ਚੰਡੀਗੜ੍ਹ :, 1 ਅਗਸਤ ( ਲਿਕੇਸ਼ ਸ਼ਰਮਾਂ)-ਮਾਤਾ ਸ੍ਰੀ ਨੈਣਾ ਦੇਵੀ ਤੋਂ ਬਾਬਾ ਬਾਲਕ ਨਾਥ ਮੰਦਰ ਜਾਂਦੇ ਸਮੇਂ ਨਹਾਉਣ ਵੇਲੇ 7 ਨੌਜਵਾਨ ਡੁੱਬ ਜਾਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਸ੍ਰੀ ਨੈਣਾ ਦੇਵੀ ਤੋਂ ਬਾਬਾ ਬਾਲਕ ਨਾਥ ਜੀ ਦੇ ਮੰਦਰ ਵੱਲ ਜਾਂਦੇ ਸਮੇਂ ਬਨੂੜ ਨਾਲ ਸਬੰਧਤ 11 ਨੌਜਵਾਨ ਊਨਾ ਦੀ ਗੋਬਿੰਦ ਸਾਗਰ ਝੀਲ ਵਿੱਚ ਨਹਾਉਣ ਲਈ ਉਤਰੇ ਸਨ।ਇਸ ਦੌਰਾਨ 7 ਨੌਜਵਾਨ ਡੂੰਘੇ ਪਾਣੀ ਵਿੱਚ ਡੁੱਬ ਗਏ। ਇਸ ਦੌਰਾਨ ਬਾਕੀ ਨੌਜਵਾਨਾਂ ਨੇ ਰੌਲਾ ਪਾਇਆ ਤਾਂ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ। ਬੀਬੀਐਮਬੀ ਦੇ ਗੋਤਾਖੋਰਾਂ ਨੇ 4 ਲਾਸ਼ਾਂ ਬਰਾਮਦ ਕਰ ਲਈਆਂ ਹਨ। ਚਾਰੇ ਮ੍ਰਿਤਕ ਨੌਜਵਾਨ ਇਕੋ ਪਰਿਵਾਰ ਨਾਲ ਸਬੰਧਤ ਦੱਸੇ ਜਾ ਰਹੇ ਹਨ।ਗੋਤਾਖੋਰਾਂ ਵੱਲੋਂ ਬਚਾਅ ਕਾਰਜ ਜਾਰੀ ਹਨ। ਜਾਣਕਾਰੀ ਅਨੁਸਾਰ ਇਕ ਨੌਜਵਾਨ ਨਹਾਉਣ ਲਈ ਉਤਰਿਆ ਸੀ। ਜਦ ਉਹ ਨੌਜਵਾਨ ਡੁੱਬਣ ਲੱਗਾ ਤਾਂ ਉਸ ਨੂੰ ਬਚਾਉਣ ਲਈ ਬਾਕੀ ਨੌਜਵਾਨਾਂ ਨੇ ਵੀ ਝੀਲ ਵਿੱਚ ਛਾਲ ਮਾਰ ਦਿੱਤੀ।ਇਕ-ਇਕ ਕਰ ਕੇ ਸੱਤ ਨੌਜਵਾਨ ਡੁੱਬ ਗਏ। ਸੂਚਨਾ ਮਿਲਣ ਉਤੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਉਤੇ ਪੁੱਜ ਗਏ ਅਤੇ ਜੰਗੀ ਪੱਧੜ ਉਤੇ ਰਾਹਤ ਕਾਰਜ ਜਾਰੀ ਹਨ।