ਰਾਏਕੋਟ, 11 ਮਈ ( ਲਿਕੇਸ਼ ਸ਼ਰਮਾਂ, ਜਗਰੂਪ ਸੋਹੀ )—ਰੇਹੜੀ ’ਤੇ ਪੈਦਲ ਚੱਲ ਫਿਰ ਕੇ ਸਬਜ਼ੀ ਵੇਚਣ ਵਾਲੇ ਵਿਅਕਤੀ ਤੋਂ ਫਲ ਲੈਣ ਦੇ ਬਹਾਨੇ ਰੁਕੇ ਤਿੰਨ ਲੁਟੇਰਿਆਂ ਨੇ ਹਥਿਆਰਾਂ ਦੇ ਜ਼ੋਰ ’ਤੇ ਉਸ ਨੂੰ ਲੁੱਟ ਲਿਆ ਅਤੇ ਫ਼ਰਾਰ ਹੋ ਗਏ। ਉਕਤ ਲੁਟੇਰਿਆਂ ਨੂੰ ਥਾਣਾ ਲੋਹਟਬੱਦੀ ਦੀ ਪੁਲਿਸ ਪਾਰਟੀ ਨੇ ਕਾਬੂ ਕਰ ਲਿਆ। ਏਐਸਆਈ ਰਾਜਕੁਮਾਰ ਨੇ ਦੱਸਿਆ ਕਿ ਤਰਸੇਮ ਲਾਲ ਵਾਸੀ ਪਿੰਡ ਕਲਸੀਆਂ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਪਿੰਡਾਂ ਵਿੱਚ ਰੇਹੜੀ ’ਤੇ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ। ਜਦੋਂ ਉਹ ਆਪਣੇ ਪਿੰਡ ਕਲਸੀਆਂ ਤੋਂ ਪਿੰਡ ਆਂਡਲੂ ਵੱਲ ਰੇਹੜੀ ਲੈ ਕੇ ਜਾ ਰਿਹਾ ਸੀ ਤਾਂ ਰਸਤੇ ਵਿੱਚ ਆਂਡਲੂ ਵਾਲੇ ਪਾਸੇ ਤੋਂ ਮੋਟਰਸਾਈਕਲ ’ਤੇ ਤਿੰਨ ਲੜਕੇ ਉਸ ਕੋਲ ਆ ਗਏ। ਉਸ ਤੋਂ ਇੱਕ ਦਰਜਨ ਕੇਲੇ ਖਰੀਦੇ। ਜਦੋਂ ਮੈਂ ਉਨ੍ਹਾਂ ਕੋਲੋਂ ਪੈਸੇ ਮੰਗੇ ਤਾਂ ਮੋਟਰਸਾਈਕਲ ਸਵਾਰ ਦੀ ਪਿਛਲੀ ਸੀਟ ’ਤੇ ਬੈਠੇ ਲੜਕੇ ਨੇ ਹੱਥ ’ਚ ਫੜੀ ਗੰਡਾਸੀ ਦਿਖਾ ਕੇ ਉਸਨੂੰ ਧਮਕਾਇਆ ਅਤੇ ਬਾਕੀ ਦੋ ਜਣਿਆਂ ਨੇ ਮੇਰੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਦੀ ਜੇਬ ’ਚੋਂ ਮੋਬਾਈਲ ਫ਼ੋਨ ਅਤੇ 900 ਦੇ ਕਰੀਬ ਨਕਦੀ ਕੱਢ ਲਈ ਅਤੇ ਮੈਨੂੰ ਧੱਕਾ ਦੇ ਕੇ ਹੇਠਾਂ ਸੁੱਟ ਦਿੱਤਾ। ਜਦੋਂ ਮੈਂ ਰੌਲਾ ਪਾਉਣਾ ਸ਼ੁਰੂ ਕੀਤਾ ਤਾਂ ਅਚਾਨਕ ਸਾਡੇ ਪਿੰਡ ਦੇ ਵਿਅਕਤੀ ਜੀਵਨ ਕੁਮਾਰ ਅਤੇ ਇੰਦਰਜੀਤ ਸਿੰਘ ਮੋਟਰਸਾਈਕਲ ’ਤੇ ਆ ਰਹੇ ਸਨ। ਮੈਨੂੰ ਰੌਲਾ ਪਾਉਂਦੇ ਦੇਖ ਕੇ ਉਨ੍ਹਾਂ ਨੇ ਪੁੱਛਿਆ ਅਤੇ ਅਸੀਂ ਤਿੰਨਾਂ ਨੇ ਮਿਲ ਕੇ ਉਨ੍ਹਾਂ ਲੜਕਿਆਂ ਨੂੰ ਕਾਬੂ ਕਰ ਲਿਆ। ਇਕ ਨੇ ਪਿਸਤੌਲ ਵਰਗਾ ਹਥਿਆਰ ਦਿਖਾ ਕੇ ਗੋਲੀ ਚਲਾਉਣ ਦਾ ਡਰ ਦਿਖਾਇਆ ਤਾਂ ਅਸੀਂ ਤਿੰਨੇ ਜਣੇ ਪਿੱਛੇ ਹਟ ਗਏ। ਉਹ ਤਿੰਨੇ ਮੋਟਰਸਾਈਕਲ ’ਤੇ ਪਿੰਡ ਕਲਸੀਆਂ ਵਾਲੇ ਪਾਸੇ ਭੱਜ ਗਏ। ਮੈਂ ਪਿੱਛੇ ਬੈਠੇ ਲੜਕੇ ਨੂੰ ਪਛਾਣ ਲਿਆ ਜਿਸਦਾ ਨਾਮ ਗੁਰਚਰਨ ਸਿੰਘ ਉਰਫ ਚਤਰਾ ਵਾਸੀ ਪਿੰਡ ਲਿੱਤਰਾਂ ਸੀ। ਮੋਟਰਸਾਈਕਲ ’ਤੇ ਦੌੜਦੇ ਸਮੇਂ ਉਨ੍ਹਾਂ ਦਾ ਇਕ ਬੈਗ ਉਥੇ ਡਿੱਗ ਪਿਆ। ਜਿਸ ਨੂੰ ਅਸੀਂ ਚੁੱਕ ਕੇ ਚੈੱਕ ਕੀਤਾ। ਉਸ ’ਚੋਂ ਦੋ ਆਧਾਰ ਕਾਰਡ ਮਿਲੇ ਜਿਸ ਵਿਚੋਂ ਇੱਕ ਗੁਰਚਰਨ ਸਿੰਘ ਵਾਸੀ ਲਿੱਤਰਾਂ ਦਾ ਅਤੇ ਇੱਕ ਗੁਰਕੀਰਤ ਸਿੰਘ ਵਾਸੀ ਖੁੱਡੀ ਕਲਾ ਜ਼ਿਲ੍ਹਾ ਬਰਨਾਲਾ ਦਾ ਸੀ। ਤਰਸੇਮ ਲਾਲ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰਦੇ ਹੋਏ ਗੁਰਚਰਨ ਸਿੰਘ ਉਰਫ਼ ਚਤਰਾ ਵਾਸੀ ਪਿੰਡ ਲਿੱਤਰਾਂ, ਬਲਵਿੰਦਰ ਸਿੰਘ ਉਰਫ਼ ਨਿੱਕਾ ਅਤੇ ਗੁਰਪ੍ਰੀਤ ਸਿੰਘ ਉਰਫ਼ ਹਾਥੀ ਵਾਸੀ ਪਿੰਡ ਖੁੱਡੀ ਕਲਾਂ ਜ਼ਿਲ੍ਹਾ ਬਰਨਾਲਾ ਨੂੰ ਲੋਹਟਬੱਧੀ ਤੋਂ ਗਿ੍ਰਫ਼ਤਾਰ ਕਰ ਲਿਆ। ਇਨ੍ਹਾਂ ਕੋਲੋਂ ਇੱਕ ਮੋਟਰਸਾਈਕਲ, ਇੱਕ ਪਿਸਤੌਲ ਵਰਗਾ ਹਥਿਆਰ ਏਅਰ ਗੰਨ, ਇੱਕ ਮੋਬਾਈਲ ਫ਼ੋਨ ਅਤੇ ਗੰਡਾਸੀ ਬਰਾਮਦ ਹੋਈ ਹੈ।