Home Political ਪੰਜਾਬ ਰਾਜ ਗੋਦਾਮ ਨਿਗਮ ਦੇ ਵਧੀਕ ਮੈਨੇਜਿੰਗ ਡਾਇਰੈਕਟਰ ਵੱਲੋਂ ਜ਼ਿਲ੍ਹਾ ਮੋਗਾ ਵਿੱਚ...

ਪੰਜਾਬ ਰਾਜ ਗੋਦਾਮ ਨਿਗਮ ਦੇ ਵਧੀਕ ਮੈਨੇਜਿੰਗ ਡਾਇਰੈਕਟਰ ਵੱਲੋਂ ਜ਼ਿਲ੍ਹਾ ਮੋਗਾ ਵਿੱਚ ਖਰੀਦ ਪ੍ਰਬੰਧਾਂ ਦਾ ਜਾਇਜ਼ਾ

67
0

ਪ੍ਰਬੰਧਾਂ ਉੱਤੇ ਤਸੱਲੀ ਪ੍ਰਗਟਾਈ, ਕਿਹਾ! ਕਿਸਾਨਾਂ ਨੂੰ ਮੰਡੀਆਂ ਵਿੱਚ ਕੋਈ ਪ੍ਰੇਸ਼ਾਨੀ ਪੇਸ਼ ਨਾ ਆਵੇ
– ਕਿਸਾਨ ਮੰਡੀਆਂ ਵਿੱਚ ਸੁੱਕੀ ਅਤੇ ਸਾਫ਼ ਫਸਲ ਲਿਆਉਣ – ਉਦੈਦੀਪ ਸਿੰਘ ਸਿੱਧੂ
ਮੋਗਾ, 6 ਅਕਤੂਬਰ (ਕੁਲਵਿੰਦਰ ਸਿੰਘ) – ਜ਼ਿਲ੍ਹਾ ਮੋਗਾ ਵਿੱਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੈ ਪਰ ਹਾਲੇ ਤੱਕ ਫਸਲ ਦੀ ਮੰਡੀਆਂ ਵਿੱਚ ਆਮਦ ਸ਼ੁਰੂ ਨਹੀਂ ਹੋਈ ਹੈ। ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਪੰਜਾਬ ਸਰਕਾਰ ਵੱਲੋਂ ਤਾਇਨਾਤ ਕੀਤੇ ਗਏ ਪੰਜਾਬ ਰਾਜ ਗੋਦਾਮ ਨਿਗਮ ਦੇ ਵਧੀਕ ਮੈਨੇਜਿੰਗ ਡਾਇਰੈਕਟਰ ਸ੍ਰ ਉਦੈਦੀਪ ਸਿੰਘ ਸਿੱਧੂ ਵੱਲੋਂ ਅੱਜ ਮੋਗਾ ਦੀ ਮੁੱਖ ਦਾਣਾ ਮੰਡੀ ਦੌਰਾ ਕੀਤਾ ਗਿਆ। ਉਹਨਾਂ ਖਰੀਦ ਪ੍ਰਬੰਧਾਂ ਉੱਤੇ ਤਸੱਲੀ ਪ੍ਰਗਟਾਈ ਅਤੇ ਖਰੀਦ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਕੋਈ ਪ੍ਰੇਸ਼ਾਨੀ ਪੇਸ਼ ਨਾ ਆਵੇ। ਉਹਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਮੰਡੀਆਂ ਵਿੱਚ ਸੁੱਕੀ ਅਤੇ ਸਾਫ਼ ਫਸਲ ਲਿਆਉਣ ਤਾਂ ਜੌ ਉਹਨਾਂ ਨੂੰ ਭਾਅ ਲੱਗਣ ਲਈ ਇੰਤਜ਼ਾਰ ਨਾ ਕਰਨਾ ਪਵੇ।
ਇਸ ਮੌਕੇ ਹਾਜ਼ਰ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਸ਼੍ਰੀਮਤੀ ਗੀਤਾ ਬਿਸ਼ੰਬੁ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਮੋਗਾ ਵਿੱਚ ਖਰੀਫ਼ ਸੀਜ਼ਨ 2022-23 ਦੌਰਾਨ ਝੋਨੇ ਦੀ ਕੁਲ 12,83,166 ਮੀਟਰਕ ਟਨ ਆਮਦ ਹੋਣ ਦੀ ਸੰਭਾਵਨਾ ਹੈ।
ਜ਼ਿਲ੍ਹਾ ਮੋਗਾ ਵਿੱਚ ਝੋਨੇ ਦੀ ਖਰੀਦ ਲਈ ਕੁੱਲ 108 ਖਰੀਦ ਕੇਂਦਰ ਘੋਸ਼ਿਤ ਕੀਤੇ ਗਏ ਹਨ। ਸਰਕਾਰ ਵਲੋਂ ਖਰੀਦ ਏਜੰਸੀਆਂ ਲਈ ਖਰੀਦ ਟੀਚੇ ਨਿਰਧਾਰਿਤ ਕੀਤੇ ਗਏ ਹਨ, ਜਿਸ ਤਹਿਤ ਪਨਗ੍ਰੇਨ 34 ਫੀਸਦੀ , ਪਨਸਪ 22 ਫੀਸਦੀ, ਮਾਰਕਫੈੱਡ 26 ਫੀਸਦੀ, ਵੇਅਰ ਹਾਊਸ 13 ਫੀਸਦੀ, ਐਫ. ਸੀ. ਆਈ. 5 ਫੀਸਦੀ ਖਰੀਦ ਕਰਨਗੀਆਂ।
ਉਹਨਾਂ ਦੱਸਿਆ ਕਿ ਖਰੀਦ ਏਜੰਸੀਆਂ ਨੂੰ ਸੀਜ਼ਨ ਦੌਰਾਨ ਕੁੱਲ 34389 ਗੱਠਾਂ ਦੀ ਲੋੜ ਹੈ ਅਤੇ ਖਰੀਦ ਏਜੰਸੀਆਂ ਪਾਸ ਕੁੱਲ 33249 ਗੱਠਾਂ ਉਪਲਬਧ ਹਨ | 50 ਫੀਸਦੀ ਬਾਰਦਾਨਾ (ਪੁਰਾਣਾ) ਮਿਲਰਜ਼ ਵਲੋਂ ਮੁਹਈਆ ਕਰਵਾਇਆ ਜਾਣਾ ਹੈ। ਜ਼ਿਲ੍ਹਾ ਮੋਗਾ ਵਿੱਚ ਕੁੱਲ 341 ਚੌਲ ਮਿੱਲਾਂ ਹਨ, ਜਿਸ ਵਿਚੋਂ ਲਗਭਗ ਸਾਰੀਆਂ ਮਿੱਲਾਂ ਅਲਾਟ ਕੀਤੀਆਂ ਜਾ ਚੁੱਕੀਆਂ ਹਨ।
ਪੰਜਾਬ ਰਾਜ ਵਿੱਚ ਖਰੀਫ਼ ਸੀਜ਼ਨ 2022-23 ਦੌਰਾਨ ਝੋਨੇ ਦਾ ਘੱਟੋ ਘੱਟ ਸਮਰਥਨ ਮੁੱਲ 2060 ਰੁਪਏ ਪ੍ਰਤੀ ਕੁਵਿੰਟਲ ਨਿਰਧਾਰਿਤ ਕੀਤਾ ਗਿਆ ਹੈ। ਸਰਕਾਰ ਵਲੋਂ ਝੋਨੇ ਵਿੱਚ ਨਮੀ ਦੀ ਵੱਧ ਤੋਂ ਵੱਧ ਮਾਤਰਾ 17 ਫੀਸਦੀ ਨਿਰਧਾਰਿਤ ਕੀਤੀ ਗਈ ਹੈ ।
ਜ਼ਿਲ੍ਹਾ ਮੋਗਾ ਵਿੱਚ ਲੇਬਰ ਅਤੇ ਢੋਆ ਦੁਆਈ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਮੰਡੀ ਬੋਰਡ ਵਲੋਂ ਮੰਡੀਆਂ ਵਿੱਚ ਫੜ੍ਹਾਂ ਦੀ ਸਫਾਈ, ਪੀਣ ਦੇ ਪਾਣੀ, ਬਿਜਲੀ, ਛਾਂ, ਨਮੀ ਮਾਪਣ ਵਾਲੇ ਯੰਤਰ ਆਦਿ ਦੇ ਮੁਕੰਮਲ ਪ੍ਰਬੰਧ ਕਰ ਲਏ ਗਏ ਹਨ। ਸਮੂਹ ਖਰੀਦ ਏਜੰਸੀਆਂ ਵੱਲੋਂ ਮੰਡੀਆਂ ਵਿੱਚ ਖਰੀਦ ਅਮਲੇ ਦੀ ਨਿਯੁਕਤੀ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਖਰੀਫ਼ ਸੀਜ਼ਨ 2022-23 ਦੌਰਾਨ ਹਰ ਆੜ੍ਹਤੀਏ ਵਲੋਂ ਸੁਨਿਸ਼ਚਿਤ ਕੀਤਾ ਜਾਵੇਗਾ ਕਿ ਕਿਸਾਨਾਂ ਦੇ ਭੋਂ ਵੇਰਵਿਆਂ ਨੂੰ ਪੰਜਾਬ ਮੰਡੀ ਬੋਰਡ ਦੇ e-mandikaran-in portal ਅਤੇ ਖ਼ੁਰਾਕ ਸਪਲਾਈਜ਼ ਵਿਭਾਗ ਦੇ anaajkharid.in portal ਉੱਤੇ ਦਰਜ ਅਤੇ ਤਸਦੀਕ ਕੀਤੇ ਜਾਣ ਅਤੇ ਕਿਸਾਨ ਵਲੋਂ ਲਿਆਂਦੀ ਗਈ ਫਸਲ ਦਰਜ ਕੀਤੀ ਭੂਮੀ ਦੇ ਅਨੁਪਾਤ ਵਿੱਚ ਹੀ ਹੋਵੇ ।
ਉਹਨਾਂ ਕਿਹਾ ਕਿ ਖਰੀਫ਼ ਸੀਜ਼ਨ 2022-23 ਦੌਰਾਨ ਆੜ੍ਹਤੀਆ ਵਲੋਂ ਬੋਰੀਆਂ ਉਤੇ ਛਾਪਾ ਨੀਲੇ ਰੰਗ ਦੀ ਸਿਆਹੀ ਵਿੱਚ ਲਗਾਇਆ ਜਾਵੇਗਾ ਅਤੇ ਸਿਲਾਈ ਲਾਲ ਰੰਗ ਦੇ ਧਾਗੇ ਨਾਲ ਕੀਤੀ ਜਾਵੇਗੀ । ਮੰਡੀਆਂ ਵਿਚੋਂ ਖਰੀਦ ਕੀਤੇ ਝੋਨੇ ਦੀ ਚੁਕਾਈ 72 ਘੰਟਿਆਂ ਦੇ ਅੰਦਰ ਅੰਦਰ ਕੀਤੀ ਜਾਵੇਗੀ ਅਤੇ ਲਿਫਟਿੰਗ ਸਮੇਂ ਅਨਾਜ ਖਰੀਦ ਪੋਰਟਲ ਤੇ ਆਨਲਾਈਨ ਵਿਧੀ ਰਾਹੀਂ ਗੇਟ ਪਾਸ ਜਾਰੀ ਕੀਤੇ ਜਾਣਗੇ।
ਇਸ ਤੋਂ ਪਹਿਲਾਂ ਪੰਜਾਬ ਰਾਜ ਗੋਦਾਮ ਨਿਗਮ ਦੇ ਵਧੀਕ ਮੈਨੇਜਿੰਗ ਡਾਇਰੈਕਟਰ ਸ੍ਰ ਉਦੈਦੀਪ ਸਿੰਘ ਸਿੱਧੂ ਵੱਲੋਂ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨਾਲ ਉਹਨਾਂ ਦੇ ਦਫ਼ਤਰ ਵਿਖੇ ਮੀਟਿੰਗ ਕੀਤੀ ਗਈ। ਜਿਸ ਵਿਚ ਸਮੂਹ ਖਰੀਦ ਏਜੰਸੀਆਂ ਦੇ ਜ਼ਿਲ੍ਹਾ ਅਧਿਕਾਰੀ ਅਤੇ ਹੋਰ ਹਾਜ਼ਰ ਸਨ।

LEAVE A REPLY

Please enter your comment!
Please enter your name here