Home crime ਵਿਜੀਲੈਂਸ ਵੱਲੋਂ ਦਾਣਾ ਮੰਡੀਆਂ ਚ ਲੇਬਰ ਤੇ ਢੋਆ-ਢੁਆਈ ਦੇ ਟੈਂਡਰਾਂ ‘ਚ ਇਕ...

ਵਿਜੀਲੈਂਸ ਵੱਲੋਂ ਦਾਣਾ ਮੰਡੀਆਂ ਚ ਲੇਬਰ ਤੇ ਢੋਆ-ਢੁਆਈ ਦੇ ਟੈਂਡਰਾਂ ‘ਚ ਇਕ ਹੋਰ ਘਪਲੇ ਦਾ ਪਰਦਾਫਾਸ਼

61
0



• ਫਿਰੋਜ਼ਪੁਰ ਜਿਲੇ ਦੇ ਤਿੰਨ ਠੇਕੇਦਾਰਾਂ ਖਿਲਾਫ ਮਾਮਲਾ ਦਰਜ, ਇਕ ਠੇਕੇਦਾਰ ਗ੍ਰਿਫਤਾਰ

ਚੰਡੀਗੜ੍ਹ, 27 ਅਕਤੂਬਰ : ( ਰਾਜੇਸ਼ ਜੈਨ, ਭਗਵਾਨ ਭੰਗੂ) –

ਪੰਜਾਬ ਵਿਜੀਲੈਂਸ ਬਿਊਰੋ ਨੇ ਫਿਰੋਜ਼ਪੁਰ ਜਿਲੇ ਵਿੱਚ ਮਿਲੀਭੁਗਤ ਨਾਲ ਠੇਕੇਦਾਰਾਂ ਵੱਲੋਂ ਅਨਾਜ ਮੰਡੀਆਂ ਵਿੱਚ ਕਣਕ ਦੀ ਢੋਆ-ਢੁਆਈ ਲਈ ਲੇਬਰ ਕਾਰਟੇਜ ਅਤੇ ਟਰਾਂਸਪੋਰਟ ਟੈਂਡਰਾਂ ਵਿੱਚ ਧੋਖਾਧੜੀ ਦੇ ਇੱਕ ਹੋਰ ਘਪਲੇ ਦਾ ਪਰਦਾਫਾਸ਼ ਕੀਤਾ ਹੈ।
ਇਸ ਸਬੰਧੀ ਤਿੰਨ ਠੇਕੇਦਾਰਾਂ/ਟੈਂਡਰਕਾਰਾਂ ਦਵਿੰਦਰ ਸਿੰਘ ਵਾਸੀ ਫਰੀਦਕੋਟ, ਤਲਵੰਡੀ ਭਾਈ ਦੇ ਵਾਸੀ ਦਵਿੰਦਰਪਾਲ ਅਤੇ ਗੁਰੂਸ਼ਕਤੀ ਖਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਫਿਰੋਜ਼ਪੁਰ ਵਿਖੇ ਧੋਖਾਧੜੀ ਅਤੇ ਗਬਨ ਕਰਕੇ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਨੇ ਠੇਕੇਦਾਰ ਦਵਿੰਦਰ ਸਿੰਘ ਵਾਸੀ ਨੰਦੇਆਣਾ ਗੇਟ, ਫ਼ਰੀਦਕੋਟ ਨੂੰ ਗ੍ਰਿਫਤਾਰ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬਿਊਰੋ ਨੇ ਫਿਰੋਜ਼ਪੁਰ ਅਤੇ ਮਮਦੋਟ ਦੀਆਂ ਅਨਾਜ ਮੰਡੀਆਂ ਵਿੱਚ ਹੋਈ ਇਸ ਧੋਖਾਧੜੀ ਦੀ ਜਾਂਚ ਕਰਨ ਉਪਰੰਤ ਉਕਤ ਮੁਲਜਮ  ਠੇਕੇਦਾਰਾਂ ਖਿਲਾਫ ਥਾਣਾ ਵਿਜੀਲੈਂਸ, ਫਿਰੋਜ਼ਪੁਰ ਵਿਖੇ ਧਾਰਾ 420, 409, 467, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (1) ਅਤੇ (2) ਤਹਿਤ ਐਫ.ਆਈ.ਆਰ. 24 ਮਿਤੀ 27-10-2022 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਚਾਲੂ ਵਿਤੀ ਵਰ੍ਹੇ 2022-2023 ਦੌਰਾਨ ਉਪਰੋਕਤ ਦਾਣਾ ਮੰਡੀਆਂ ਵਿੱਚ ਕਣਕ/ਸਟਾਕ ਬਾਰੇ ਲੇਬਰ ਕਾਰਟੇਜ ਅਤੇ ਢੋਆ-ਢੁਆਈ ਦੇ ਟੈਂਡਰਾਂ ਦੌਰਾਨ ਉਪਰੋਕਤ ਠੇਕੇਦਾਰਾਂ ਨੇ ਮਾਲ ਦੀ ਢੋਆ-ਢੁਆਈ ਲਈ ਵਾਹਨਾਂ ਦੇ ਰਜਿਸਟ੍ਰੇਸ਼ਨ ਨੰਬਰਾਂ ਬਾਰੇ ਟੈਂਡਰ ਭਰਨ ਸਮੇਂ ਸੂਚੀਆਂ ਨੱਥੀ ਕੀਤੀਆਂ ਸਨ, ਜਿਹਨਾਂ ਦੀ ਵਿਜੀਲੈਂਸ ਬਿਊਰੋ ਦੁਆਰਾ ਸਬੰਧਤ ਜ਼ਿਲ੍ਹਾ ਟਰਾਂਸਪੋਰਟ ਅਥਾਰਟੀਆਂ ਤੋਂ ਤਸਦੀਕ ਕਰਵਾਈ ਗਈ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ ਸੂਚੀਆਂ ਵਿੱਚ ਮੋਟਰ ਸਾਈਕਲਾਂ, ਜੀਪਾਂ, ਟਰੈਕਟਰਾਂ ਆਦਿ ਕਈ ਗੈਰ-ਪ੍ਰਮਾਣਿਤ ਵਹੀਕਲਾਂ ਦੇ ਰਜਿਸਟ੍ਰੇਸ਼ਨ ਨੰਬਰ ਨੱਥੀ ਕੀਤੇ ਗਏ ਸਨ ਜਦਕਿ ਅਜਿਹੇ ਵਾਹਨਾਂ ‘ਤੇ ਅਨਾਜ ਦੀ ਢੋਆ-ਢੁਆਈ ਨਹੀਂ ਕੀਤੀ ਜਾ ਸਕਦੀ ਸੀ।

ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਠੇਕੇਦਾਰਾਂ ਵੱਲੋਂ ਗੇਟ ਪਾਸਾਂ ਵਿੱਚ ਦਰਸਾਏ ਜਾਅਲੀ ਵਾਹਨਾਂ ਦੇ ਰਜਿਸਟ੍ਰੇਸ਼ਨ ਨੰਬਰਾਂ ਅਤੇ ਅਨਾਜ ਦੀ ਮਾਤਰਾ ਦੇ ਵੇਰਵਿਆਂ ਕਰਕੇ ਇਹ ਮਾਮਲਾ ਪਹਿਲੀ ਨਜ਼ਰੀਏ ਇਨ੍ਹਾਂ ਗੇਟ ਪਾਸਾਂ ਵਿੱਚ ਦਰਸਾਈਆਂ ਗਈਆਂ ਜਾਅਲੀ ਰਿਪੋਰਟਾਂ ਅਤੇ ਗਬਨ ਦਾ ਜਾਪਦਾ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਦੇ ਸਬੰਧਤ ਕਰਮਚਾਰੀਆਂ ਨੇ ਉਕਤ ਠੇਕੇਦਾਰਾਂ ਨੂੰ ਇਨ੍ਹਾਂ ਜਾਅਲੀ ਗੇਟ ਪਾਸਾਂ ਦੀ ਤਸਦੀਕ ਕੀਤੇ ਬਿਨਾਂ ਉਹਨਾਂ ਵੱਲੋਂ ਕੀਤੇ ਕੰਮਾਂ ਦੀ ਅਦਾਇਗੀ ਵੀ ਕਰ ਦਿੱਤੀ।

ਉਨ੍ਹਾਂ ਅੱਗੇ ਦੱਸਿਆ ਕਿ ਉਪਰੋਕਤ ਤੱਥਾਂ ਅਨੁਸਾਰ ਇੱਕ ਦੂਜੇ ਦੀ ਮਿਲੀਭੁਗਤ ਨਾਲ ਇਨ੍ਹਾਂ ਅਨਾਜ ਮੰਡੀਆਂ ਵਿੱਚ ਅਨਾਜ ਦੀ ਢੋਆ-ਢੁਆਈ ਲਈ ਲੇਬਰ ਕਾਰਟੇਜ ਅਤੇ ਟਰਾਂਸਪੋਰਟ ਟੈਂਡਰਾਂ ਵਿੱਚ ਇਹ ਧੋਖਾਧੜੀ ਕੀਤੀ ਗਈ, ਜਿਸ ਦੇ ਆਧਾਰ ’ਤੇ ਉਕਤ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

LEAVE A REPLY

Please enter your comment!
Please enter your name here