ਚੰਡੀਗੜ੍ਹ, 24 ਜੁਲਾਈ: ( ਲਿਕੇਸ਼ ਸ਼ਰਮਾਂ, ਰਿਤੇਸ਼ ਭੱਟ) –
ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ “ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ’’ ਤਹਿਤ 25 ਤੋਂ 31 ਜੁਲਾਈ, 2022 ਤੱਕ ਮਨਾਏ ਜਾ ਰਹੇ “ਉੱਜਵਲ ਭਾਰਤ ਉੱਜਵਲ ਭਵਿੱਖ-ਪਾਵਰ @2047’’ ਪ੍ਰੋਗਰਾਮ ਦਾ ਸਮਾਪਤੀ ਸਮਾਰੋਹ (ਗ੍ਰੈਂਡ ਫ਼ਿਨਾਲੇ) ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਮਹਾਨ ਦੇਸ਼ਭਗਤ ਸ਼ਹੀਦ ਊਧਮ ਸਿੰਘ ਜੀ ਨੂੰ ਸਮਰਪਿਤ ਕੀਤਾ ਜਾਵੇ।
ਕੇਂਦਰੀ ਬਿਜਲੀ ਅਤੇ ਨਵੀਂ ਤੇ ਨਵਿਆਉਣਯੋਗ ਊਰਜਾ ਮੰਤਰੀ ਸ੍ਰੀ ਆਰ.ਕੇ. ਸਿੰਘ ਨੂੰ ਲਿਖੇ ਪੱਤਰ ਵਿੱਚ ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਨੇ ਕਿਹਾ ਕਿ ਇਹ ਪ੍ਰੋਗਰਾਮ ਉਸ ਮਹਾਨ ਕ੍ਰਾਂਤੀਕਾਰੀ ਅਤੇ ਧਰਤੀ ਦੇ ਸਪੂਤ ਨੂੰ ਸਮਰਪਿਤ ਕਰਨਾ ਸੱਚੀ ਸ਼ਰਧਾਂਜਲੀ ਹੋਵੇਗੀ। ਪੱਤਰ ਵਿੱਚ ਲਿਖਿਆ ਹੈ ਕਿ ਭਾਰਤ “ਉੱਜਵਲ ਭਾਰਤ, ਉੱਜਵਲ ਭਵਿੱਖ-ਪਾਵਰ @2047’’ ਪ੍ਰੋਗਰਾਮ ਮਨਾ ਰਿਹਾ ਹੈ ਜਿਸ ਤਹਿਤ ਦੇਸ਼ ਦੇ ਸਮੂਹ ਜ਼ਿਲ੍ਹਿਆਂ ਵਿੱਚ ਮਨਾਏ ਜਾਣ ਵਾਲੇ ਜਸ਼ਨਾਂ ਰਾਹੀਂ ਬਿਜਲੀ ਅਤੇ ਨਵਿਆਉਣਯੋਗ ਊਰਜਾ ਦੇ ਖੇਤਰ ’ਚ ਲਿਆਂਦੇ ਗਏ ਬਦਲਾਅ ਬਾਰੇ ਸੂਬਾ ਅਤੇ ਕੇਂਦਰ ਸਰਕਾਰਾਂ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕੀਤਾ ਜਾਵੇਗਾ।
ਕੈਬਨਿਟ ਮੰਤਰੀ ਨੇ 21 ਜੁਲਾਈ ਦੀ ਮੀਟਿੰਗ ਦਾ ਹਵਾਲਾ ਦਿੰਦਿਆਂ ਕਿਹਾ, “ਮੈਂ ਤੁਹਾਨੂੰ ਪਹਿਲਾਂ ਵੀ ਇਨ੍ਹਾਂ ਜਸ਼ਨਾਂ ਦੇ ਸਮਾਪਤੀ ਸਮਾਰੋਹ ਮਹਾਨ ਸ਼ਹੀਦ ਅਤੇ ਆਜ਼ਾਦੀ ਘੁਲਾਟੀਏ ਸ਼ਹੀਦ ਊਧਮ ਸਿੰਘ ਜੀ ਦੀ ਯਾਦ ਵਿੱਚ ਮਨਾਉਣ ਦੀ ਬੇਨਤੀ ਕੀਤੀ ਸੀ।” ਉਨ੍ਹਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਵਸ ਹਰ ਵਰ੍ਹੇ 31 ਜੁਲਾਈ ਨੂੰ ਮਨਾਇਆ ਜਾਂਦਾ ਹੈ। ਉਨ੍ਹਾਂ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਕਿ ਜੇਕਰ ਇਨ੍ਹਾਂ ਪ੍ਰੋਗਰਾਮਾਂ ਦਾ ਸਮਾਪਤੀ ਸਮਾਰੋਹ ਸ਼ਹੀਦ ਊਧਮ ਸਿੰਘ ਜੀ ਨੂੰ ਸਮਰਪਿਤ ਕੀਤਾ ਜਾਂਦਾ ਹੈ ਤਾਂ ਇਹ ਭਾਰਤ ਦੀ ਅਜ਼ਾਦੀ ਲਈ ਆਪਣੀ ਜਾਨ ਨਿਛਾਵਰ ਕਰਨ ਵਾਲੇ ਮਹਾਨ ਸ਼ਹੀਦ ਦੇ ਮਹਾਨ ਯੋਗਦਾਨ ਅਤੇ ਕੁਰਬਾਨੀ ਨੂੰ ਢੁਕਵੀਂ ਸ਼ਰਧਾਂਜਲੀ ਹੋਵੇਗੀ।
————-