ਲੁਧਿਆਣਾ, 21 ਅਕਤੂਬਰ ( ਵਿਕਾਸ ਮਠਾੜੂ, ਮੋਹਿਤ ਜੈਨ)-ਚੇਅਰਮੈਨ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ, ਮਾਣ ਪੰਜਾਬੀਆਂ ਤੇ ਅੰਤਰ-ਰਾਸ਼ਟਰੀ ਸਾਹਿਤਕ ਮੰਚ ਯੂ.ਕੇ ਦੇ ਵਿਸ਼ੇਸ਼ ਉੱਪਰਾਲੇ ਸਦਕਾ, ਪ੍ਰੋਗਰਾਮ ਚਮਕਦੇ ਚਿਹਰੇ ਤਹਿਤ ਅੱਜ ਪੰਜਾਬੀ ਸਾਹਿਤ ਜਗਤ ਦੇ ਰੌਸ਼ਨ ਸਿਤਾਰੇ ਡਾ. ਲਖਵਿੰਦਰ ਸਿੰਘ ਜੌਹਲ ਸਰੋਤਿਆਂ ਦੇ ਰੂ-ਬਰੂ ਹੋਏ। ਸੰਚਾਲਕ ਕਰ ਰਹੇ ਸਨ ਡਾ ਸਤਿੰਦਰਜੀਤ ਕੌਰ ਜੀ ਬੁੱਟਰ ਤੇ ਲਾਇਵ ਚਲਾ ਰਹੇ ਸੀ ਪ੍ਰੋ ਦਵਿੰਦਰ ਖੁਸ਼ ਧਾਲੀਵਾਲ ਜੀ, ਜਿਨ੍ਹਾਂ ਨੇ ਆਪੋ ਆਪਣੀ ਸੇਵਾ ਬਾਖ਼ੂਬ ਨਿਭਾਈ। ਆਰੰਭਤਾ ਕਰਦੇ ਹੋਏ ਚੇਅਰਮੈਨ ਲੱਖਾ ਸਲੇਮਪੁਰੀ ਜੀ ਨੇ ਅੱਜ ਦੇ ਚਮਕਦੇ ਚਿਹਰੇ ਡਾ ਲਖਵਿੰਦਰ ਸਿੰਘ ਜੌਹਲ ਜੀ, ਸੰਚਾਲਕ ਡਾ ਬੁੱਟਰ, ਦਵਿੰਦਰ ਖੁਸ਼ ਧਾਲੀਵਾਲ ਅਤੇ ਹਾਜਰ ਹੋਣ ਵਾਲੇ ਸਾਰੇ ਸਰੋਤਿਆਂ ਦਾ ਮੰਚ ਵਲੋਂ ਸਵਾਗਤ ਅਤੇ ਧੰਨਵਾਦ ਕੀਤਾ, ਤੇ ਪ੍ਰੋਗਰਾਮ ਅੱਗੇ ਵਧਾਉਣ ਲਈ ਸੰਚਾਲਕ ਨੂੰ ਬੇਨਤੀ ਕੀਤੀ।ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਤੇ ਪੰਜਾਬ ਕਲਾ ਪਰਿਸ਼ਦ ਦੇ ਸਕੱਤਰ ਡਾ ਲਖਵਿੰਦਰ ਸਿੰਘ ਜੌਹਲ ਜੀ ਇੱਕ ਬਹੁਤ ਹੀ ਨੇਕ ਇਨਸਾਨ ਤੇ ਮਿੱਠੜੇ ਸੁਭਾਅ ਦੇ ਮਾਲਕ ਹਨ, ਜੋ ਕਿਸੇ ਜਾਣ ਪਹਿਚਾਣ ਦੇ ਮੁਹਥਾਜ਼ ਨਹੀਂ ਹਨ। ਜਿਨ੍ਹਾਂ ਨੇ ਆਪਣੇ ਜੀਵਨ ਦੇ ਸਭ ਔਖੇ ਤੇ ਸੌਖੇ ਬੀਤੇ ਪਲਾਂ ਨੂੰ ਸਰੋਤਿਆਂ ਨਾਲ ਸਾਂਝਾ ਕਰਕੇ ਆਪਣੇ ਜੀਵਨ ਤੇ ਚਾਨਣਾ ਪਾਇਆ ਤੇ ਨਾਲ ਦੀ ਨਾਲ ਆਪਣੀਆਂ ਕੁੱਝ ਪ੍ਰਸਿੱਧ ਗ਼ਜ਼ਲਾਂ ਵੀ ਪੇਸ਼ ਕਰਦੇ ਰਹੇ। ਚੇਹਰੇ ਤੇ ਮੁਸਕ੍ਰਾਹਟ ਲਈ ਡਾ ਜੌਹਲ ਜੀ ਆਪਣੇ ਜੀਵਨ ਸਫ਼ਰ ਦੀਆਂ ਗੱਲਾਂ ਬਾਤਾਂ ਸਰੋਤਿਆਂ ਨਾਲ ਸਾਂਝੀਆਂ ਕਰਦੇ ਰਹੇ ਤੇ ਮੰਚ ਨਾਲ ਜੁੜੇ ਸੈਂਕੜੇ ਸਰੋਤੇ ਸੁਣ ਸੁਣ ਕੇ ਆਨੰਦ ਮਾਣਦੇ ਰਹੇ। ਹਰ ਇੱਕ ਨੇ ਡਾ ਜੌਹਲ ਜੀ ਦੇ ਰੂ-ਬਰੂ ਹੋਣ ਦਾ ਆਨੰਦ ਮਾਣਿਆ ਤੇ ਸਵਾਗਤ ਕੀਤਾ। ਆਖ਼ਿਰ ਵਿੱਚ ਉਨ੍ਹਾਂ ਉੱਭਰ ਰਹੇ ਲੇਖਕਾਂ ਨੂੰ ਵਧੀਆ ਲਿਖਣ ਦੀ ਤੇ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ/ਪਾਸਾਰ ਲਈ ਹਮੇਸ਼ਾ ਤੱਤਪਰ ਰਹਿਣ ਦੀ ਪ੍ਰੇਰਣਾ ਦਿੱਤੀ। ਸੰਚਾਲਕ ਡਾ ਸਤਿੰਦਰਜੀਤ ਕੌਰ ਬੁੱਟਰ ਨੇ ਤੇ ਲਾਇਵ ਇੰਚਾਰਜ ਪ੍ਰੋ ਦਵਿੰਦਰ ਖੁਸ਼ ਧਾਲੀਵਾਲ ਨੇ ਵੀ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਸਾਰਾ ਮਹੌਲ ਖੁਸ਼ਗਾਵਾਰ ਬਣਿਆ ਰਿਹਾ, ਮੁੰਬਈ ਤੋਂ ਮਨਪ੍ਰੀਤ ਕੌਰ ਸੰਧੂ ਵੀ ਅਖ਼ੀਰ ਤੱਕ ਜੁੜੇ ਰਹੇ।
ਅੰਤ ਵਿੱਚ ਮੰਚ ਦੇ ਸੰਸਥਾਪਕ ਤੇ ਚੇਅਰਮੈਨ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਨੇ ਹਾਜਰ ਹੋਏ ਮੁੱਖ ਮਹਿਮਾਨ (ਚਮਕਦੇ ਚਿਹਰੇ) ਡਾ ਲਖਵਿੰਦਰ ਸਿੰਘ ਜੌਹਲ ਜੀ ਦਾ ਤੇ ਸਭ ਹਾਜ਼ਰੀਨ ਦਾ ਤਹਿ ਦਿਲੋਂ ਧੰਨਵਾਦ ਕੀਤਾ!
