ਲੁਧਿਆਣਾ, 08 ਅਕਤੂਬਰ (ਵਿਕਾਸ ਮਠਾੜੂ, ਮੋਹਿਤ ਜੈਨ) – ਸੂਬੇ ਵਿੱਚ ਮਾਣਯੋਗ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਆਮ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ ਜਿਸ ਤਹਿਤ ਪ੍ਰਧਾਨ ਮੰਤਰੀ ਉੱਜਵਲ ਯੋਜਨਾ ਅਧੀਨ ਹਰ ਘਰ ਗੈਸ ਕੁਨੈਕਸ਼ਨ ਦਿੱਤਾ ਜਾ ਰਿਹਾ ਅਤੇ ਵਿਧਾਨ ਸਭਾ ਹਲਕਾ ਆਤਮ ਨਗਰ ਦਾ ਇੱਕ ਵੀ ਪਰਿਵਾਰ ਇਸ ਸਹੂਲਤ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ, ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਸ. ਕੁਲਵੰਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਉਨ੍ਹਾਂ ਦੇ ਸਪੁੱਤਰ ਸ. ਸਰਤਾਜ ਸਿੱਧੂ ਵੱਲੋਂ ਸਥਾਨਕ ਦਫ਼ਤਰ ਵਿਖੇ ਗੈਸ ਕੁਨੈਕਸ਼ਨ ਲੈਣ ਲਈ ਆਏ ਵੱਡੀ ਗਿਣਤੀ ਵਿੱਚ ਲੋੜਵੰਦ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ ਵੱਲੋਂ ਸ਼ੁਰੂ ਕੀਤੀ ਗਈ ਇਸ ਉੱਜਵਲ ਯੋਜਨਾ 2.0 ਤਹਿਤ ਹਰ ਹਫ਼ਤੇ ਇੱਥੇ ਸਤਲੁਜ ਗੈਸ ਸਰਵਿਸ ਇੰਡੀਅਨ ਆਇਲ ਦੇ ਸਹਿਯੋਗ ਨਾਲ ਲੋੜਵੰਦ ਪਰਿਵਾਰਾਂ ਨੂੰ ਗੈਸ ਕੁਨੈਕਸ਼ਨ ਵੰਡੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਹਜ਼ਾਰਾਂ ਲੋਕ ਇਸ ਯੋਜਨਾ ਦਾ ਲਾਭ ਲੈ ਚੁੱਕੇ ਹਨ ਅਤੇ ਇਸਦੇ ਨਾਲ-ਨਾਲ ਮਹਿਲਾਵਾਂ ਨੂੰ ਬੈਂਕ ਖਾਤਿਆਂ ਰਾਹੀਂ ਹਰ ਮਹੀਨੇ ਸਬਸਿਡੀ ਵੀ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਇਸ ਯੋਜਨਾ ਦੇ ਫਾਰਮ ਬਿਲਕੁਲ ਮੁਫਤ ਭਰੇ ਜਾਂਦੇ ਹਨ ਅਤੇ ਗੈਸ ਕੁਨੈਕਸ਼ਨ ਵੀ ਮੁਫ਼ਤ ਵੰਡੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਟੀਮ ਨੇ ਹੁਣ ਤਹੱਈਆ ਕੀਤਾ ਹੈ ਕਿ ਘਰ – ਘਰ ਜਾ ਕੇ ਪਰਿਵਾਰਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਜਿਸ ਪਰਿਵਾਰ ਕੋਲ ਗੈਸ ਕੁਨੈਕਸ਼ਨ ਨਹੀਂ ਹੋਵੇਗਾ ਉਸਦਾ ਤੁਰੰਤ ਫਾਰਮ ਭਰਕੇ ਉਸ ਨੂੰ ਇਸ ਯੋਜਨਾ ਦਾ ਲਾਭ ਜ਼ਰੂਰ ਦਿੱਤਾ ਜਾਵੇਗਾ।
ਇਸ ਮੌਕੇ ਮੰਗਲ ਨਾਥ ਬਾਲੀ, ਇੰਦਰਜੀਤ ਚੌਪੜਾ, ਮਨਜੀਤ ਸਿੰਘ, ਅਲਕਾ ਰਾਣੀ, ਨੰਦਿਨੀ ਗੁਪਤਾ, ਸੁਖਪ੍ਰੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲਾਭਪਾਤਰੀ ਹਾਜ਼ਰ ਸਨ।