ਡਿਪਟੀ ਕਮਿਸ਼ਨਰ ਨੇ 25ਵੀਂ ਵਾਰ ਕੀਤਾ ਖੂਨਦਾਨ
ਕੋਟ ਈਸੇ ਖਾਂ, 20 ਸਤੰਬਰ (ਕੁਲਵਿੰਦਰ ਸਿੰਘ ਮੋਗਾ) – ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸੱਦੇ ਉੱਤੇ ਕੇ ਆਰ ਬੀ ਟਰੱਸਟ ਕੋਟ ਈਸੇ ਖਾਂ ਵੱਲੋਂ ਖੂਨਦਾਨ ਕੈਂਪ ਟਰੱਸਟ ਦੇ ਕਮਿਊਨਿਟੀ ਸੈਂਟਰ ਵਿਖੇ ਲਗਾਇਆ ਗਿਆ ਜਿਸ ਵਿਚ ਹਲਕਾ ਧਰਮਕੋਟ ਦੇ ਵਿਧਾਇਕ ਸ੍ਰ ਦਵਿੰਦਰਜੀਤ ਸਿੰਘ ਲਾਡੀ ਢੋਂਸ ਨੇ ਮੁੱਖ ਮਹਿਮਾਨ ਵਜੋਂ ਅਤੇ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕੈਂਪ ਦੀ ਖ਼ਾਸੀਅਤ ਇਹ ਰਹੀ ਕਿ ਇਸ ਕੈਂਪ ਵਿੱਚ ਮੋਗਾ ਦੇ ਡਿਪਟੀ ਕਮਿਸ਼ਨਰ ਨੇ ਜੀਵਨ ਵਿੱਚ 25ਵੀਂ ਵਾਰ ਖੂਨਦਾਨ ਕੀਤਾ। ਅਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਤਹਿਤ ਲਗਾਏ ਇਸ ਕੈਂਪ ਵਿੱਚ 63 ਯੂਨਿਟ ਖੂਨਦਾਨ ਕੀਤਾ ਗਿਆ।
ਕੈਂਪ ਦੌਰਾਨ ਜੁੜੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਸ੍ਰ ਦਵਿੰਦਰਜੀਤ ਸਿੰਘ ਨੇ ਕਿਹਾ ਕਿ ਜੇਕਰ ਬੰਦੇ ਨੇ ਮਨੁੱਖਤਾ ਦੀ ਸੇਵਾ ਕਰਨੀ ਹੋਵੇ ਤਾਂ ਖੂਨਦਾਨ ਸਭ ਤੋਂ ਵੱਡੀ ਸੇਵਾ ਮੰਨੀ ਗਈ ਹੈ। ਉਹਨਾਂ ਕਿਹਾ ਕਿ ਭਾਵੇਂਕਿ ਪੰਜਾਬ ਸਰਕਾਰ ਲੋਕਾਂ ਨੂੰ ਉੱਚ ਪੱਧਰ ਦੀਆਂ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ ਪਰ ਫੇਰ ਵੀ ਖੂਨ ਦੀ ਘਾਟ ਦਾਨੀ ਲੋਕਾਂ ਦੇ ਸਹਿਯੋਗ ਨਾਲ ਹੀ ਪੂਰੀ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਆਮ ਲੋਕਾਂ ਦੀ ਸਹੂਲਤ ਲਈ ਖੋਲ੍ਹੇ ਗਏ ਆਮ ਆਦਮੀ ਕਲੀਨਿਕ ਬਹੁਤ ਹੀ ਲਾਹੇਵੰਦ ਸਾਬਤ ਹੋ ਰਹੇ ਹਨ।
ਇਸ ਮੌਕੇ ਖੂਨਦਾਨ ਕਰਨ ਤੋਂ ਬਾਅਦ ਬਹੁਤ ਹੀ ਸੰਤੁਸ਼ਟ ਲੱਗ ਰਹੇ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਕਿਹਾ ਕਿ ਉਹਨਾਂ ਨੇ ਅੱਜ ਆਪਣੇ ਜੀਵਨ ਵਿੱਚ 25ਵੀਂ ਵਾਰ ਖੂਨ ਦਾਨ ਕੀਤਾ ਹੈ। ਉਹ ਜਦੋਂ ਵੀ ਲੋਕ ਹਿਤ ਵਿੱਚ ਲੋੜ੍ਹ ਮਹਿਸੂਸ ਕਰਦੇ ਹਨ ਤਾਂ ਖੂਨ ਦਾਨ ਕਰਨ ਤੋਂ ਪਿਛਾਂਹ ਨਹੀਂ ਹਟਦੇ। ਉਹਨਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਖੂਨ ਦਾਨ ਕਰਨ ਲਈ ਅੱਗੇ ਆਉਣ ਤਾਂ ਜੌ ਖੂਨ ਦੀ ਕਮੀ ਕਾਰਨ ਮਾਰਨ ਵਾਲੇ ਲੋੜਵੰਦਾਂ ਨੂੰ ਬਚਾਇਆ ਜਾ ਸਕੇ। ਉਹਨਾਂ ਕੇ ਆਰ ਬੀ ਟਰੱਸਟ ਕੋਟ ਈਸੇ ਖਾਂ ਵੱਲੋਂ ਖੂਨਦਾਨ ਕੈਂਪ ਲਗਾਉਣ ਦੀ ਸ਼ਲਾਘਾ ਕੀਤੀ। ਇਸ ਮੌਕੇ ਡੀ ਐੱਸ ਪੀ ਸ੍ਰ ਰਵਿੰਦਰ ਸਿੰਘ, ਟਰੱਸਟ ਦੇ ਚੇਅਰਮੈਨ ਸ਼੍ਰੀ ਵਿਜੇ ਧੀਰ, ਸ਼੍ਰੀ ਅੰਕਿਤ ਪੀ ਏ ਡਿਪਟੀ ਕਮਿਸ਼ਨਰ ਅਤੇ ਹੋਰ ਵੀ ਹਾਜ਼ਰ ਸਨ।