ਮੋਗਾ, 11 ਨਵੰਬਰ: ( ਕੁਲਵਿੰਦਰ ਸਿੰਘ) -ਪੰਜਾਬ ਸੂਬੇ ਦੇ 0 ਤੋਂ 18 ਸਾਲ ਦੇ ਬੱਚਿਆਂ ਦਾ ਰਾਸ਼ਟਰੀ ਬਾਲ ਸਿਹਤ ਪ੍ਰੋਗਰਾਮ ਤਹਿਤ 30 ਬਿਮਾਰੀਆਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਇਸ ਪ੍ਰੋਗਰਾਮ ਤਹਿਤ ਪੰਜਾਬ ਸੂਬੇ ਦੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਪੜ੍ਹਣ ਵਾਲੇ ਕਲਾਸ 1 ਤੋਂ 12ਵੀਂ (6 ਤੋਂ 18 ਸਾਲ) ਤੱਕ ਦੇ ਬੱਚੇ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਦਾਖਲ ਬੱਚੇ (6 ਹਫ਼ਤੇ ਤੋਂ 6 ਸਾਲ) ਅਤੇ ਸਰਕਾਰੀ ਹਸਪਤਾਲਾਂ ਵਿੱਚ ਜਨਮ ਲੈਣ ਵਾਲੇ ਨਵੇਂ ਜੰਮੇ ਬੱਚੇ ਜ਼ੋ ਕਿ ਡਿਲੀਵਰੀ ਕਰਨ ਵਾਲਾ ਵਿਅਕਤੀ ਰੈਫਰ ਕਰੇਗਾ ਅਤੇ ਘਰ ਜੰਮੇ ਬੱਚੇ (0 ਤੋਂ 6 ਹਫ਼ਤੇ) ਜਿੰਨ੍ਹਾਂ ਨੂੰ ਆਸ਼ਾ ਵਰਕਰਾਂ ਵੱਲੋਂ ਆਂਗਣਵਾੜੀ ਕੇਂਦਰਾਂ ਵਿੱਚ ਰੈਫਰ ਕੀਤਾ ਜਾਂਦਾ ਹੈ, ਇਲਾਜ ਦੇ ਹੱਕਦਾਰ ਹਨ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਮੋਗਾ ਡਾ. ਤ੍ਰਿਪਤਪਾਲ ਸਿੰਘ ਨੇ ਦੱਸਿਆ ਕਿ ਇਸ ਪ੍ਰੋਗਰਾਮ ਨੂੰ ਸਫ਼ਲਤਾਪੂਰਵਕ ਕਰਨ ਲਈ ਸੀ.ਐਚੀਸੀ., ਪੀ.ਐਚ.ਸੀ. ਅਤੇ ਜ਼ਿਲ੍ਹਾ ਹਸਪਤਾਲ ਪੱਧਰ ਤੇ ਮੋਬਾਇਲ ਸਿਹਤ ਟੀਮਾਂ ਨੂੰ ਸਾਲ ਵਿੱਚ 2 ਵਾਰ ਵਿਸ਼ੇਸ਼ ਰੂਪ ਨਾਲ ਆਂਗਣਵਾੜੀ ਕੇਂਦਰਾਂ ਅਤੇ ਇੱਕ ਵਾਰ ਸਕੂਲੀ ਬੱਚਿਆਂ ਦਾ ਨਿਰੀਖਣ ਕਰਨ ਲਈ ਵਿਸ਼ੇਸ਼ ਤੌਰ ਤੇ ਨਿਯੁਕਤ ਕੀਤਾ ਜਾਂਦਾ ਹੈ। ਇਸ ਯੋਜਨਾ ਤਹਿਤ 30 ਤਰ੍ਹਾਂ ਦੀਆਂ ਬਿਮਾਰੀਆਂ ਨੂੰ ਚਾਰ ਸਮੂਹਾਂ ਵਿੱਚ ਵੰਡਿਆ ਗਿਆ ਹੈ ਜਿਵੇਂ ਕਿ ਜਨਮਜਾਤ ਦੋਸ਼, ਸਰੀਰਿਕ ਕਮੀਆਂ, ਬਚਪਨ ਦੀਆਂ ਬਿਮਾਰੀਆਂ, ਵਿਕਾਸ ਦਰ ਵਿੱਚ ਰੁਕਾਵਟ ਅਤੇ ਵਿਕਲਾਂਗਤਾ ਸ਼ਾਮਿਲ ਹਨ। ਇਨ੍ਹਾਂ ਚਾਰ ਸਮੂਹਾਂ ਤਹਿਤ ਬਿਮਾਰੀਆਂ ਨਾਲ ਪ੍ਰਭਾਵਿਤ ਬੱਚੇ ਨੂੰ ਪਹਿਲਾਂ ਸੀ.ਐਚ.ਸੀ., ਐਸ.ਡੀ.ਐਚ. ਅਤੇ ਡੀ.ਆਈ.ਸੀ. ਕੇਂਦਰਾਂ ਵਿੱਚ ਭੇਜ਼ ਕੇ ਬਾਲ ਰੋਗ ਵਿਗਿਆਨੀ ਅਤੇ ਹੋਰ ਮਾਹਰ ਡਾਕਟਰਾਂ ਵੱਲੋਂ ਇਲਾਜ ਕਰਵਾਇਆ ਜਾਂਦਾ ਹੈ ਅਤੇ ਸਟੇਟ ਹੈੱਡਕੁਆਰਟਰ ਤੋਂ ਬੱਚਿਆਂ ਦੀ ਲੋੜ ਅਨੁਸਾਰ ਟਰੱਸਟੀ ਕੇਅਰ ਅਤੇ ਸੈਂਟਰ ਸਰਕਾਰੀ ਮੈਡੀਕਲ ਕਾਲਜ ਪਟਿਆਲਾ, ਪੀ.ਜੀ.ਆਈ. ਚੰਡੀਗੜ੍ਹ ਜਾਂ ਸੂਚੀਬੱਧ ਹਸਪਤਾਲਾਂ ਵਿੱਚ ਰੈਫਰ ਕੀਤਾ ਜਾਂਦਾ ਹੈ।
ਜ਼ਿਲ੍ਹਾ ਟੀਕਾਕਰਨ ਅਧਿਕਾਰੀ ਮੋਗਾ ਡਾ. ਅਸ਼ੋਕ ਸਿੰਗਲਾ ਨੇ ਦੱਸਿਆ ਕਿ ਅੰਕੜਿਆਂ ਤੇ ਨਜ਼ਰ ਪਾਈਏ ਤਾਂ ਇਸ ਪ੍ਰੋਗਰਾਮ ਤਹਿਤ ਸਾਲ 2019 ਤੋਂ 2022 ਤੱਕ ਗੰਭੀਰ ਬਿਮਾਰੀਆਂ ਤੋਂ ਪੀੜ੍ਹਤ 4016 ਬੱਚੇ ਆਪਣਾ ਮੁਫ਼ਤ ਇਲਾਜ ਕਰਵਾ ਚੁੱਕੇ ਹਨ। ਮੁੱਖ ਬਿਮਾਰੀਆਂ ਦੀ ਗੱਲ ਕਰੀਏ ਤਾਂ ਅੰਕੜੇ ਵਿੱਚ 90 ਜਮਾਂਦਰੂ ਦਿਲ ਦੀਆਂ ਬਿਮਾਰੀਆਂ ਤੋਂ ਪੀੜ੍ਹਤ ਬੱਚੇ, 141 ਸਾਹ ਨਲੀ ਦੀਆਂ ਬਿਮਾਰੀਆਂ ਤੋਂ ਪੀੜਤ, 42 ਮੰਦਬੁੱਧੀ ਬੱਚੇ, 4 ਨਿਊਰਲ ਟਿਊਸ਼ਬ ਤੋਂ ਪੀੜਤ, 16 ਜਮਾਂਦਰੂ ਬੋਲਾਪਣ ਤੋਂ ਪੀੜਤ ਬੱਚੇ ਸ਼ਾਮਿਲ ਹਨ।ਸਿਵਲ ਸਰਜਨ ਨੇ ਅਖੀਰ ਵਿੱਚ ਕਿਹਾ ਕਿ ਨਿਸ਼ਚਿਤ ਰੂਪ ਵਿੱਚ, ਰਾਸ਼ਟਰੀ ਬਾਲ ਸਿਹਤ ਪ੍ਰੋਗਰਾਮ ਯੋਜਨਾ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਲਈ ਵਰਦਾਨ ਸਾਹਿਤ ਹੋ ਰਿਹਾ ਹੈ, ਭਵਿੱਖ ਵਿੱਚ ਵੀ ਸਾਰਥਕ ਨਤੀਜਾ ਦੇਵੇਗਾ।