– ਵਫ਼ਦ ਵਿੱਚ ਅਮਰੀਕਾ, ਹਾਲੈਂਡ, ਰੂਸ, ਕੀਨੀਆ, ਕਤਰ, ਮੰਗੋਲੀਆ ਅਤੇ ਟੋਗੋ ਦੇ ਭਾਰਤੀ ਅੰਬੈਸਡਰ/ਹਾਈ ਕਮਿਸ਼ਨਰ ਸ਼ਾਮਿਲ
ਮੋਗਾ, 17 ਅਕਤੂਬਰ (ਕੁਲਵਿੰਦਰ ਸਿੰਘ ) – ਭਾਰਤ ਸਰਕਾਰ ਦੇ ਅਦਾਰੇ ਨੀਤੀ ਆਯੋਗ ਵੱਲੋਂ ਐਸਪੀਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ ਅਧੀਨ ਜ਼ਿਲ੍ਹਾ ਮੋਗਾ ਵਿੱਚ ਵੱਖ ਵੱਖ ਵਿਕਾਸ ਕਾਰਜ ਚੱਲ ਰਹੇ ਹਨ, ਜਿਨ੍ਹਾਂ ਨੂੰ ਦੇਖਣ ਲਈ ਭਾਰਤ ਦੇ 7 ਦੇਸ਼ਾਂ ਵਿੱਚ ਤਾਇਨਾਤ ਅੰਬੈਸਡਰਾਂ/ਹਾਈ ਕਮਿਸ਼ਨਰਾਂ ਦਾ ਵਫ਼ਦ ਜ਼ਿਲ੍ਹਾ ਮੋਗਾ ਦਾ ਦੌਰਾ ਕਰਨ ਲਈ ਆ ਰਿਹਾ ਹੈ। ਇਹ ਵਫ਼ਦ 18 ਅਕਤੂਬਰ ਨੂੰ ਮੋਗਾ ਵਿਖੇ ਪਹੁੰਚੇਗਾ।ਇਸ ਬਾਰੇ ਤਿਆਰੀਆਂ ਕਰਨ ਲਈ ਸੱਦੀ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਵਫ਼ਦ ਵਿੱਚ ਅਮਰੀਕਾ, ਹਾਲੈਂਡ, ਰੂਸ, ਕੀਨੀਆ, ਕਤਰ, ਮੰਗੋਲੀਆ ਅਤੇ ਟੋਗੋ ਦੇ ਭਾਰਤੀ ਅੰਬੈਸਡਰ/ਹਾਈ ਕਮਿਸ਼ਨਰ ਸ਼ਾਮਿਲ ਹਨ।
ਇਸ ਵਫਦ ਵੱਲੋਂ ਜਿਥੇ ਜ਼ਿਲ੍ਹਾ ਪ੍ਰਸ਼ਾਸ਼ਨ ਨਾਲ ਮੀਟਿੰਗ ਕੀਤੀ ਜਾਵੇਗੀ ਉਥੇ ਹੀ ਪਿੰਡ ਖੋਸਾ ਪਾਂਡੋ ਵਿਖੇ ਐਸਪੀਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ ਅਧੀਨ ਕੀਤੇ ਜਾ ਰਹੇ ਕੰਮਾਂ ਨੂੰ ਵੀ ਦੇਖਿਆ ਜਾਵੇਗਾ। ਇਸ ਮੌਕੇ ਉਹ ਜ਼ਿਲ੍ਹਾ ਮੋਗਾ ਵਿੱਚ ਇਕ ਜ਼ਿਲ੍ਹਾ ਇਕ ਉਤਪਾਦ ਸਕੀਮ ਤਹਿਤ ਹੋ ਰਹੇ ਕੰਮ ਬਾਰੇ ਵੀ ਜਾਣਕਾਰੀ ਲੈਣਗੇ।
ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਦੱਸਿਆ ਕਿ ਸਾਲ 2018 ਤੋਂ ਸ਼ੁਰੂ ਹੋਏ ਐਸਪੀਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ ਅਧੀਨ ਜ਼ਿਲ੍ਹਾ ਮੋਗਾ ਲਈ ਹੁਣ ਤੱਕ 8,99,84,302 ਰੁਪਏ ਦੀ ਰਾਸ਼ੀ ਮਿਲੀ ਹੋਈ ਹੈ। ਇਹ ਰਾਸ਼ੀ ਸਿੱਖਿਆ, ਸਿਹਤ, ਖੇਤੀਬਾੜੀ ਅਤੇ ਪਸ਼ੂ ਪਾਲਣ ਖੇਤਰਾਂ ਵਿੱਚ ਸੁਧਾਰ ਕਰਨ ਲਈ ਖਰਚੀ ਜਾ ਰਹੀ ਹੈ। ਇਹਨਾਂ ਕਾਰਜਾਂ ਨੂੰ ਦੇਖਣ ਲਈ ਹੀ ਇਹ ਵਫ਼ਦ ਪਹੁੰਚ ਰਿਹਾ ਹੈ।ਉਹਨਾਂ ਅਧਿਕਾਰੀਆਂ ਨੂੰ ਕਿਹਾ ਕਿ ਚੱਲ ਰਹੇ ਇਹਨਾਂ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੀ ਜ਼ਰੂਰਤ ਹੈ ਤਾਂ ਜੌ ਨੀਤੀ ਆਯੋਗ ਵੱਲੋਂ ਜਾਰੀ ਕੀਤੀ ਜਾਣ ਵਾਲੀ ਦਰਜਾਬੰਦੀ ਵਿੱਚ ਜ਼ਿਲ੍ਹਾ ਮੋਗਾ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਹੋ ਸਕੇ ਅਤੇ ਵਫਦ ਨੂੰ ਜ਼ਿਲ੍ਹਾ ਮੋਗਾ ਦਾ ਚੰਗਾ ਪ੍ਰਭਾਵ ਦਿੱਤਾ ਜਾ ਸਕੇ।ਉਹਨਾਂ ਦੱਸਿਆ ਕਿ ਐਸਪੀਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ ਅਧੀਨ ਜੇਕਰ ਕਿਸੇ ਕਾਰਜ ਵਿੱਚ ਕੋਈ ਰੁਕਾਵਟ ਆਉਂਦੀ ਹੈ ਤਾਂ ਉਸ ਲਈ ਜ਼ਿਲ੍ਹਾ ਖਣਿਜ ਫੰਡ ਦੀ ਰਾਸ਼ੀ ਵੀ ਵਰਤੋਂ ਕੀਤੀ ਜਾ ਸਕਦੀ ਹੈ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਸੁਭਾਸ਼ ਚੰਦਰ, ਐੱਸ ਡੀ ਐੱਮ ਧਰਮਕੋਟ ਸ਼੍ਰੀਮਤੀ ਚਾਰੂਮਿਤਾ, ਸਹਾਇਕ ਕਮਿਸ਼ਨਰ ਸ਼੍ਰੀ ਸੁਜਾਵਾਲ ਜੱਗਾ ਅਤੇ ਸਬੰਧਤ ਅਧਿਕਾਰੀ ਹਾਜ਼ਰ ਸਨ।