“ਵਾਤਾਵਰਣ ਸਬੰਧੀ ਸੁਚੇਤ ਨਾ ਹੋਏ ਤਾਂ ਆਉਣ ਵਾਲੇ ਸਮੇਂ ਦੇ ਨਤੀਜੇ ਕਾਫ਼ੀ ਮਾੜੇ ਹੋਣਗੇ : ਅਵਨੀਤ ਕੌਰ ਸਿੱਧੂ”
ਮਾਲੇਰਕੋਟਲਾ, 25 ਜੁਲਾਈ ( ਰਾਜਨ ਜੈਨ, ਜੱਸੀ ਢਿੱਲੋਂ )- ਹਰ ਦਿਨ ਵੱਧ ਰਹੀਆਂ ਕੁਦਰਤੀ ਆਫ਼ਤਾਂ ਤੇ ਵਾਤਾਵਰਨ ਹਾਲਾਤ ਸਾਨੂੰ ਸਿੱਧੇ ਤੌਰ ਸੰਕੇਤ ਦੇ ਰਹੇ ਹਨ ਕਿ ਅਸੀਂ ਕੁਦਰਤ ਤੋਂ ਦੂਰ ਹੁੰਦੇ ਜਾ ਰਹੇ ਹਾਂ।ਅਜੋਕੇ ਸਮੇਂ ਵਿੱਚ ਰੁੱਖਾਂ-ਬਿਰਖਾਂ ਨਾਲੋਂ ਨਾਤਾ ਤੋੜ ਅਸੀਂ ਇਮਾਰਤੀ ਅਤੇ ਬਨਾਵਟੀ ਮਾਹੌਲ ਨੂੰ ਤਰਜੀਹ ਦੇਣ ਲੱਗੇ ਹਾਂ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਪੁਲਿਸ ਮੁਖੀ ਅਵਨੀਤ ਕੌਰ ਸਿੱਧੂ ਨੇ ਮੁੱਖ ਮੰਤਰੀ ਦੇ ਵਾਤਾਵਰਣ ਸਬੰਧੀ ਫ਼ਲੈਗਸ਼ਿਪ ਪ੍ਰੋਗਰਾਮ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਹਰਿਆਵਲ ਲਹਿਰ ਤਹਿਤ ਪੁਲਿਸ ਲਾਇਨ ,ਧੂਰੀ ਰੋਡ ਮਾਲੇਰਕੋਟਲਾ ਵਿਖੇ ਬੂਟੇ ਲਗਾ ਕੇ ਜ਼ਿਲ੍ਹਾ ਪੁਲਿਸ ਵਲੋਂ 1000 ਬੂਟੇ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕਰਨ ਸਮੇਂ ਕੀਤੇ ।ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਵਲੋਂ 500 ਪੌਦੇ ਮਾਲੇਰਕੋਟਲਾ ਵਿਖੇ ਅਤੇ 500 ਪੌਦੇ ਜ਼ਿਲ੍ਹੇ ਦੇ ਵੱਖ ਵੱਖ ਥਾਣਿਆਂ ਅਤੇ ਚੌਕੀਆਂ ਵਿੱਚ ਲਗਾਏ ਜਾਣਗੇ।ਇਸ ਮੌਕੇ ਐਸ.ਪੀ.(ਡੀ) ਜਗਦੀਸ਼ ਬਿਸ਼ਨੋਈ,ਡੀ.ਐਸ.ਪੀ.(ਐਚ)ਰਾਮ ਜੀ, ਡੀ.ਐਸ.ਪੀ.ਮਾਲੇਰਕੋਟਲਾ ਕੁਲਦੀਪ ਸਿੰਘ ਡੀ.ਐਸ.ਪੀ.ਰਣਜੀਤ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।ਜ਼ਿਲ੍ਹਾ ਪੁਲਿਸ ਮੁਖੀ ਅਵਨੀਤ ਕੌਰ ਸਿੱਧੂ ਨੇ ਕਿਹਾ ਕਿ ਸਾਡੀ ਧਰਤੀ ਸਾਡੇ ਲਈ ਅਨਮੋਲ ਹੈ ਅਤੇ ਇਸ ਉਪਰ ਅਸੀਂ ਜਿੱਥੇ ਮਨੁੱਖਾਂ ਦਾ ਰਹਿਣ-ਸਹਿਣ ਹੈ ,ਉੱਥੇ ਪਸੂ -ਪੰਛੀਆਂ,ਜੀਵ ਜੰਤੂ ਆਦਿ ਵੀ ਵਾਸ ਕਰਦੇ ਹਨ।ਇਸ ਲਈ ਸਾਡਾ ਸਭ ਦਾ ਸਾਂਝਾ ਫ਼ਰਜ਼ ਹੈ ਕਿ ਅਸੀਂ ਆਪਣੀ ਇੱਕੋ-ਇੱਕ ਰਹਿਣਯੋਗ ਧਰਤੀ ਦੀ ਸੰਭਾਲ ਕਰਨ ਲਈ ਵੱਧ ਤੋਂ ਵੱਧ ਰੁੱਖ ਲਗਾ ਕੇ ਆਪਣਾ ਯੋਗਦਾਨ ਪਾਈਏ । ਉਨ੍ਹਾਂ ਹੋਰ ਕਿਹਾ ਕਿ ਸਾਨੂੰ ਕੇਵਲ ਰੁੱਖ ਲਗਾਉਣ ਤੱਕ ਹੀ ਸੀਮਤ ਨਾ ਰਹਿੰਦੇ ਹੋਏ ਉਨ੍ਹਾਂ ਦਾ ਪਾਲਣ ਪੋਸਣ ਵੀ ਕਰਨਾ ਚਾਹੀਦਾ ਹੈ। ਉਨ੍ਹਾਂ ਹੋਰ ਕਿਹਾ ਸਾਡੇ ਗੁਰੂਆਂ-ਪੀਰਾਂ ਨੇ ਤਾਂ ਸਦੀਆਂ ਪਹਿਲਾਂ ਸਾਨੂੰ ਰੁੱਖਾਂ ਦੀ ਮਨੁੱਖਾਂ ਅਤੇ ਜੀਵ-ਜੰਤੂਆਂ ਵਿਚਲੀ ਸਾਂਝ ਬਾਰੇ ਸੇਧ ਦਿੱਤੀ ਸੀ।ਜੇਕਰ ਅਸੀਂ ਹੁਣ ਵੀ ਵਾਤਾਵਰਣ ਸਬੰਧੀ ਸੁਚੇਤ ਨਾ ਹੋਏ ਤਾਂ ਆਉਣ ਵਾਲੇ ਸਮੇਂ ਦੇ ਨਤੀਜੇ ਕਾਫ਼ੀ ਮਾੜੇ ਹੋਣਗੇ।ਜ਼ਿਲ੍ਹਾ ਪੁਲਿਸ ਮੁਖੀ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਪ੍ਰੇਰਿਤ ਕਰਦਿਆ ਕਿਹਾ ਕਿ ਰੁੱਖ ਲਗਾਉਣ ਦੇ ਇਸ ਮਿਸ਼ਨ ‘ਚ ਸਮਾਜ ਦੇ ਹਰੇਕ ਵਰਗ ਦਾ ਯੋਗਦਾਨ ਜ਼ਰੂਰੀ ਹੈ ਤਾਂ ਜੋ ਅਸੀਂ ਆਪਣੀਆਂ ਆਉਣ ਵਾਲੀਆਂ ਪੀੜੀਆਂ ਨੂੰ ਸਾਫ਼ ਸੁਥਰਾ ਵਾਤਾਵਰਣ ਮੁਹੱਈਆ ਕਰਵਾ ਸਕੀਏ।