ਐਸਪੀਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ ਅਧੀਨ ਕੀਤੇ ਜਾ ਰਹੇ ਕੰਮਾਂ ਨੂੰ ਦੇਖੇਗਾ
– ਡਿਪਟੀ ਕਮਿਸ਼ਨਰ ਵੱਲੋਂ ਚਾਲੂ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੀ ਹਦਾਇਤ
– ਇੰਡੀਕੇਟਰ ਇੰਪਰੂਵ ਕਰਨ ਲਈ ਸਬੰਧਤ ਵਿਭਾਗਾਂ ਤੋਂ ਸੁਝਾਅ ਮੰਗੇ
ਮੋਗਾ, 6 ਅਕਤੂਬਰ (ਕੁਲਵਿੰਦਰ ਸਿੰਘ)
ਭਾਰਤ ਸਰਕਾਰ ਦੇ ਅਦਾਰੇ ਨੀਤੀ ਆਯੋਗ ਵੱਲੋਂ ਐਸਪੀਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ ਅਧੀਨ ਜ਼ਿਲ੍ਹਾ ਮੋਗਾ ਵਿੱਚ ਵੱਖ ਵੱਖ ਵਿਕਾਸ ਕਾਰਜ ਚੱਲ ਰਹੇ ਹਨ, ਜਿਨ੍ਹਾਂ ਨੂੰ ਦੇਖਣ ਲਈ ਭਾਰਤ ਦੇ ਵੱਖ ਵੱਖ ਦੇਸ਼ਾਂ ਵਿੱਚ ਅੰਬੈਸਡਰਾਂ/ਹਾਈ ਕਮਿਸ਼ਨਰਾਂ ਦਾ ਵਫ਼ਦ ਜ਼ਿਲ੍ਹਾ ਮੋਗਾ ਦਾ ਦੌਰਾ ਕਰਨ ਲਈ ਆ ਰਿਹਾ ਹੈ। ਇਹ ਵਫ਼ਦ 17 ਜਾਂ 18 ਅਕਤੂਬਰ ਨੂੰ ਮੋਗਾ ਵਿਖੇ ਪਹੁੰਚੇਗਾ।
ਇਸ ਬਾਰੇ ਤਿਆਰੀਆਂ ਕਰਨ ਲਈ ਸੱਦੀ ਐਸ ਪੀ ਵੀ (ਸਪੈਸ਼ਲ ਪਰਪਜ਼ ਵਹੀਕਲ) ਕਮੇਟੀ ਦੀ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਦੱਸਿਆ ਕਿ ਸਾਲ 2018 ਤੋਂ ਸ਼ੁਰੂ ਹੋਏ ਐਸਪੀਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ ਅਧੀਨ ਜ਼ਿਲ੍ਹਾ ਮੋਗਾ ਲਈ ਹੁਣ ਤੱਕ 8,99,84,302 ਰੁਪਏ ਦੀ ਰਾਸ਼ੀ ਮਿਲੀ ਹੋਈ ਹੈ। ਇਹ ਰਾਸ਼ੀ ਸਿੱਖਿਆ, ਸਿਹਤ, ਖੇਤੀਬਾੜੀ ਅਤੇ ਪਸ਼ੂ ਪਾਲਣ ਖੇਤਰਾਂ ਵਿੱਚ ਸੁਧਾਰ ਕਰਨ ਲਈ ਖਰਚੀ ਜਾ ਰਹੀ ਹੈ। ਇਹਨਾਂ ਕਾਰਜਾਂ ਨੂੰ ਦੇਖਣ ਲਈ ਹੀ ਇਹ ਵਫ਼ਦ ਪਹੁੰਚ ਰਿਹਾ ਹੈ।
ਉਹਨਾਂ ਅਧਿਕਾਰੀਆਂ ਨੂੰ ਕਿਹਾ ਕਿ ਚੱਲ ਰਹੇ ਇਹਨਾਂ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੀ ਜ਼ਰੂਰਤ ਹੈ ਤਾਂ ਜੌ ਨੀਤੀ ਆਯੋਗ ਵੱਲੋਂ ਜਾਰੀ ਕੀਤੀ ਜਾਣ ਵਾਲੀ ਦਰਜਾਬੰਦੀ ਵਿੱਚ ਜ਼ਿਲ੍ਹਾ ਮੋਗਾ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਹੋ ਸਕੇ ਅਤੇ ਵਫਦ ਨੂੰ ਜ਼ਿਲ੍ਹਾ ਮੋਗਾ ਦਾ ਚੰਗਾ ਪ੍ਰਭਾਵ ਦਿੱਤਾ ਜਾ ਸਕੇ।
ਉਹਨਾਂ ਦੱਸਿਆ ਕਿ ਐਸਪੀਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ ਅਧੀਨ ਜੇਕਰ ਕਿਸੇ ਕਾਰਜ ਵਿੱਚ ਕੋਈ ਰੁਕਾਵਟ ਆਉਂਦੀ ਹੈ ਤਾਂ ਉਸ ਲਈ ਜ਼ਿਲ੍ਹਾ ਖਣਿਜ ਫੰਡ ਦੀ ਰਾਸ਼ੀ ਵੀ ਵਰਤੋਂ ਕੀਤੀ ਜਾ ਸਕਦੀ ਹੈ। ਉਹਨਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਪਿਛਲੇ ਸਮੇਂ ਦੌਰਾਨ ਨੀਤੀ ਆਯੋਗ ਨੂੰ 8 ਵੱਖ-ਵੱਖ ਵਿਕਾਸ ਕਾਰਜਾਂ ਲਈ 5 ਕਰੋੜ, 99 ਲੱਖ, 84 ਹਜ਼ਾਰ, 302 ਰੁਪਏ ਦੀ ਮੰਗ ਕੀਤੀ ਸੀ, ਜੋ ਕਿ ਨੀਤੀ ਆਯੋਗ ਵੱਲੋਂ ਪ੍ਰਵਾਨ ਕਰ ਲਈ ਗਈ ਸੀ। ਇਸ ਵਿੱਚੋਂ 3 ਕਰੋੜ 75 ਲੱਖ 73 ਹਜ਼ਾਰ 752 ਰੁਪਏ ਰਾਸ਼ੀ ਨਾਲ ਜ਼ਿਲ੍ਹਾ ਮੋਗਾ ਦੇ 31 ਪ੍ਰਾਇਮਰੀ ਸਕੂਲਾਂ ਵਿੱਚ ਸੋਲਰ ਸਿਸਟਮ ਅਤੇ 4 ਸ਼ਹਿਰੀ ਪ੍ਰਾਇਮਰੀ ਸਕੂਲਾਂ ਵਿੱਚ ਬੁਨਿਆਦੀ ਢਾਂਚਾ ਸਥਾਪਤ ਕੀਤਾ ਜਾ ਰਿਹਾ ਹੈ। ਪਸ਼ੂ ਪਾਲਣ ਵਿਭਾਗ ਦੀ ਲੋੜ ਮੁਤਾਬਿਕ ਵੈਟਰਨਰੀ ਪੋਲੀਕਲੀਨਿਕ ਲਈ 7 ਲੱਖ ਰੁਪਏ ਨਾਲ ਸੀਰਮ ਐਨਾਲਾਈਜ਼ਰ ਅਤੇ 15 ਲੱਖ ਰੁਪਏ ਨਾਲ ਵੈਕਸੀਨ ਦੀ ਟਰਾਂਸਪੋਰਟੇਸ਼ਨ ਲਈ ਰੈਫਰੀਜਰੇਟਰ ਯੁਕਤ ਵੈਨ ਦੀ ਖਰੀਦ ਕੀਤੀ ਜਾ ਰਹੀ ਹੈ।
ਇਸੇ ਤਰ੍ਹਾਂ ਸਿਹਤ ਵਿਭਾਗ ਵੱਲੋਂ 16 ਲੱਖ 46 ਹਜ਼ਾਰ ਰੁਪਏ ਨਾਲ ਏ ਸਕੈਨ, ਸਲਿਟ ਲੈਂਪ, ਨਾਨ ਕੋਂਟੈਕਟ ਟੈਨੋਮੀਟਰ, ਅੱਖ ਵਿਭਾਗ ਲਈ ਮੋਟਰਾਈਜ਼ਡ ਚੇਅਰ ਟੇਬਲ ਖਰੀਦੇ ਜਾ ਰਹੇ ਹਨ। ਡਾਇਗਨੋਸਟਿਕ ਸੈਂਟਰਾਂ ਦੀ ਕਾਇਆ ਕਲਪ ਕਰਨ ਲਈ 5 ਲੱਖ 4 ਹਜ਼ਾਰ 550 ਰੁਪਏ ਖਰਚਣ ਦਾ ਪ੍ਰਸਤਾਵ ਹੈ। ਜ਼ਿਲ੍ਹਾ ਹਸਪਤਾਲ ਦੇ ਦੰਦਾਂ ਦੇ ਵਿਭਾਗ ਲਈ ਪੂਰੀ ਤਰ੍ਹਾਂ ਸਵੈਚਾਲਤ ਡੈਂਟਲ ਚੇਅਰ ਯੂਨਿਟ ਖਰੀਦਣ ਉੱਤੇ 3 ਲੱਖ 60 ਹਜ਼ਾਰ ਰੁਪਏ ਖਰਚੇ ਜਾਣੇ ਹਨ। ਇਸ ਰਾਸ਼ੀ ਵਿੱਚੋਂ 1 ਕਰੋੜ 30 ਲੱਖ ਰੁਪਏ ਨਾਲ ਜ਼ਿਲ੍ਹਾ ਮੋਗਾ ਵਿੱਚ ਖੇਤੀਬਾੜੀ ਵਿਭਾਗ ਵੱਲੋਂ ਮਿੱਟੀ ਪਰਖ਼ ਪ੍ਰਯੋਗਸ਼ਾਲਾ ਅਤੇ ਪਲਾਂਟ ਕਲੀਨਿਕ ਦੀ ਸਥਾਪਨਾ ਵੀ ਕੀਤੀ ਜਾਵੇਗੀ।
ਸ੍ਰ ਕੁਲਵੰਤ ਸਿੰਘ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਵੀ ਨੀਤੀ ਆਯੋਗ ਵੱਲੋਂ ਜ਼ਿਲ੍ਹਾ ਮੋਗਾ ਨੂੰ 3 ਕਰੋੜ ਰੁਪਏ ਦੀ ਰਾਸ਼ੀ ਭੇਜੀ ਗਈ ਸੀ ਜਿਸ ਵਿੱਚੋਂ 2 ਕਰੋੜ 66 ਲੱਖ 5 ਹਜ਼ਾਰ 179 ਰੁਪਏ ਨਾਲ 20 ਬੇਲਰ ਸਮੇਤ ਰੇਕ ਖਰੀਦੇ ਗਏ ਸਨ। ਇਹ ਬੇਲਰ ਕਿਸਾਨਾਂ ਨੂੰ ਫਸਲ ਦੀ ਰਹਿੰਦ ਖੂਹੰਦ ਦੇ ਸੁਚੱਜੇ ਪ੍ਰਬੰਧਨ ਵਿੱਚ ਕਾਫ਼ੀ ਸਹਾਈ ਸਿੱਧ ਹੋ ਰਹੇ ਹਨ। ਇਸ ਰਾਸ਼ੀ ਵਿੱਚੋਂ ਬਕਾਇਆ ਪਈ 33 ਲੱਖ 94 ਹਜ਼ਾਰ 821 ਰੁਪਏ ਨੂੰ ਕਿਸ ਮਕਸਦ ਲਈ ਖਰਚਿਆ ਜਾਣਾ ਚਾਹੀਦਾ ਹੈ ਇਸ ਬਾਰੇ ਅਧਿਕਾਰੀਆਂ ਤੋਂ ਪ੍ਰਸਤਾਵਾਂ ਦੀ ਮੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਇੰਡੀਕੇਟਰ ਇੰਪਰੂਵ ਕਰਨ ਲਈ ਸਬੰਧਤ ਵਿਭਾਗਾਂ ਤੋਂ ਸੁਝਾਅ ਵੀ ਮੰਗੇ ਗਏ।
ਸ੍ਰ ਕੁਲਵੰਤ ਸਿੰਘ ਨੇ ਦੱਸਿਆ ਕਿ ਉਕਤ ਰਾਸ਼ੀ ਨੂੰ ਵਰਤਣ ਲਈ ਵਿਭਾਗੀ ਕਮੇਟੀਆਂ ਗਠਿਤ ਕੀਤੀਆਂ ਗਈਆਂ ਹਨ ਤਾਂ ਜੋ ਇਹਨਾਂ ਵਿਕਾਸ ਕਾਰਜਾਂ ਨੂੰ ਵਿੱਤੀ ਨਿਯਮਾਂ ਅਨੁਸਾਰ ਜਲਦ ਤੋਂ ਜਲਦ ਮੁਕੰਮਲ ਕਰਵਾਇਆ ਜਾ ਸਕੇ। ਮੀਟਿੰਗ ਵਿੱਚ ਸ੍ਰ ਰਾਮ ਸਿੰਘ ਐੱਸ ਡੀ ਐੱਮ ਅਤੇ ਸਬੰਧਤ ਮੈਂਬਰ ਹਾਜ਼ਰ ਸਨ।
