Home Religion ਪੰਜਾਬ ਦੇ ਸੱਭਿਆਚਾਰਕ ਵਿਕਾਸ ਲਈ ਧਾਰਮਿਕ ,ਸਾਹਿੱਤਕ , ਰਾਜਨੀਤਕ ਤੇ ਸੱਭਿਆਚਾਰਕ ਸੰਸਥਾਵਾਂ...

ਪੰਜਾਬ ਦੇ ਸੱਭਿਆਚਾਰਕ ਵਿਕਾਸ ਲਈ ਧਾਰਮਿਕ ,ਸਾਹਿੱਤਕ , ਰਾਜਨੀਤਕ ਤੇ ਸੱਭਿਆਚਾਰਕ ਸੰਸਥਾਵਾਂ ਨੂੰ ਸਿਰ ਜੋੜਨ ਦੀ ਲੋੜ- ਗੁਰਭਜਨ ਗਿੱਲ

60
0

ਲੁਧਿਆਣਾ 6 ਅਕਤੂਬਰ ( ਰਾਜਨ ਜੈਨ, ਰੋਹਿਤ ਗੋਇਲ) –

ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਬੀਤੀ ਸ਼ਾਮ ਗੁਰਦੁਆਰਾ ਦੇਗਸਰ ਕਟਾਣਾ ਸਾਹਿਬ (ਲੁਧਿਆਣਾ) ਵਿਖੇ ਵੱਖ ਵੱਖ ਵਰਗਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਪੰਜਾਬ ਇਸ ਵੇਲੇ ਸਿਰਫ਼ ਆਰਥਿਕ ਤੇ ਰਾਜਨੀਤਕ ਮਸਲਿਆਂ ਵਿੱਚ ਹੀ ਨਹੀਂ ਗਰੱਸਿਆ ਹੋਇਆ ਸਗੋਂ ਸੱਭਿਆਚਾਰਕ ਸੰਕਟ ਦੀ ਬੁਰੀ ਮਾਰ ਹੇਠ ਹੈ। ਇਸ ਵਿੱਚੋਂ ਨਿਕਲਣ ਲਈ ਸਾਨੂੰ ਧਾਰਮਿਕ, ਸਾਹਿੱਤਕ, ਰਾਜਨੀਤਕ ਤੇ ਸਭਿਆਚਾਰਕ ਸੰਸਥਾਵਾਂ ਨੂੰ ਸਿਰ ਜੋੜਨ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਸ਼ਬਦ ਗੁਰੂ ਦੇ ਪਰਸਾਰ ਪ੍ਰਕਾਸ਼ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਪੰਜਾਬੀ ਸਾਹਿੱਤ ਅਕਾਡਮੀ, ਪੰਜਾਬ ਆਰਟਸ ਕੌਂਸਿਲ ਤੇ ਕੇਂਦਰੀ ਪੰਜਾਬੀ ਲੇਖਕ ਸਭਾਵਾਂ ਨੂੰ ਨਿੱਠ ਕੇ ਸਾਂਝਾ ਸਮਾਂਬੱਧ ਏਜੰਡਾ ਤਿਆਰ ਕਰਨ ਤੇ ਉਸ ਵਿੱਚ ਸਰਗਰਮੀ ਵਿਖਾਉਣ ਦੀ ਜ਼ਰੂਰਤ ਹੈ।
ਇਸ ਇਕੱਤਰਤਾ ਵਿੱਚ ਕੇਂਦਰੀ ਪੰਜਾਬੀ  ਲੇਖਕ ਸਭਾ ਦੇ ਪ੍ਰਧਾਨ  ਦਰਸ਼ਨ ਬੁੱਟਰ, ਸਾਹਿੱਤ ਸਭਾ ਸਮਰਾਲਾ ਦੇ  ਪ੍ਰਤੀਨਿਧ ਕਹਾਣੀਕਾਰ ਸੁਖਜੀਤ ਮਾਛੀਵਾੜਾ, ਹੁਣ ਮੈਗਜ਼ੀਨ ਦੇ ਮੁੱਖ ਸੰਪਾਦਕ ਸੁਸ਼ੀਲ ਦੋਸਾਂਝ,ਲੇਖਕ ਮੰਚ ਸਮਰਾਲਾ ਦੇ ਪ੍ਰਤੀਨਿਧ ਦਲਜੀਤ ਸ਼ਾਹੀ ਐਡਵੋਕੇਟ, ਭਾਈ ਕਾਹਨ ਸਿੰਘ ਨਾਭਾ ਰਚਨਾ ਵਿਚਾਰ ਮੰਚ ਦੇ ਪ੍ਰਤੀਨਿਧ ਜੈਨਿੰਦਰ ਚੌਹਾਨ,ਪੱਤਰਕਾਰੀ  ਖੇਤਰ ਦੇ ਪ੍ਰਤੀਨਿਧ ਇੰਦਰਜੀਤ  ਦੇਵਗਨ, ਆਮ ਆਦਮੀ ਪਾਰਟੀ ਦੇ ਵਿਧਾਇਕ ਹਰਦੀਪ ਸਿੰਘ ਮੁੰਡੀਆਂ  ਤੇ  ਗੁਰਦੁਆਰਾ ਪ੍ਰਬੰਧਕ ਸਃ ਜੋਗਾ ਸਿੰਘ ਸ਼ਾਮਲ ਹੋਏ।
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਨੇ ਕਿਹਾ ਕਿ ਇਤਿਹਾਸਕ ਦਿਹਾੜਿਆਂ ਤੇ ਗੁਰੂ ਸਾਹਿਬਾਨ, ਭਗਤ ਜਨਾਂ ਤੇ ਸੂਰਮਿਆਂ ਬਾਰੇ ਸਿਰਫ਼ ਰਵਾਇਤੀ ਸਮਾਗਮ ਹੀ ਨਾ ਕੀਤੇ ਜਾਣ ਸਗੋਂ ਇਨ੍ਹਾਂ ਦਿਨਾਂ ਦੀ ਸਾਰਥਿਕਤਾ ਵਧਾਉਣ ਲਈ ਨਿੱਕੇ ਨਿੱਕੇ ਟਰੈਕਟ ਛਪਵਾ ਕੇ ਵੀ ਵੰਡੇ ਜਾਣ। ਸੁਰ ਸ਼ਬਦ ਸੰਗੀਤ ਦੇ ਸੁਮੇਲ ਲਈ ਪੁਰਾਤਨ ਤੰਤੀ ਸਾਜਾਂ ਵਾਂਗ ਹੀ ਢਾਡੀ ਰਾਗ ਦੀਆਂ ਪੁਰਾਤਨ ਰੀਤਾਂ ਦਾ ਗਾਇਨ ਵੀ ਕੀਤਾ ਜਾਵੇ।
ਕਹਾਣੀਕਾਰ ਸੁਖਜੀਤ ਨੇ ਪੇਸ਼ਕਸ਼ ਕੀਤੀ ਕਿ ਜੇਕਰ ਇਸ ਸਭਾ ਦੇ ਵਿੱਚ ਸ਼ਾਮਿਲ ਮੈਂਬਰਾਂ ਦੀ ਸਹਿਮਤੀ ਹੋਵੇ ਤਾਂ ਇਸ ਇਤਿਹਾਸਕ ਸਥਾਨ ਤੇ ਮਾਸਿਕ ਵਿਚਾਰ ਚਰਚਾ ਵਗਦੇ ਪਾਣੀ ਸ਼ੁਰੂ ਕੀਤਾ ਜਾ ਸਕਦਾ ਹੈ। ਇਸ ਵਿੱਚ ਗੁਰਮਤਿ ਸਾਹਿੱਤ ਸੱਭਿਆਚਾਰ ਨੂੰ ਸਮਝਣ ਵਿੱਚ ਮਦਦ ਮਿਲੇਗੀ।
ਨਵੀਂ ਦਿੱਲੀ ਤੋਂ ਆਏ ਪੰਜਾਬੀ ਅਕਾਡਮੀ ਦਿੱਲੀ ਦੇ ਸਾਬਕਾ ਸਕੱਤਰ ਗੁਰਭੇਜ ਸਿੰਘ ਗੋਰਾਇਆ ਨੇ ਕਿਹਾ ਕਿ ਪੰਜਾਬ ਨੂੰ ਪੰਜਾਬ ਬਣਾਈ ਰੱਖਣ ਲਈ ਪੰਜਾਬੀਆਂ ਨੂੰ ਹੀ ਆਪ ਹਿੰਮਤ ਕਰਕੇ ਅੱਗੇ ਵਧਣਾ ਪਵੇਗਾ।
ਗੁਰਦਵਾਰਾ ਪ੍ਰਬੰਧਕ ਸਃ ਜੋਗਾ ਸਿੰਘ ਨੇ ਕਿਹਾ ਕਿ ਗੁਰਮਤਿ ਆਸ਼ੇ ਦੀ ਪ੍ਰਾਪਤੀ ਲਈ ਸਾਡਾ ਸਹਿਯੋਗ ਹਮੇਸ਼ਾਂ ਹਾਜ਼ਰ ਹੈ। ਉਨ੍ਹਾਂ ਕਿਹਾ ਕਿ ਗੁਰਦਵਾਰਾ ਦੇਗਸਰ ਕਟਾਣਾ ਸਾਹਿਬ ਦੇ ਨੇੜੇ ਤੇੜੇ  ਵੱਸਦੇ ਲੇਖਕਾਂ ਦੀਆਂ ਸਭਾਵਾਂ ਨੂੰ ਸਾਡੇ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਸਾਹਨੇਵਾਲ ਹਲਕੇ ਦੇ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ  ਆਸਥਾ ਦੇ ਕੇਂਦਕ ਦੇਗਸਰ ਕਟਾਣਾ ਸਾਹਿਬ  ਤੋਂ ਮਿਲਿਆ ਇਹ ਸੁਨੇਹਾ ਪੂਰੇ ਪੰਜਾਬ ਚ ਪਸਾਰਨ ਦੀ ਲੋੜ ਹੈ। ਉਨ੍ਹਾਂ ਇਸ ਮੌਕੇ ਗੁਰਮਤਿ ਪ੍ਰਕਾਸ਼ ਮੈਗਜ਼ੀਨ ਦੇ ਦੋ ਜੀਵਨ ਮੈਂਬਰਸ਼ਿਪਸ ਜਮ੍ਹਾਂ ਕਰਵਾ ਕੇ ਕਿਹਾ ਕਿ ਉਹ  ਕੋਸ਼ਿਸ਼ ਕਰਨਗੇ ਕਿ ਇਸ ਗੁਰਮਤਿ ਸਾਹਿਤ ਲਹਿਰ ਨੂੰ ਪਿੰਡ ਪਿੰਡ ਪਹੁੰਚਾਇਆ ਜਾਵੇ। ਪਿੰਡ ਦਾਦ ਦੇ ਸਰਪੰਚ ਸਃ ਜਗਦੀਸ਼ਪਾਲ ਸਿੰਘ ਗਰੇਵਾਲ ਨੇ ਵੀ ਗੁਰਮਤਿ ਪ੍ਰਕਾਸ਼ ਦੇ ਦੋ ਚੰਦੇ ਜਮ੍ਹਾਂ ਕਰਵਾਏ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਸਃ ਜੋਗਾ ਸਿੰਘ ਵੱਲੋਂ ਪ੍ਰੋਃ ਗੁਰਭਜਨ ਸਿੰਘ ਗਿੱਲ ਨੂੰ ਦਸਤਾਰ ਅਤੇ ਹਾਜ਼ਰ ਸਮੂਹ ਲੇਖਕਾਂ ਤੇ ਲੋਕ ਪ੍ਰਤੀਨਿਧਾਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ।

LEAVE A REPLY

Please enter your comment!
Please enter your name here