
ਜਗਰਾਉਂ-26 ਜੁਲਾਈ ( ਹਰਵਿੰਦਰ ਸਿੰਘ ਸੱਗੂ)-ਕਿਊਆਰਐਸ ਟੀਮ ਵਿੱਚ ਤਾਇਨਾਤ 50 ਸਾਲਾ ਏਐਸਆਈ ਕੁਲਜੀਤ ਸਿੰਘ ਦੀ ਗੋਲੀ ਲੱਗਣ ਨਾਲ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ। ਦੇਰ ਸ਼ਾਮ ਵਾਪਰੀ ਇਸ ਘਟਨਾ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਕੁਲਜੀਤ ਸਿੰਘ ਕਵਿੱਕ ਰਿਸਪਾਂਸ ਟੀਮ ਵਿੱਚ ਤਾਇਨਾਤ ਸੀ। ਜਿਸ ਦੀ ਡਿਊਟੀ ਰਾਤ ਸਮੇਂ ਹਥਿਆਰਬੰਦ ਗੱਡੀ ‘ਤੇ ਸੀ। ਦੇਰ ਸ਼ਾਮ ਉਹ ਆਪਣੇ ਕੁਆਰਟਰ ‘ਚ ਮੌਜੂਦ ਸੀ ਕਿ ਅਚਾਨਕ ਉਸ ਦੇ ਹਥਿਆਰਾਂ ਨਾਲ ਗੋਲੀ ਚੱਲ ਗਈ ਅਤੇ ਉਹ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਉਸ ਦੀ ਮੌਤ ਹੋ ਗਈ। ਏਐਸਆਈ ਕੁਲਜੀਤ ਸਿੰਘ ਥਾਣਾ ਸਿੱਧਵਾਂਬੇਟ ਅਧੀਨ ਪੈਂਦੇ ਪਿੰਡ ਜਨੇਤਪੁਰਾ ਦਾ ਰਹਿਣ ਵਾਲਾ ਸੀ। ਜਿਕਰਯੋਗ ਹੈ ਕਿ ਪਿਛਲੇ ਸਮੇਂ ਜਗਰਾਓਂ ਦੀ ਅਨਾਜ ਮੰਡੀ ਵਿੱਚ ਗੈਂਗਸਟਰ ਜੈਪਾਲ ਭੁੱਲਰ ਅਤੇ ਉਸਦੇ ਸਾਥੀਆਂ ਵੱਲੋਂ ਦੋ ਪੁਲਿਸ ਮੁਲਾਜ਼ਮਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਪੁਲਿਸ ਵੱਲੋਂ ਅਜਿਹੇ ਮਾਮਲਿਆਂ ਨਾਲ ਤੁਰੰਤ ਨਜਿੱਠਣ ਲਈ ਇੱਕ ਕਵਿੱਕ ਰਿਸਪਾਂਸ ਟੀਮ ਤਿਆਰ ਕੀਤੀ ਗਈ। ਜਿਸ ਕੋਲ ਹਥਿਆਰਾਂ ਨਾਲ ਲੈਸ ਇੱਕ ਬਖਤਰਬੰਦ ਗੱਡੀ ਹਰ ਸਮੇਂ ਤਿਆਰ ਸੀ ਅਤੇ ਉਹ ਟੀਮ ਦਿਨ-ਰਾਤ ਡਿਊਟੀ ‘ਤੇ ਸੀ। ਇਸੇ ਟੀਮ ਵਿੱਚ ਈਐਸਆਈ ਕੁਲਜੀਤ ਸਿੰਘ ਤਾਇਨਾਤ ਸਨ।
ਇਸ ਸਬੰਧੀ ਡੀਐਸਪੀ ਸਤਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੁਲਜੀਤ ਸਿੰਘ ਦੀ ਡਿਊਟੀ ਰਾਤ 8 ਵਜੇ ਤੋਂ ਸ਼ੁਰੂ ਹੋਣੀ ਸੀ। ਕਵਿੱਕ ਰਿਸਪਾਂਸ ਟੀਮ ਵਿੱਚ ਤਾਇਨਾਤ ਸਾਰੇ ਅਧਿਕਾਰੀ ਡਿਊਟੀ ‘ਤੇ ਜਾਣ ਤੋਂ ਪਹਿਲਾਂ ਆਪਣੇ ਹਥਿਆਰ ਪੂਰੀ ਤਰ੍ਹਾਂ ਨਾਲ ਤਿਆਰ ਕਰਦੇ ਹਨ। ਸ਼ਾਮ 7.30 ਵਜੇ ਤੋਂ ਬਾਅਦ ਕੁਲਜੀਤ ਸਿੰਘ ਆਪਣੀ ਡਿਊਟੀ ‘ਤੇ ਜਾਣ ਲਈ ਤਿਆਰ ਹੋ ਕੇ ਆਪਣੇ ਹਥਿਆਰਾਂ ਦੀ ਜਾਂਚ ਕਰ ਰਿਹਾ ਸੀ। ਇਸ ਦੌਰਾਨ ਅਚਾਨਕ ਉਸ ਦੇ ਅਸਲੇ ਤੋਂ ਗੋਲੀ ਚੱਲ ਗਈ।