ਮੋਗਾ, 27 ਨਵੰਬਰ (ਭਗਵਾਨ ਭੰਗੂ – ਲਿਕੇਸ਼ ਸ਼ਰਮਾ) : ਸਮਾਜ ਦੇ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਮੋਗਾ ਪੁਲਿਸਸ ਵੱਲੋਂ ਸ਼ਹਿਰ ‘ਚ ਵੱਖ-ਵੱਖ ਥਾਵਾਂ ‘ਤੇ ਨਾਕਾਬੰਦੀ ਕਰ ਕੇ ਹਰ ਆਉਣ ਜਾਣ ਵਾਲੇ ਵਾਹਨਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਨਾਕਾਬੰਦੀ ਦੌਰਾਨ ਕੋਟਕਪੂਰਾ ਬਾਈਪਾਸ ‘ਤੇ ਚੈਕਿੰਗ ਦੌਰਾਨ ਇਕ ਨਕਲੀ ਪੰਜਾਬ ਪੁਲਿਸ ਦੇ ਕਾਂਸਟੇਬਲ ਨੂੰ ਕਾਰ ਸਮੇਤ ਗਿ੍ਫ਼ਤਾਰ ਕੀਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੌਕੀ ਫੋਕਲ ਪੁਆਇੰਟ ਦੇ ਇੰਚਾਰਜ ਮੋਹਕਮ ਸਿੰਘ ਨੇ ਦੱਸਿਆ ਕਿ ਮੋਗਾ ਦੇ ਫੋਕਲ ਪੁਆਇੰਟ ਪੁਲਿਸ ਨੇ ਨਾਕੇ ਦੌਰਾਨ ਚੱਲ ਰਹੀ ਵਾਹਨਾਂ ਦੀ ਡੂੰਘਾਈ ਨਾਲ ਜਾਂਚ ਵਿਚ ਇਕ ਵਰਨਾ ਕਾਰ ਪੀਬੀ 05 ਏ 7485, ਜਿਸ ‘ਤੇ ਪੰਜਾਬ ਪੁਲਿਸ ਦਾ ਸਟਿੱਕਰ ਲੱਗਾ ਹੋਇਆ ਸੀ, ਕਾਰ ਦੇ ਚਾਲਕ ਨੇ ਪੁਲਿਸ ਨੂੰ ਪੰਜਾਬ ਪੁਲਿਸ ਦਾ ਆਪਣਾ ਕਾਂਸਟੇਬਲ ਦਾ ਨਕਲੀ ਆਈਡੀ ਕਾਰਡ ਦਿਖਾਇਆ ਅਤੇ ਕਿਹਾ ਕਿ ਉਹ ਵੀ ਪੁਲਿਸ ਮੁਲਾਜ਼ਮ ਹੈ ਅਤੇ ਮੁਹਾਲੀ ‘ਚ ਬਤੋਰ ਕਾਂਸਟੇਬਲ ਤਾਇਨਾਤ ਹੈ। ਜਿਸ ਕਰਕੇ ਪਹਿਲਾਂ ਤਾਂ ਨਾਕੇ ਦੇ ਦੌਰਾਨ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਇਹ ਲੱਗਾ ਕਿ ਉਹ ਪੁਲਿਸ ਮੁਲਾਜ਼ਮ ਹੈ। ਪਰ ਜਦੋਂ ਉਹ ਅੱਗੇ ਜਾਣ ਲੱਗਾ ਤਾਂ ਪੁਲਿਸ ਨੂੰ ਸ਼ੱਕ ਹੋਇਆ ਅਤੇ ਉਸ ਦਾ ਆਈਡੀ ਕਾਰਡ ਲੈ ਕੇ ਜਾਂਚ ਕੀਤੀ ਤਾਂ ਉਹ ਨਕਲੀ ਨਿਕਲਿਆ, ਜਿਸ ਕਾਰਨ ਪੁਲਿਸ ਨੇ ਉਸ ਨੂੰ ਕਾਰ ਸਮੇਤ ਗਿ੍ਫ਼ਤਾਰ ਕੀਤਾ ਅਤੇ ਬਾਅਦ ਵਿਚ ਮੋਗਾ ਦੀ ਅਦਾਲਤ ਵਿਚ ਪੇਸ਼ ਕੀਤਾ ਅਤੇ 2 ਦਿਨ ਦਾ ਰਿਮਾਂਡ ਲਿਆ।ਇਸ ਮੌਕੇ ਚੌਕੀ ਇੰਚਾਰਜ ਮੋਹਕਮ ਸਿੰਘ ਨੇ ਦੱਸਿਆ ਕਿ ਪੁਲਿਸ ਉਸ ਤੋਂ ਪੁੱਛਗਿੱਛ ਕਰੇਗੀ ਕਿ ਉਸ ਕੋਲ ਪੁਲਿਸ ਦੀ ਵਰਦੀ ਵੀ ਹੈ ਜਾਂ ਉਸਨੇ ਇਹ ਆਈਡੀ ਕਾਰਡ ਕਿੱਥੇ-ਕਿੱਥੇ ਦਿਖਾਏ ਅਤੇ ਕਿੱਥੇ-ਕਿੱਥੇ ਇਸ ਦਾ ਫ਼ਾਇਦਾ ਉਠਾਇਆ ਅਤੇ ਉਸ ਨੇ ਕਿਹੜੇ ਗ਼ਲਤ ਕੰਮ ਕੀਤੇ ਹਨ। ਅਦਾਲਤ ਵਿਚ ਪੇਸ਼ੀ ਦੌਰਾਨ ਉਸ ਨੇ ਦੱਸਿਆ ਕਿ ਉਸ ਨੇ ਇਹ ਆਈਡੀ ਕਾਰਡ ਟੋਲ ਪਲਾਜ਼ਾ ਤੋਂ ਲੰਘਣ ਲਈ ਬਣਾਇਆ ਸੀ। ਪਰ ਵੱਡੀ ਗੱਲ ਇਹ ਹੈ ਕਿ ਪੁਲਿਸ ਦੀ ਚੌਕਸੀ ਕਾਰਨ ਇਹ ਨਕਲੀ ਪੁਲਿਸ ਮੁਲਾਜ਼ਮ ਫੜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਰ ਅਜਿਹੇ ਲੋਕ ਨਾ ਜਾਨੇ ਕਿੰਨੇ ਲੋਕਾਂ ਨੂੰ ਮੂਰਖ ਬਣਾ ਕੇ ਚੂਨਾ ਲੱਗਾ ਜਾਂਦੇ ਹਨ।