ਕੱਢਦਾ ਸਿਆੜ੍ਹ ਫੇਰ ਖ਼ੁਦ, ਰੂਹਾਂ ‘ਚ ਬਾਣੀ ਕੇਰਦਾ।
ਮਾਲਾ ਨਾ ਕੱਲ੍ਹੀ ਘੁੰਮਦੀ, ਮਨ ਦੇ ਵੀ ਮਣਕੇ ਫੇਰਦਾ।
ਰਾਵੀ ਦੇ ਕੰਢੇ ਵਰਤਦਾ ਅਦਭੁਤ ਨਜ਼ਾਰਾ ਵੇਖਿਆ।
ਕਿਰਤ ਦਾ ਕਰਤਾਰਪੁਰ…।
ਨਿਸ਼ਕਾਮ ਨਿਰਛਲ ਨੀਰ ਨੂੰ ਅੰਗਦ ਬਣਾਇਆ ਲਹਿਣਿਓਂ।
ਸੇਵਾ ਹੈ ਏਦਾਂ ਮੌਲਦੀ, ਮਿਲਦਾ ਬਿਨਾ ਕੁਝ ਕਹਿਣਿਓਂ।
ਬਿਨ ਬੋਲਿਆਂ ਸਭ ਜਾਣਦਾ, ਐਸਾ ਪਿਆਰਾ ਵੇਖਿਆ।
ਕਿਰਤ ਦਾ ਕਰਤਾਰਪੁਰ…।
ਪੰਜ ਸਦੀਆਂ ਬਾਦ ਅੱਜ ਰਟਦੇ ਹਾਂ ਤੇਰੇ ਨਾਮ ਨੂੰ।
ਛੇੜਦਾ ਨਾ ਸੁਰ ਅੱਲਾਹੀ ਹੁਣ ਕੋਈ ਸੁਬਹ ਸ਼ਾਮ ਨੂੰ।
ਸੁਰਤਿ ਦਾ ਤਾਹੀਓਂ ਹੀ ਤਾਂ ਪੈਂਦਾ ਖਿਲਾਰਾ ਵੇਖਿਆ।
ਕਿਰਤ ਦਾ ਕਰਤਾਰਪੁਰ…।
ਕਿਹੜਾ ਕਹੇ ਮਰਦਾਨਿਆਂ ਤੂੰ ਛੇੜ ਹੁਣ ਰਬਾਬ ਨੂੰ।
ਤਾਹੀਓਂ ਸਿਉਂਕ ਲੱਗ ਗਈ ਬਾਬਾ ਤੇਰੇ ਪੰਜਾਬ ਨੂੰ।
ਰੂਹਾਂ ਨੂੰ ਚੀਰੀ ਜਾ ਰਿਹਾ, ਭਟਕਣ ਦਾ ਆਰਾ ਦੇਖਿਆ।
ਕਿਰਤ ਦਾ ਕਰਤਾਰਪੁਰ…।
ਦੇ ਕੇ ਪੰਜਾਲੀ ਬੌਲਦਾਂ ਨੂੰ ਬਾਬਾ ਲਾਉਂਦਾ ਜੋਤਰਾ।
ਓਸ ਨੇ ਨਾ ਵੇਖਿਆ ਕਿਹੜਾ ਹੈ ਪੁੱਤ ਜਾਂ ਪੋਤਰਾ।
ਇਕ ਹੀ ਓਂਕਾਰ ਦਾ ਨੂਰੀ ਦੁਲਾਰਾ ਵੇਖਿਆ।
ਕਿਰਤ ਦਾ ਕਰਤਾਰਪੁਰ…।
ਲੋਧੀ ਸਣੇ ਸੁਲਤਾਨਪੁਰ ਬਾਬੇ ਦੀ ਨਗਰੀ ਹੋ ਗਿਆ।
ਬੇਈਂ ‘ਚੋਂ ਉਚਰੇ ਸ਼ਬਦ ਦਾ ਭੀੜਾਂ ‘ਚ ਚਿਹਰਾ ਖੋ ਗਿਆ।
ਅੰਨ੍ਹੀ ਰੱਯਤ ਭਟਕਦੀ ਖ਼ੁਰਦਾ ਕਿਨਾਰਾ ਵੇਖਿਆ।
ਕਿਰਤ ਦਾ ਕਰਤਾਰਪੁਰ…।
ਤੇਰੇ ਵਿਆਹ ਤੇ ਅੱਜ ਵੀ ਹਰ ਸਾਲ ਵਾਜੇ ਵੱਜਦੇ।
ਚੜ੍ਹਦੀ ਬਾਰਾਤ ਕੂੜ ਦੀ, ਬੱਦਲ ਸਿਆਸੀ ਗੱਜਦੇ।
ਪੇਕੇ ਸੁਲੱਖਣੀ ਮਾਤ ਦੇ ਇਹ ਵੀ ਮੈਂ ਕਾਰਾ ਵੇਖਿਆ।
ਕਿਰਤ ਦਾ ਕਰਤਾਰਪੁਰ…।
ਪੌਣ ਗੁਰ, ਪਾਣੀ ਪਿਤਾ, ਧਰਤੀ ਨੂੰ ਮਾਤਾ ਕਹਿ ਗਿਆ।
ਤੇਜ਼ ਰਫ਼ਤਾਰੀ ‘ਚ ਹੁਣ ਉਪਦੇਸ਼ ਪਿੱਛੇ ਰਹਿ ਗਿਆ।
ਕਹਿਰ ਦਾ ਤਾਹੀਓਂ, ਦਿਨੇ ਚੜ੍ਹਿਆ ਸਿਤਾਰਾ ਵੇਖਿਆ।
ਕਿਰਤ ਦਾ ਕਰਤਾਰਪੁਰ…।
ਸਿੱਧਾਂ ਨੇ ਚੋਲੇ ਪਹਿਨ ਕੇ ਤੇਰੀ ਹੀ ਬਾਣੀ ਰੱਟ ਲਈ।
ਅੱਚਲ ਵਟਾਲਾ ਛੱਡ ਕੇ, ਥਾਂ-ਥਾਂ ਚਲਾਉਂਦੇ ਹੱਟ ਕਈ।
ਭਰਮਾਂ ਦਾ ਭਾਂਡਾ ਭਰ ਗਿਆ, ‘ਗੋਸ਼ਟਿ’ ਵਿਚਾਰਾ ਵੇਖਿਆ।
ਕਿਰਤ ਦਾ ਕਰਤਾਰਪੁਰ…।
ਹਾਲੇ ਕੰਧਾਰੀ ਵਲੀ ਦਾ ਹੰਕਾਰ ਨਹੀਓਂ ਟੁੱਟਿਆ।
ਅੱਜ ਵੀ ਉਹ ਪਾਣੀਆਂ ਤੇ ਕਰਨ ਕਬਜ਼ੇ ਜੁੱਟਿਆ।
‘ਤਰਕ’ ਦੀ ਛਾਤੀ ਤੇ ਮੁੜ ਪੱਥਰ ਮੈਂ ਭਾਰਾ ਵੇਖਿਆ।
ਕਿਰਤ ਦਾ ਕਰਤਾਰਪੁਰ…।
ਮਲਿਕ ਭਾਗੋ ਅੱਜ ਵੀ, ਓਨਾਂ ਹੀ ਟੇਢਾ ਬੋਲਦਾ।
ਤੱਕੜੀ ਵਾਲਾ ਵੀ ਮੋਦੀ, ਘੱਟ ਸੌਦਾ ਤੋਲਦਾ।
ਉੱਡਦਾ ਅੰਬਰ ‘ਚ ਮੈਂ, ਫੂਕੀ ਗੁਬਾਰਾ ਵੇਖਿਆ।
ਕਿਰਤ ਦਾ ਕਰਤਾਰਪੁਰ…।
‘ਜਪੁਜੀ’ ਦੀ ਸਿਰਜਣ-ਭੂਮ ਦੇ ਚੇਤੇ ਨਿਰੰਤਰ ਡੰਗਦੇ।
ਤਾਹੀਓਂ ਹੀ ਤੇਰੇ ਪੁੱਤ ਅੱਜ ਰਾਵੀ ਤੋਂ ਲਾਂਘਾ ਮੰਗਦੇ।
ਪੂਰੀ ਕਰੀਂ ਅਰਦਾਸ ਤੂੰ, ਤੇਰਾ ਸਹਾਰਾ ਵੇਖਿਆ।
ਕਿਰਤ ਦਾ ਕਰਤਾਰਪੁਰ ਵੱਖਰਾ ਨਜ਼ਾਰਾ ਵੇਖਿਆ।
ਇਸ ਵਿੱਚ ਸਿਰਫ਼ ਏਨੀ ਕੁ ਹੀ ਤਬਦੀਲੀ ਕੀਤੀ
ਪੂਰੀ ਕਰੀਂ ਅਰਦਾਸ ਤੂੰ ਦੀ ਥਾਂ ਪੂਰੀ ਕਰੀ ਤੂੰ ਅਰਦਾਸ ਤੂੰ ਹੀ ਕੀਤਾ ਹੈ।
ਤੇ ਅੱਜ ਉਹ ਵੀ ਦਿਨ ਚੇਤੇ ਆ ਰਹੇ ਨੇ ਜਦ 2019 ਵਿੱਚ ਗੁਰੂ ਨਾਨਕ ਸਾਹਿਬ ਦੀ 550ਵੀਂ ਪ੍ਰਕਾਸ਼ ਸਾਲ ਗਿਰ੍ਹਾ ਸੀ। ਕਰਤਾਰਪੁਰ ਸਾਹਿਬ ਲਾਂਘਾ ਖੁੱਲ ਗਿਆ। ਉਦਘਾਟਨ ਵੇਲੇ ਮੈਂ ਵੀ ਸੰਗਤ ਚ ਹਾਜ਼ਰ ਹੋਇਆ।
ਕਰਤਾਰਪੁਰ ਸਾਹਿਬ ਜਾਣ ਵਾਲੇ ਕਾਫ਼ਲੇ ਵਿੱਚ ਸਾਡੇ ਵਰਗਿਆਂ ਨੂੰ ਕਿਸ ਸੁਲ੍ਹਾ ਮਾਰਨੀ ਸੀ।
ਤਰਸਦੇ ਤਰਸਦੇ ਖੜ੍ਹੇ ਰਹੇ ਸਰਹੱਦ ਤੇ।
ਇਸ ਦਿਨ ਦਾ ਭਾਰ ਅਜੇ ਵੀ ਰੂਹ ਤੇ ਹੈ। ਵਿਸ਼ਵਾਸ ਦੀ ਬੇ ਹੁਰਮਤੀ ਕਰਨ ਵਾਲੇ ਆਪਣੇ ਸਨ। ਚਲੋ! ਉਹ ਵੀ ਜਿਉਣ ਜਾਗਣ!ਮੇਰੇ ਕਰਤਾਰਪੁਰ ਸਾਹਿਬ ਬਾਰੇ ਲਿਖੇ ਗੀਤ ਨੂੰ ਤਰਨ ਤਾਰਨ ਵਾਲੇ ਦਿਲਬਾਗ ਸਿੰਘ ਹੁੰਦਲ ਨੇ ਪ੍ਰੀਤ ਪੰਜਾਬੀ ਅੰਮ੍ਰਿਤਸਰ ਵਾਲੇ ਸੰਗੀਤਕਾਰ ਦੇ ਸੰਗੀਤ ਵਿੱਚ ਸੁਰਿੰਦਰ ਸ਼ਿੰਦਾ, ਜੱਸੀ, ਪਾਲੀ ਦੇਤਵਾਲੀਆ, ਸੁਰਜੀਤ ਭੁੱਲਰ ਸਮੇਤ ਤੇਰਾਂ ਗਾਇਕਾਂ ਤੋਂ ਰੀਕਾਰਡ ਕਰਵਾਇਆ।
ਅਮਰੀਕ ਸਿੰਘ ਗਾਜ਼ੀਨੰਗਲ ਨੇ ਵੀ ਇਸ ਨੂੰ ਕੁਲਜੀਤ ਸੰਗੀਤਕਾਰ ਜਲੰਧਰ ਵਾਲਿਆਂ ਦੀ ਨਿਰਦੇਸ਼ਨਾ ਹੇਠ ਰੀਕਾਰਡ ਕੀਤਾ ਹੈ।ਪਿਛਲੇ ਸਾਲ 28 ਦਸੰਬਰ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਗਏ ਤਾ ਓਧਰੋਂ ਬਾਬਾ ਨਜਮੀ, ਅਫ਼ਜ਼ਲ ਸਾਹਿਰ, ਬਾਬਾ ਨਦੀਮ, ਬੁਸ਼ਰਾ ਨਾਜ਼, ਸਾਨੀਆ ਸ਼ੇਖ਼, ਮੁਨੀਰ ਹੋਸ਼ਿਆਰਪੁਰੀ, ਰੁਖ਼ਸਾਨਾ ਭੱਟੀ ਤੇ ਕਿੰਨੇ ਹੀ ਜੀਅ ਹੋਰ ਸਾਨੂੰ ਮਿਲਣ ਆਏ। ਵਿਦਵਾਨ ਪੁਰਖੇ ਅਹਸਾਨ ਬਾਜਵਾ, ਨਾਸਿਰ ਢਿੱਲੋਂ, ਭੁਪਿੰਦਰ ਸਿੰਘ ਲਵਲੀ ਤੇ ਵੱਕਾਸ ਹੈਦਰ ਵੀ ਪੰਜਾਬੀ ਲਹਿਰ ਚੈਨਲ ਵਾਲੇ। ਏਧਰੋਂਮੈਂ ਤੇ ਮੇਰੀ ਜੀਵਨ ਸਾਥਣ ਜਸਵਿੰਦਰ ਸਾਂ, ਸ੍ਵ. ਡਾ ਸੁਲਤਾਨਾ ਬੇਗਮ, ਡਾਃ ਨਵਜੋਤ ਕੌਰ ਪ੍ਰਿੰਸੀਪਲ ਲਾਇਲਪੁਰ ਖ਼ਾਲਸਾ ਕਾਲਿਜ ਜਲੰਧਰ ਤੇ ਪੰਜਾਬੀ ਸ਼ਾਇਰ ਮਨਜਿੰਦਰ ਧਨੋਆ। ਇਸ ਧਰਤੀ ਤੇ ਪਹਿਲੀ ਵਾਰ ਇੰਡੋ ਪਾਕਿ ਕਵੀ ਦਰਬਾਰ ਕੀਤਾ ਬਾਬੇ ਦੇ ਚਰਨਾਂ ਵਿੱਚ। ਗੁਰਦੁਆਰਾ ਸਾਹਿਬ ਚ ਬੈਠ ਕੇ ਜਪੁਜੀ ਸਾਹਿਬ ਦਾ ਪਾਠ ਕੀਤਾ। ਲੱਗਿਆ ਗੁਰੂ ਨਾਨਕ ਪਾਤਸ਼ਾਹ ਆਪਣੀ ਬਾਣੀ ਮੇਰੇ ਕੋਲੋਂ ਸੁਣ ਰਹੇ ਹਨ ਕਿ ਕਿਤੇ ਮੈਂ ਗਲਤ ਤਾਂ ਨਹੀਂ ਉਚਾਰ ਰਿਹਾ।ਗੁਰੂ ਨਾਨਕ ਪ੍ਰਕਾਸ਼ ਮੌਕੇ ਇਹ ਗੱਲਾਂ ਚੇਤੇ ਆ ਗਈਆਂ ਸਨ। ਸੋਚਿਆ! ਤੁਹਾਨੂੰ ਵੀ ਸੁਣਾ ਦਿਆਂ।
ਗੁਰਭਜਨ ਗਿੱਲ
