ਲੁਧਿਆਣਾ (ਰਾਜੇਸ਼ ਜੈਨ-ਲਿਕੇਸ ਸ਼ਰਮਾ)ਨਗਰ ਨਿਗਮ ਲੁਧਿਆਣਾ ਵਿੱਚ ਸਰਕਾਰੀ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਕਥਿਤ ਮੁਲਜ਼ਮ ਖ਼ਿਲਾਫ਼ ਥਾਣਾ ਟਿੱਬਾ ਪੁਲਿਸ ਨੇ ਧੋਖਾਦੇਹੀ ਦੇ ਦੋਸ਼ਾਂ ਤਹਿਤ ਪਰਚਾ ਦਰਜ ਕੀਤਾ ਹੈ।ਪੁਲਿਸ ਨੇ ਇਹ ਮਾਮਲਾ ਸਲੇਮ ਟਾਬਰੀ ਦੇ ਰਹਿਣ ਵਾਲੇ ਕਮਲ ਕਿਸ਼ੋਰ ਦੇ ਬਿਆਨ ਉਪੰਰਤ ਧਮੋਟੀਆ ਕਲੋਨੀ ਵਾਸੀ ਸੰਦੀਪ ਸ਼ਰਮਾ ਖ਼ਿਲਾਫ਼ ਦਰਜ ਕੀਤਾ ਹੈ।ਸ਼ਿਕਾਇਤਕਰਤਾ ਕਮਲ ਕਿਸ਼ੋਰ ਮੁਤਾਬਕ ਧਮੋਟੀਆਂ ਕਲੋਨੀ ਦੇ ਰਹਿਣ ਵਾਲੇ ਸੰਦੀਪ ਸ਼ਰਮਾ ਨੇ ਕਰੀਬ ਦੋ ਸਾਲ ਪਹਿਲਾਂ ਮੁਦਈ ਨੂੰ ਨਗਰ ਨਿਗਮ ਵਿੱਚ ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਢਾਈ ਲੱਖ ਰੁਪਏ ਹੜੱਪ ਲਏ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੇ ਆਪਣੇ ਆਪ ਨੂੰ ਕਾਂਗਰਸ ਤੋਂ ਮੈਂਬਰ ਪਾਰਲੀਮੈਂਟ ਦਾ ਪੀ ਏ ਦੱਸ ਕੇ ਪ੍ਰਭਾਵ ਵਿਚ ਲਿਆ ਅਤੇ ਸਰਕਾਰੀ ਨੌਕਰੀ ਦਿਵਾਉਣ ਬਦਲੇ ਠੱਗੀ ਦੀ ਵਾਰਦਾਤ ਅੰਜਾਮ ਦਿੱਤੀ। ਮੁੱਦਈ ਮੁਤਾਬਕ ਪੈਸਾ ਦੇਣ ਤੋਂ ਬਾਅਦ ਉਨ੍ਹਾਂ ਕਈ ਵਾਰ ਸੰਦੀਪ ਸ਼ਰਮਾ ਨਾਲ ਰਾਬਤਾ ਬਣਾਇਆ ਪਰ ਮੁਲਜ਼ਮ ਉਸਨੂੰ ਸਰਕਾਰੀ ਨੌਕਰੀ ਤੇ ਨਹੀਂ ਲਗਵਾਇਆ ਅਤੇ ਨਾ ਹੀ ਉਸ ਦੀ ਦਿੱਤੀ ਹੋਈ ਰਕਮ ਮੋੜੀ। ਕਈ ਵਾਰ ਪੈਸਾ ਵਾਪਸ ਕਰਨ ਦਾ ਭਰੋਸਾ ਦਿਵਾ ਕੇ ਵੀ ਮੁਲਜ਼ਮ ਲਾਅਰੇਬਾਜ਼ੀ ਕਰਦਾ ਰਿਹਾ ਤਾਂ ਉਨ੍ਹਾਂ ਦੋ ਸਾਲ ਪਹਿਲਾਂ ਉਕਤ ਮਾਮਲੇ ਸਬੰਧੀ ਪੁਲਿਸ ਦੇ ਆਲਾ ਅਧਿਕਾਰੀਆਂ ਕੋਲ ਸ਼ਿਕਾਇਤ ਦਿੱਤੀ। ਦੋ ਸਾਲ ਦੀ ਲੰਮੀ ਪੜਤਾਲ ਮਗਰੋਂ ਆਖਰ ਥਾਣਾ ਟਿੱਬਾ ਪੁਲਿਸ ਨੇ ਸੰਦੀਪ ਸ਼ਰਮਾ ਖਿਲਾਫ ਧੋਖਾਦੇਹੀ ਦੇ ਦੋਸ਼ ਵਿੱਚ ਪਰਚਾ ਦਰਜ ਕਰ ਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ