Home ਪਰਸਾਸ਼ਨ ਜ਼ਿਲ੍ਹਾ ਪ੍ਰਸ਼ਾਸ਼ਨ ਨੇ 10 ਸਹਿਕਾਰੀ ਸਭਾਵਾਂ ਵਿੱਚੋਂ ਇੱਕ-ਇੱਕ ਬੇਲਰ/ਰੇਕ ਨਵੀਆਂ ਸਹਿਕਾਰੀਆਂ ਸਭਾਵਾਂ...

ਜ਼ਿਲ੍ਹਾ ਪ੍ਰਸ਼ਾਸ਼ਨ ਨੇ 10 ਸਹਿਕਾਰੀ ਸਭਾਵਾਂ ਵਿੱਚੋਂ ਇੱਕ-ਇੱਕ ਬੇਲਰ/ਰੇਕ ਨਵੀਆਂ ਸਹਿਕਾਰੀਆਂ ਸਭਾਵਾਂ ਵਿੱਚ ਕੀਤੇ ਸ਼ਿਫਟ
-ਵੱਧ ਤੋਂ ਵੱਧ ਪਿੰਡਾਂ ਦੇ ਕਿਸਾਨਾਂ ਨੂੰ ਬੇਲਰ/ਰੇਕ ਦਾ ਫਾਇਦਾ ਦਿਵਾਉਣ ਲਈ ਲਿਆ ਫੈਸਲਾ-ਡਿਪਟੀ ਕਮਿਸ਼ਨਰ

44
0

ਮੋਗਾ, 27 ਅਕਤੂਬਰ: ( ਕੁਲਵਿੰਦਰ ਸਿੰਘ) –

ਐਸਪੀਰੇਸ਼ਨ ਡਿਸਟ੍ਰਿਕਟ ਪ੍ਰੋਗਰਾਮ ਤਹਿਤ ਜ਼ਿਲ੍ਹਾ ਮੋਗਾ ਦੀਆਂ 10 ਸਹਿਕਾਰੀ ਖੇਤੀਬਾੜੀ ਸਭਾਵਾਂ ਨੂੰ 2-2 ਬੇਲਰ ਅਤੇ 2-2 ਰੇਕ ਉਪਲੱਬਧ ਕਰਵਾਏ ਗਏ ਸਨ ਤਾਂ ਕਿ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਸਾੜਨ ਤੋਂ ਨਿਜਾਤ ਦਿਵਾਈ ਜਾ ਸਕੇ ਅਤੇ ਪਰਾਲੀ ਦੀਆਂ ਗੱਠਾਂ ਬਣਾ ਕੇ ਬਾਇਓ ਮਾਸ ਪਲਾਟਾਂ ਨੂੰ ਭੇਜੀਆਂ ਜਾ ਸਕਣ।  

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਹਿਕਾਰੀ ਸਭਾਵਾਂ ਵੱਲੋਂ ਨਿਰਧਾਰਿਤ ਟੀਚਿਆਂ ਦੇ ਅੰਕੜਿਆਂ ਦੇ ਆਧਾਰ ‘ਤੇ ਅਤੇ ਇਨ੍ਹਾਂ ਬੇਲਰਾਂ/ਰੇਕਾਂ ਦਾ ਲਾਭ ਵੱਧ ਤੋਂ ਵੱਧ ਕਿਸਾਨਾਂ ਤੱਕ ਪੁੱਜਦਾ ਕਰਨ ਲਈ ਹੁਣ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਨ੍ਹਾਂ 10 ਸਹਿਕਾਰੀ ਸਭਾਵਾਂ ਵਿੱਚ 10 ਹੋਰ ਸਹਿਕਾਰੀ ਸਭਾਵਾਂ ਨੂੰ ਸ਼ਾਮਿਲ ਕਰ ਦਿੱਤਾ ਗਿਆ ਹੈ ਭਾਵ ਹੁਣ 20 ਸਹਿਕਾਰੀ ਸਭਾਵਾਂ ਵਿੱਚ ਇੱਕ-ਇੱਕ ਬੇਲਰ ਅਤੇ ਇੱਕ-ਇੱਕ ਰੇਕ ਕਿਸਾਨਾਂ ਦੀ ਸੁਵਿਧਾ ਲਈ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਹ ਫੈਸਲਾ ਇਸ ਲਈ ਲਿਆ ਗਿਆ ਹੈ ਤਾਂ ਕਿ ਵੱਧ ਤੋਂ ਵੱਧ ਪਿੰਡਾਂ ਦੇ ਲੋਕ ਇਨ੍ਹਾਂ ਬੇਲਰਾਂ ਦਾ ਲਾਹਾ ਲੈ ਸਕਣ। ਇਨ੍ਹਾਂ ਬੇਲਰਾਂ ਅਤੇ ਰੇਕਾਂ ਰਾਹੀਂ ਹਰ ਇੱਕ ਸਹਿਕਾਰੀ ਸਭਾ ਨੂੰ ਘੱਟ ਤੋਂ ਘੱਟ 400 ਏਕੜ ਰਕਬਾ ਕਵਰ ਕਰਨ ਦਾ ਟੀਚਾ ਦਿੱਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਪਹਿਲਾਂ ਖੋਸਾ ਪਾਂਡੋ, ਕੋਟ ਮੁਹੰਮਦ ਖਾਂ, ਬੱਧਨੀਂ ਕਲਾਂ, ਅਜੀਤਵਾਲ, ਚੰਦ ਨਵਾਂ, ਗਾਜੀਆਣਾ, ਕਿਸ਼ਨਪੁਰਾ ਕਲਾਂ ਦੀਆਂ ਸਹਿਕਾਰੀ ਖੇਤੀਬਾੜੀ ਸਭਾਵਾਂ ਨੂੰ ਦੋ ਦੋ ਬੇਲਰ ਅਤੇ ਦੋ ਦੋ ਰੇਕ ਦਿੱਤੇ ਗਏ ਸਨ ਪ੍ਰੰਤੂ ਹੁਣ ਇਨ੍ਹਾਂ ਸਭਾਵਾਂ ਵਿੱਚੋਂ ਇੱਕ ਇੱਕ ਬੇਲਰ ਅਤੇ ਇੱਕ ਇੱਕ ਰੇਕ ਡਰੋਲੀ ਭਾਈ, ਤਲਵੰਡੀ ਮੱਲੀਆਂ, ਰੌਂਤਾ, ਬੁੱਧ ਸਿੰਘ ਵਾਲਾ, ਸਮਾਧ ਭਾਈ, ਸੁਖਾਨੰਦ, ਨੱਥੂਵਾਲਾ ਗਰਬੀ, ਧਰਮ ਸਿੰਘ ਵਾਲਾ, ਚੜਿੱਕ, ਸੱਦਾ ਸਿੰਘ ਵਾਲਾ ਅਤੇ ਜੇਨਰ ਦੀਆਂ ਸਹਿਕਾਰੀ ਸਭਾਵਾਂ ਨੂੰ ਸ਼ਿਫਟ ਕਰ ਦਿੱਤਾ ਗਿਆ ਹੈ।  

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ 20 ਪਿੰਡਾਂ ਦੀ ਇਸ ਵਰ੍ਹੇ ਦੀ ਝੋਨੇ ਦੀ ਪਰਾਲੀ ਦੀਆਂ ਗੱਠਾਂ ਇਨ੍ਹਾਂ ਬੇਲਰਾਂ ਨਾਲ ਬਣਾਈਆਂ ਜਾਣਗੀਆਂ ਅਤੇ ਬਾਈਓ ਮਾਸ ਪਲਾਂਟਾਂ ਨੂੰ ਭੇਜੀਆਂ ਜਾਣਗੀਆਂ, ਜਿਸ ਨਾਲ ਇਹ 20 ਪਿੰਡਾਂ ਵਿੱਚ ਪਰਾਲੀ ਦੀ ਸਮੱਸਿਆ ਬਿਲਕੁਲ ਖਤਮ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਅਤੇ ਖੇਤੀਬਾੜੀ ਵਿਭਾਗ ਜ਼ਿਲ੍ਹੇ ਵਿਚ ਜ਼ੀਰੋ ਪ੍ਰਤੀਸ਼ਤ ਸਟਬਲ ਬਰਨਿੰਗ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਦਿਨ ਰਾਤ ਕੰਮ ਕਰ ਰਿਹਾ ਹੈ।

ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਪਰਾਲੀ ਅਤੇ ਰਹਿੰਦ ਖੂੰਹਦ ਦਾ ਸੁਚੱਜਾ ਪ੍ਰਬੰਧਨ ਕਰਕੇ ਵਾਤਾਵਰਨ ਦੀ ਸ਼ੁੱਧਤਾ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ।

LEAVE A REPLY

Please enter your comment!
Please enter your name here