ਜਗਰਾਉਂ, 27 ਨਵੰਬਰ ( ਹਰਪ੍ਰੀਤ ਸਿੰਘ ਸੱਗੂ)-ਜਗਤਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ਼੍ਰੀ ਵਿਸ਼ਵਕਰਮਾ ਮੰਦਰ ਅੱਡਾ ਰਾਏਕੋਟ ਵਿਖੇ ਪ੍ਰਧਾਨ ਜਸਵੰਤ ਸਿੰਘ ਸੱਗੂ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਨੂੰ ਅਲੌਕਿਕ ਢੰਗ ਨਾਲ ਸਜਾਇਆ ਗਿਆ। ਦੇਰ ਰਾਤ ਧਾਰਮਿਕ ਦੀਵਾਨ ਸਜਾਏ ਗਏ। ਜਿਸ ਵਿੱਚ ਗੁਰਮਤਿ ਨਾਮ ਸੇਵਾ ਸੁਸਾਇਟੀ ਵਲੋਂ ਜਥੇਦਾਰ ਭੁਪਿੰਦਰ ਸਿੰਘ ਸੱਗੂ ਖਾਲਸਾ ਦੀ ਅਗਵਾਈ ਵਿੱਚ ਸ਼ਾਮ 7 ਵਜੇ ਤੋਂ ਰਾਤ 9 ਵਜੇ ਤੱਕ ਕੀਰਤਨ ਦਰਬਾਰ ਸਜਾਏ ਗਏ। ਇਸ ਮੌਕੇ ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਵੱਲੋਂ ਦਿੱਤੇ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦੇ ਸੰਦੇਸ਼ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਲਈ ਕਿਹਾ। ਇਸ ਮੌਕੇ ਰਾਮਗੜ੍ਹੀਆ ਵੈਲਫੇਅਰ ਕੌਸਲ ਦੇ ਸਰਪ੍ਰਸਤ ਬਾਬਾ ਮੋਹਨ ਸਿੰਘ ਸੱਗੂ ਅਤੇ ਗੁਰਦੁਆਰਾ ਵਿਸ਼ਵਕਰਮਾ ਮੰਦਰ ਦੇ ਪ੍ਰਧਾਨ ਜਸਵੰਤ ਸਿੰਘ ਸੱਗੂ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਮਨੁੱਖਤਾ ਨੂੰ ਸੇਵਾ ਭਾਵਨਾ ਦਾ ਮਾਰਗ ਦਿਖਾਉਣ ਲਈ ਅਤੇ ਜਰੂਰਤਮੰਦ ਦੀ ਸਹਾਇਤਾ ਅਤੇ ਸੇਵਾ ਕਰਨ ਲਈ ਸੱਚਾ ਸੌਦਾ ਕਰਕੇ ਸਾਧੂਆਂ ਨੂੰ ਭੋਜਨ ਛਕਾ ਕੇ ਲੰਗਰ ਦੀ ਸ਼ੁਰੂਆਤ ਕੀਤੀ। ਉਨ੍ਹਾਂ ਵੱਲੋਂ ਸ਼ੁਰੂ ਕੀਤੀ ਲੰਗਰ ਪ੍ਰਥਾ ਨੂੰ ਸਿੱਖ ਕੌਮ ਨੇ ਅਪਣਾਇਆ ਹੈ | ਦੁਨੀਆਂ ਭਰ ਵਿੱਚ ਕਿਤੇ ਵੀ ਕਿਸੇ ਵੀ ਤਰ੍ਹਾਂ ਦਾ ਸੰਕਟ ਆਇਆ ਤਾਂ ਸਿੱਖ ਸੰਗਤ ਨੇ ਗੁਰੂ ਸਾਹਿਬ ਦੇ ਦਰਸਾਏ ਮਾਰਗ ’ਤੇ ਚੱਲ ਕੇ ਅੱਗੇ ਆ ਕੇ ਸੇਵਾ ਕੀਤੀ। ਇਹ ਸੇਵਾ ਸਾਨੂੰ ਗੁਰੂ ਨਾਲ ਜੁੜਨ ਦੀ ਪ੍ਰੇਰਨਾ ਦਿੰਦੀ ਹੈ। ਉਨ੍ਹਾਂ ਸਾਰਿਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ।