ਜਗਰਾਉਂ 3 ਨਵੰਬਰ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ) – ਫਾਜ਼ਿਲਕਾ ਤੋਂ ਬਦਲ ਕੇ ਆਏ ਅਮਿਤ ਸਰੀਨ ਨੇ ਅੱਜ ਜਗਰਾਓ ਵਿਖੇ ਬਤੌਰ ਏਡੀਸੀ ਦਾ ਚਾਰਜ ਸੰਭਾਲਿਆ। ਉਨ੍ਹਾਂ ਜਗਰਾਉਂ ਵਿੱਚ ਏਡੀਸੀ ਵਜੋਂ ਅਹੁਦਾ ਸੰਭਾਲਦਿਆਂ ਕਿਹਾ ਕਿ ਉਨ੍ਹਾਂ ਦਾ ਉਦੇਸ਼ ਜਨਤਾ ਦੇ ਹਿੱਤਾਂ ਲਈ ਕੰਮ ਕਰਨਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਜਿੰਮੇਵਾਰੀ ਅਨੁਸਾਰ ਲੋਕਾਂ ਦੇ ਹਿੱਤਾਂ, ਉਨ੍ਹਾਂ ਦੀਆਂ ਮੁਸ਼ਕਿਲਾਂ ਅਤੇ ਉਨ੍ਹਾਂ ਦਾ ਹਰ ਕੰਮ ਪਹਿਲ ਦੇ ਆਧਾਰ ‘ਤੇ ਕਰਨਗੇ,ਤਾਂ ਜੋ ਹਰ ਵਿਅਕਤੀ ਨੂੰ ਪਾਰਦਰਸ਼ਤਾ ਨਾਲ ਪਹਿਲ ਦੇ ਆਧਾਰ ‘ਤੇ ਸਮੇਂ ਸਿਰ ਨਿਆਂ ਮਿਲ ਸਕੇ। ਇਸ ਮੌਕੇ ਉਨ੍ਹਾਂ ਆਪਣੇ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵਾਤਾਵਰਨ ਨਾਲ ਪਿਆਰ ਕਰਨ ਅਤੇ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਆਪਣੇ ਆਲੇ-ਦੁਆਲੇ ਦੀ ਸਫ਼ਾਈ ਰੱਖਣ ਦੀ ਅਪੀਲ ਕੀਤੀ। ਜਗਰਾਉਂ ਵਿਖੇ ਏ.ਡੀ.ਸੀ ਦਾ ਚਾਰਜ ਸੰਭਾਲਣ ਤੋਂ ਬਾਅਦ ਉਨ੍ਹਾਂ ਸੇਵਾ ਕੇਂਦਰਾਂ, ਫਰਦ ਕੇਂਦਰਾਂ ਦਾ ਦੌਰਾ ਕੀਤਾ ਅਤੇ ਰਜਿਸਟਰੀ ਕਰਵਾਉਣ ਜਾਂ ਕੋਈ ਹੋਰ ਕੰਮ ਕਰਵਾਉਣ ਆਏ ਲੋਕਾਂ ਤੋਂ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਉਪਰੰਤ ਉਨ੍ਹਾਂ ਰਾਏਕੋਟ ਤਹਿਸੀਲ ਦਾ ਦੌਰਾ ਕੀਤਾ। ਉਨ੍ਹਾਂ ਰਾਏਕੋਟ ਤਹਿਸੀਲ ਦੇ ਫਰਦ ਕੇਂਦਰ ਦਾ ਦੌਰਾ ਕੀਤਾ ਅਤੇ ਕਰਮਚਾਰੀਆਂ ਨੂੰ ਹਰ ਰਿਕਾਰਡ ਨੂੰ ਸਹੀ ਢੰਗ ਨਾਲ ਸੰਭਾਲਣ ਦੀ ਅਪੀਲ ਕੀਤੀ।
