ਜਗਰਾਉਂ, 11 ਜਨਵਰੀ (ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )-ਬੁੱਧਵਾਰ ਦੇਰ ਸ਼ਾਮ ਨਗਰ ਕੌਂਸਲ ਵੱਲੋਂ ਵੱਡੀ ਕਾਰਵਾਈ ਕਰਦਿਆਂ ਪੁਰਾਣੀ ਦਾਣਾ ਮੰਡੀ ਵਿੱਚ 2 ਦਿਨ ਪਹਿਲਾਂ ਅੱਧੀ ਰਾਤ ਨੂੰ ਕੀਤੀ ਗਈ ਨਾਜਾਇਜ਼ ਉਸਾਰੀ ਨੂੰ ਪੂਰੇ ਦਲ ਬਲ ਨਾਲ ਢਾਹ ਦਿੱਤਾ ਗਿਆ। ਮੌਕੇ ’ਤੇ ਨਗਰ ਕੌਂਸਲ ਪ੍ਰਧਾਨ ਜਤਿੰਦਰ ਪਾਲ ਰਾਣਾ ਅਤੇ ਈਓ ਮਨੋਹਰ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਨਗਰ ਕੌਂਸਲ ਦੇ ਮੁਲਾਜ਼ਮ ਮਸ਼ੀਨ ਲੈ ਕੇ ਪੁੱਜੇ। ਜਦੋਂ ਉਨ੍ਹਾਂ ਨੇ ਨਗਰ ਕੌਂਸਲ ਦੀ ਥਾਂ ਤੇ ਨਜਾਇਜ਼ ਕਬਜ਼ੇ ਵਾਲੇ ਲੈਂਟਰ ਨੂੰ ਢਾਹੁਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਵਿਅਕਤੀ ਅਤੇ ਉਸਦੇ ਪਰਿਵਾਰ ਅਤੇ ਮੰਡੀ ਦੇ ਕੁਝ ਦੁਕਾਨਦਾਰਾਂ ਵੱਲੋਂ ਨਗਰ ਕੌਂਸਲ ਕਰਮਚਾਰੀਆਂ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ ਅਤੇ ਇਸ ਗੱਲ ਨੂੰ ਲੈ ਕੇ ਪ੍ਰਧਾਨ ਅਤੇ ਈਓ ਨਾਲ ਬਹਿਸਬਾਜੀ ਕੀਤੀ ਗਈ ਕਿ ਦਾਣਾ ਮੰਡੀ ’ਚ ਵੱਡੀ ਗਿਣਤੀ ’ਚ ਲੋਕਾਂ ਨੇ ਨਾਜਾਇਜ਼ ਉਸਾਰੀਆਂ ਕੀਤੀਆਂ ਹੋਈਆਂ ਹਨ, ਪਹਿਲਾਂ ਉਨ੍ਹਾਂ ਨਾਜਾਇਜ਼ ਉਸਾਰੀਆਂ ਨੂੰ ਢਾਹਿਆ ਜਾਵੇ, ਬਾਅਦ ’ਚ ਅਸੀਂ ਆਪਣੇ ਤੌਰ ’ਤੇ ਹੀ ਇਸਨੂੰ ਢਾਹ ਦਿਆਂਗੇ। ਉਨ੍ਹਾਂ ਦੀ ਦਲੀਲ ਨਹੀਂ ਮੰਨੀ ਗਈ ਅਤੇ ਭਾਰੀ ਵਿਰੋਧ ਦੇ ਬਾਵਜੂਦ ਨਾਜਾਇਜ਼ ਉਸਾਰੀ ਨੂੰ ਢਾਹ ਦਿੱਤਾ ਗਿਆ।.
ਅੱਧੀ ਰਾਤ ਨੂੰ ਪਾਇਆ ਸੀ ਲੈਂਟਰ-ਐਤਵਾਰ ਅੱਧੀ ਰਾਤ ਨੂੰ ਉਕਤ ਵਿਅਕਤੀ ਨੇ ਨਗਰ ਕੌਸਲ ਦੀ ਜਗ੍ਹਾ ’ਤੇ ਕਬਜ਼ਾ ਕਰਕੇ ਪੁਰਾਣੀ ਦਾਣਾ ਮੰਡੀ ’ਚ ਲੈਂਟਰ ਪਾਉਣਾ ਸ਼ੁਰੂ ਕਰ ਦਿੱਤਾ ਸੀ। ਇਸ ਦੀ ਸੂਚਨਾ ਨਗਰ ਕੌੰਸਲ ਦੇ ਪ੍ਰਧਾਨ ਜਤਿੰਦਰ ਪਾਲ ਰਾਣਾ ਨੂੰ ਮਿਲੀ ਤਾਂ ਉਹ ਨਗਰ ਕੌਸਲ ਦੇ ਕਰਮਚਾਰੀਆਂ ਨਾਲ ਉਸੇ ਸਮੇਂ ਮੌਕੇ ’ਤੇ ਪਹੁੰਚ ਗਏ ਸਨ ਅਤੇ ਨਾਜਾਇਜ਼ ਉਸਾਰੀ ਦੇ ਚੱਲ ਰਹੇ ਕੰਮ ਨੂੰ ਬੰਦ ਕਰਵਾਇਆ ਸੀ ਅਤੇ ਉਥੋਂ ਸਾਮਾਨ ਨਗਰ ਕੌਸਲ ਦੀ ਟਰਾਲੀ ਵਿਚ ਪਾ ਕੇ ਜਬਤ ਕਰ ਲਿਆ ਗਿਆ ਸੀ। ਮੌਕੇ ’ਤੇ ਉਕਤ ਵਿਅਕਤੀ ਨੂੰ ਇਸ ਜਗ੍ਹਾ ਦੀ ਮਾਲਕੀ ਦੇ ਦਸਤਾਵੇਜ਼ ਲੈ ਕੇ ਸਵੇਰੇ ਨਗਰ ਕੌਂਸਲ ਦਫ਼ਤਰ ਪੁੱਜਣ ਦੀ ਗੱਲ ਆਖੀ ਗਈ ਸੀ ਅਤੇ ਕਿਹਾ ਗਿਆ ਸੀ ਕਿ ਉਹ ਉਨ੍ਹਾਂ ਸਮਾਂ ਇਥੇ ਕੋਈ ਉਸਾਰੀ ਨਾ ਕਰੇ। ਉਸ ਸਮੇਂ ਦੁਕਾਨਦਾਰ ਨੇ ਨਗਰ ਕੌਂਸਲ ਪ੍ਰਧਾਨ ਨੂੰ ਭਰੋਸਾ ਦਿਵਾਇਆ ਸੀ ਕਿ ਉਹ ਹੁਣ ਇੱਥੇ ਕੋਈ ਉਸਾਰੀ ਨਹੀਂ ਕਰਵਾਉਣਗੇ। ਪਰ ਨਗਰ ਕੌਂਸਲ ਪ੍ਰਧਾਨ ਅਤੇ ਮੁਲਾਜ਼ਮਾਂ ਦੇ ਉਥੋਂ ਚਲੇ ਜਾਣ ਤੋਂ ਬਾਅਦ ਤੜਕੇ 3 ਵਜੇ ਦੁਕਾਨਦਾਰ ਵੱਲੋਂ ਲੈਂਟਰ ਪਾ ਦਿੱਤਾ ਗਿਆ। ਜਿਸ ਦੀ ਸ਼ਹਿਰ ਵਿੱਚ ਕਾਫੀ ਚਰਚਾ ਹੋ ਰਹੀ ਸੀ।
ਦੁਕਾਨ ਨੂੰ ਬਚਾਉਣ ਲਈ ਵੱਡੀ ਗਿਣਤੀ ’ਚ ਪਹੁੰਚੇ ਸਮਰਥਕ-ਜਦੋੋਂ ਨਗਰ ਕੌਂਸਲ ਦੇ ਕਰਮਚਾਰੀ ਨਜਾਇਜ਼ ਉਸਾਰੀ ਨੂੰ ਢਾਹੁਣ ਲਈ ਵੱਡੀ ਗਿਣਤੀ ਵਿਚ ਕਰਮਚਾਰੀਆਂ ਅਤੇ ਪੁਲਿਸ ਫੋਰਸ ਨਾਲ ਪਹੁੰਚ ਹੋਏ ਸਨ ਤਾਂ ਉੁਕਤ ਵਿਅਕਤੀ ਨੇ ਆਪਣੇ ਪਰਿਵਾਰਕ ਮੈਂਬਰਾਂ, ਸਮੇਤ ਛੋਟੀ ਬੱਚੀ ਅਤੇ ਆਪਣਏ ਸਮਰਥਕਾਂ ਨਾਲ ਦੁਕਾਨ ਦੇ ਅੰਦਰ ਜਾ ਕੇ ਖੜ੍ਹੇ ਹੋ ਗਏ । ਜਿਸ ਵਿੱਚ ਕਈ ਔਰਤਾਂ ਵੀ ਸ਼ਾਮਲ ਸਨ। ਜਿਸ ’ਤੇ ਨਗਰ ਕੌਸਲ ਨੇ ਵੀ ਆਪਣੀਆਂ ਮਹਿਲਾ ਮੁਲਾਜ਼ਮਾਂ ਨੂੰ ਬੁਲਾਇਆ ਅਤੇ ਉਨ੍ਹਾਂ ਦੇ ਨਾਲ ਪੁਲਿਸ ਮੁਲਾਜ਼ਮਾਂ ਨੇ ਦੁਕਾਨ ਦੇ ਅੰਦਰ ਇਕੱਠੇ ਹੋਏ ਲੋਕਾਂ ਨੂੰ ਬਾਹਰ ਕੱਢਿਆ। ਉਸ ਤੋਂ ਬਾਅਦ ਨਗਰ ਕੌਂਸਲ ਵੱਲੋਂ ਨਜਾਇਜ਼ ਉਸਾਰੀ ਨੂੰ ਢਾਹ ਦਿਤਾ ਗਿਆ।