗੀ। ਜੇਕਰ ਸਾਬਕਾ ਵਿਧਾਇਕ ਤੇ ਹੋਰ ਇਸਦੇ ਲਈ ਮੰਨ ਜਾਂਦੇ ਹਨ ਤਾਂ ਇਸਦੇ ਲਈ ਜੱਜ ਤੋਂ ਇਜਾਜ਼ਤ ਲੈਣ ਦੀ ਲੋਡ਼ ਪਵੇਗੀ ਤੇ ਫਿਰ ਐੱਫਐੱਸਐੱਲ ਮੁਹਾਲੀ ਤੋਂ ਇਸਦੇ ਲਈ ਸਮਾਂ ਲਿਆ ਜਾਵੇਗਾ।ਪੁਲਿਸ ਨੂੰ ਇਸ ਕੰਮ ’ਚ ਅੱਠ ਤੋਂ 10 ਦਿਨ ਲੱਗ ਸਕਦੇ ਹਨ। ਉਦੋਂ ਤਕ ਪੁਲਿਸ ਵੱਲੋਂ ਕਈ ਤਰ੍ਹਾਂ ਦੇ ਤਕਨੀਕੀ ਸਬੂਤ ਇਕੱਠੇ ਕੀਤੇ ਜਾਣੇ ਹਨ ਤੇ ਇਸਦੇ ਲਈ ਸਾਬਕਾ ਵਿਧਾਇਕ ਤੇ ਉਸਦੇ ਭਰਾ ਤੋਂ ਵੀ ਪੁੱਛਗਿੱਛ ਕੀਤੀ ਜਾਣੀ ਹੈ।