ਮਾਲੇਰਕੋਟਲਾ 10 ਅਕਤੂਬਰ : ( ਸਤੀਸ਼ ਕੋਹਲੀ, ਮਿਅੰਕ ਜੈਨ) –
ਪੰਜਾਬ ਸਰਕਾਰ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਝੋਨੇ ਦੀ ਪਰਾਲੀ ਨੂੰ ਨਾ ਸਾੜਨ ਅਤੇ ਝੋਨੇ ਦੀ ਰਹਿੰਦ ਖੂੰਹਦ ਦੀ ਸੁਚੱਜੀ ਸੰਭਾਲ ਕਰਨ ਸਬੰਧੀ ਚਲਾਈ ਜਾ ਰਹੀ ਮੁਹਿੰਮ ਤਹਿਤ ਖੇਤੀਬਾੜੀ ਵਿਭਾਗ ਪੰਜਾਬ ਵੱਲੋਂ ਕਿਸਾਨਾਂ ਨੂੰ ਵਾਤਾਵਰਨ ਪੱਖੀ ਖੇਤੀਬਾੜੀ ਸੰਦ (ਸਮਾਰਟ ਸੀਡਰ) ਸਬਸਿਡੀ ਤੇ ਮੁਹੱਈਆ ਕਰਵਾਇਆਂ ਜਾ ਰਿਹਾ ਹੈ । ਇਸ ਗੱਲ ਦੀ ਜਾਣਕਾਰੀ ਮੁੱਖ ਖੇਤੀਬਾੜੀ ਅਫ਼ਸਰ ਡਾ.ਹਰਬੰਸ ਸਿੰਘ ਚਾਹਲ ਸਿੰਘ ਨੇ ਦਿੱਤੀ । ਪੰਜਾਬ ਸਰਕਾਰ ਦਾ ਸਬਸਿਡੀ ਤੇ ਆਧੁਨਿਕ ਤਕਨੀਕ ਦੇ ਸੰਦ ਮੁਹੱਈਆ ਕਰਵਾਉਣ ਦਾ ਮੁੱਖ ਮੰਤਵ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਨਾਲ ਹੋਣ ਵਾਲੇ ਪੌਸ਼ਟਿਕ ਤੱਤਾਂ ਅਤੇ ਮਿੱਟੀ ਦੇ ਸੂਖਮ ਜੀਵ ਜੰਤੂਆਂ ਨੂੰ ਖਤਮ ਹੋਣ ਤੋਂ ਰੋਕਣਾ ਅਤੇ ਵਾਤਾਵਰਨ ਨੂੰ ਹਵਾ ਪ੍ਰਦੂਸ਼ਣ ਤੋਂ ਬਚਾਉਣਾ ਹੈ। ਇਨਾਂ ਆਧੁਨਿਕ ਮਸ਼ੀਨਾਂ ਦੀ ਵਰਤੋਂ ਦੁਆਰਾ ਫਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜੇ ਬਿਨਾਂ ਬਹੁਤ ਹੀ ਘੱਟ ਖਰਚੇ ਵਿੱਚ ਮਿੱਟੀ ਵਿੱਚ ਹੀ ਮਿਲਾਇਆ ਜਾ ਸਕਦਾ ਹੈ। ਕਿਸਾਨਾਂ ਨੂੰ ਪੰਜਾਬ ਸਰਕਾਰ ਦੇ ਇਸ ਉਪਰਾਲੇ ਦਾ ਲਾਹਾ ਲੈ ਕੇ ਵਾਤਾਵਰਨ ਪੱਖੀ ਖੇਤੀਬਾੜੀ ਸੰਦਾਂ ਨੂੰ ਅਪਣਾਉਣਾ ਚਾਹੀਦਾ ਹੈ ਤਾਂ ਕਿ ਹਵਾ, ਪਾਣੀ ਅਤੇ ਮਿੱਟੀ ਨੂੰ ਦੂਸ਼ਿਤ ਹੋਣ ਤੋਂ ਰੋਕਿਆ ਜਾ ਸਕੇ।
ਮੁੱਖ ਖੇਤੀਬਾੜੀ ਅਫ਼ਸਰ ਡਾ.ਹਰਬੰਸ ਸਿੰਘ ਚਾਹਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਰਾਲੀ ਨਾ ਸਾੜਨ ਲਈ ਵਰਤੇ ਜਾਂਦੇ ਸਮਾਰਟ ਸੀਡਰ ਲੈਣ ਦੇ ਚਾਹਵਾਨ ਕਿਸਾਨਾਂ ਲਈ ਆਨਲਾਈਨ ਮਿਤੀ ਵਿੱਚ ਵਾਧਾ ਕੀਤਾ ਹੈ। ਹੁਣ ਸਮਾਰਟ ਸੀਡਰ ਸਬਸਿਡੀ ਉੱਪਰ ਲੈਣ ਦੇ ਚਾਹਵਾਨ ਕਿਸਾਨ 15 ਅਕਤੂਬਰ 2022 ਤੱਕ ਵਿਭਾਗ ਦੇ ਪੋਰਟਲ agrimachinerypb.com ਤੇ ਆਨਲਾਈਨ ਅਪਲਾਈ ਕਰ ਸਕਦੇ ਹਨ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪਣੇ ਭਵਿੱਖ ਨੂੰ ਸਿਹਤਯਾਬ ਬਣਾਉਣ ਲਈ ਆਧੁਨਿਕ ਵਾਤਾਵਰਣ ਪੱਖੀ ਮਸ਼ੀਨਰੀ ਦੀ ਵਰਤੋਂ ਕਰਨ ਨੂੰ ਯਕੀਨੀ ਬਣਾਉਣ ਤਾਂ ਜੋ ਵਾਤਾਵਰਨ ਵਿੱਚ ਫਸ਼ਲੀ ਰਹਿੰਦ ਖੂੰਹਦ ਅਤੇ ਪਰਾਲੀ ਨੂੰ ਅੱਗ ਲੱਗਣ ਵਾਲੇ ਪ੍ਰਦੂਸਣ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਕਿਸਾਨ ਵਧੇਰੇ ਜਾਣਕਾਰੀ ਲਈ ਦਫ਼ਤਰ ਮੁੱਖ ਖੇਤੀਬਾੜੀ ਅਫ਼ਸਰ ਮਾਲੇਰਕੋਟਲਾ ਵਿਖੇ ਸਬ ਡਵੀਜਨ ਪੱਧਰ ਤੇ ਆਪਣੇ ਨੇੜਲੇ ਖੇਤੀਬਾੜੀ ਵਿਕਾਸ ਅਫ਼ਸਰਾਂ ਨਾਲ ਸੰਪਰਕ ਕਰ ਸਕਦੇ ਹਨ । ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਇਸ ਸਕੀਮ ਦਾ ਜਰੂਰ ਲਾਹਾ ਲੈਣਾ ਚਾਹੀਦਾ ਹੈ।