ਪਟਿਆਲਾ (ਭੰਗੂ-ਲਿਕੇਸ) ਭਾਖੜਾ ਨਹਿਰ ’ਚ ਡੁੱਬ ਰਹੇ ਦੋਸਤ ਨੂੰ ਬਚਾਉਣ ਲਈ ਜਦ ਉਸ ਦੇ ਨਾਬਾਲਗ ਸਾਥੀ ਨੇ ਛਾਲ ਮਾਰੀ ਤਾਂ ਦੂਜੇ ਨੇ ਉਸੇ ਨੂੰ ਇਸ ਤਰ੍ਹਾਂ ਫੜਿਆ ਕਿ ਦੋਵੇਂ ਹੀ ਤੇਜ਼ ਪਾਣੀ ਦੇ ਵਹਾਅ(Flowing water) ’ਚ ਰੁੜ੍ਹ ਗਏ। ਸ਼ਨਿਚਰਵਾਰ ਦੇਰ ਸ਼ਾਮ ਦੀ ਘਟਨਾ ਤੋਂ ਬਾਅਦ ਦੋਵਾਂ ਦੀ ਭਾਲ ’ਚ ਗੋਤਾਖੋਰ ਨਹਿਰ ’ਚ ਉਤਰੇ ਪਰ ਉਨ੍ਹਾਂ ਦਾ ਕੁਝ ਪਤਾ ਨਹੀਂ ਲੱਗ ਸਕਿਆ। ਦੋਵਾਂ ਦੀ ਪਛਾਣ 14 ਸਾਲਾ ਕਰਨ ਕੁਮਾਰ ਤੇ 17 ਸਾਲਾ ਸਾਹਿਲ ਦੇ ਰੂਪ ’ਚ ਹੋਈ ਹੈ। ਦੋਵੇਂ ਅਬਲੋਵਾਲ ਇਲਾਕੇ ’ਚ ਰਹਿੰਦੇ ਸਨ। ਓਧਰ, ਗੋਤਾਖੋਰ ਕਲੱਬ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਕਿਹਾ ਕਿ 14 ਗੋਤਾਖੋਰ ਦੋਵਾਂ ਦੀ ਭਾਲ ਕਰ ਰਹੇ ਹਨ। ਟੀਮਾਂ ਸਮਾਣਾ ਤੇ ਪਾਤੜਾਂ ਤੱਕ ਭਾਲ ’ਚ ਰੁੱਝੀਆਂ ਹਨ। ਸ਼ਨਿਚਰਵਾਰ ਨੂੰ ਕਰਨ ਤੇ ਸਾਹਿਲ ਆਪਣੇ ਦੋ ਹੋਰ ਦੋਸਤਾਂ ਨਾਲ ਅਬਲੋਵਾਲ ਸਥਿਤ ਭਾਖੜਾ ਨਹਿਰ ’ਚ ਨਹਾਉਣ ਗਏ ਸਨ। ਕਰਨ ਕੁਮਾਰ ਨੇ ਪਾਣੀ ’ਚ ਛਾਲ ਮਾਰ ਦਿੱਤੀ। ਵਹਾਅ ਤੇਜ਼ ਹੋਣ ਕਾਰਨ ਉਹ ਰੁੜ੍ਹਣ ਲੱਗਾ ਤਾਂ ਮਦਦ ਲਈ ਸਾਹਿਲ ਨੇ ਵੀ ਨਹਿਰ ’ਚ ਛਾਲ ਮਾਰ ਦਿੱਤੀ। ਤੈਰਦੇ ਹੋਏ ਸਾਹਿਲ ਜਿਵੇਂ ਹੀ ਕਰਨ ਦੇ ਨੇੜੇ ਪੁੱਜਾ ਤਾਂ ਕਰਨ ਨੇ ਉਸ ਨੂੰ ਜੱਫੀ ਪਾ ਲਈ। ਇਸ ਕਾਰਨ ਸਾਹਿਲ ਵੀ ਤੈਰ ਨਾ ਸਕਿਆ ਤੇ ਦੋਵੇਂ ਤੇਜ਼ ਵਹਾਅ ’ਚ ਰੁੜ੍ਹ ਗਏ।