Home ਖੇਤੀਬਾੜੀ ਜ਼ਿਲ੍ਹਾ ਮਲੇਰਕੋਟਲਾ ਦੇ ਕਿਸਾਨ ਨੇ ਆਪਣੇ ਖੇਤਾਂ ਵਿੱਚ ਉਗਾਇਆ ਨਿੰਬੂ ਜਾਤੀ ਦਾ...

ਜ਼ਿਲ੍ਹਾ ਮਲੇਰਕੋਟਲਾ ਦੇ ਕਿਸਾਨ ਨੇ ਆਪਣੇ ਖੇਤਾਂ ਵਿੱਚ ਉਗਾਇਆ ਨਿੰਬੂ ਜਾਤੀ ਦਾ ਨਵਾਂ ਫਲ਼ ਡੇਜੀ

51
0

 ਡਿਪਟੀ ਕਮਿਸ਼ਨਰ ਨੇ ਪਿੰਡ ਹਥੋਆ ਦੇ ਕਿਸਾਨ ਦੀ ਨਿੰਬੂ ਜਾਤੀ ਦਾ ਨਵਾਂ ਫਲ਼ ਡੇਜੀ ਲਗਾਉਣ ਦੇ ਫ਼ੈਸਲੇ ਦੀ ਕੀਤੀ ਸ਼ਲਾਘਾ

ਮਾਲੇਰਕੋਟਲਾ 11 ਨਵੰਬਰ : ( ਰਾਜਨ ਜੈਨ, ਰੋਹਿਤ ਗੋਇਲ)-ਪੰਜਾਬ ਦੇ ਕਿਸਾਨਾਂ ਨੂੰ ਖੇਤੀ ਵਿਚ ਨਵੀਆਂ-ਨਵੀਆਂ ਤਕਨੀਕਾਂ ਅਤੇ ਫ਼ਸਲਾਂ ਨੂੰ ਅਪਣਾਉਣ ਕਰਕੇ ਸਾਰੇ ਦੇਸ਼ ਵਿੱਚ ਮੰਨਿਆ ਜਾਂਦਾ ਹੈ। ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਹਥੋਆ ਦੇ ਕਿਸਾਨ ਕਰਮਜੀਤ ਸਿੰਘ ਥਿੰਦ ਵੱਲੋਂ ਇਸ ਤਰ੍ਹਾਂ ਦਾ ਨਵਾਂ ਤਜਰਬਾ ਆਪਣੇ ਖੇਤਾਂ ਵਿੱਚ ਕੀਤਾ ਗਿਆ ਅਤੇ ਨਿੰਬੂ ਜਾਤੀ ਦਾ ਨਵਾਂ ਫਲ਼ ਡੇਜੀ ਉਗਾਇਆ ਗਿਆ। ਪਿੰਡ ਹਥੋਆ ਦੇ ਕਿਸਾਨ ਕਰਮਜੀਤ ਸਿੰਘ ਥਿੰਦ ਨੇ ਦੱਸਿਆ ਕਿ ਇਸ ਤਰ੍ਹਾਂ ਦਾ ਫਲ਼ ਇਸ ਇਲਾਕੇ ਵਿੱਚ ਕਿਸੇ ਵੀ ਕਿਸਾਨ ਵੱਲੋਂ ਅਜੇ ਤੱਕ ਨਹੀਂ ਲਾਇਆ ਗਿਆ। ਅੱਜ ਤੋਂ ਕਰੀਬ ਤਿੰਨ ਸਾਲ ਪਹਿਲਾਂ ਉਨ੍ਹਾਂ ਦੇ ਦੋਸਤ ਅਗਾਂਹਵਧੂ ਕਿਸਾਨ ਨਿਸ਼ਾਨ ਸਿੰਘ ਵਾਸੀ ਪਿੰਡ ਕਲਿਆਣ ਜ਼ਿਲ੍ਹਾ ਮਾਲੇਰਕੋਟਲਾ ਦੇ ਕਹਿਣ ਤੇ ਅਤੇ ਬਾਗ਼ਬਾਨੀ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਹਿਯੋਗ ਨਾਲ ਡੇਜੀ ਫਲ਼ ਦਾ 300 ਫਲਦਾਰ ਪੌਦਿਆਂ ਦਾ ਬਾਗ਼  ਲਗਾਇਆ। ਉਨ੍ਹਾਂ ਹੋਰ ਦੱਸਿਆ ਕਿ ਉਸ ਸਮੇਂ ਬਾਗ਼ਬਾਨੀ ਵਿਭਾਗ ਮਾਲੇਰਕੋਟਲਾ ਦੇ ਬਾਗ਼ਬਾਨੀ  ਵਿਕਾਸ ਅਫ਼ਸਰ ਹਰਦੀਪ ਸਿੰਘ ਵੱਲੋਂ ਬੂਟੇ ਲਗਾਉਣ ਦਾ ਢੰਗ ਨਿਸ਼ਾਨਦੇਹੀ, ਡਰਿੱਪ ਸਿਸਟਮ  ਸਮੇਤ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਗਿਆ ਅਤੇ ਕੌਮੀ ਬਾਗ਼ਬਾਨੀ ਮਿਸ਼ਨ ਤਹਿਤ ਵਿਭਾਗ ਵੱਲੋਂ  16 ਹਜ਼ਾਰ ਰੁਪਏ ਦੀ  ਸਬਸਿਡੀ ਵੀ ਮੁਹੱਈਆ ਕਰਵਾਈ ਗਈ।  ਉਨ੍ਹਾਂ ਹੋਰ ਜਾਣਕਾਰੀ ਸਾਂਝੀ ਕਰਦਿਆ ਕਿਹਾ ਕਿ ਨਿੰਬੂ ਜਾਤੀ ਦੇ ਨਵੇਂ ਫਲ਼ ਡੇਜੀ ਦੇ ਬੂਟੇ ਪਹਿਲਾ ਖੇਤੀਬਾੜੀ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੇ ਗਏ। ਕਰਮਜੀਤ ਸਿੰਘ ਨੇ ਦੱਸਿਆ ਕਿ ਇਸ ਸਾਲ ਪਹਿਲਾਂ ਫਲ਼ ਮਹੀਨਾ ਅਕਤੂਬਰ ਵਿਚ ਤਿਆਰ ਹੋ ਗਿਆ ਫਲ਼ ਦੀ ਮਿਠਾਸ ਅਤੇ ਕੁਆਲਿਟੀ ਨੂੰ ਦੇਖਦੇ ਹੋਏ ਮਾਲੇਰਕੋਟਲਾ ਦੀ ਮੰਡੀ ਵਿੱਚ 33 ਤੋਂ 35 ਰੂਪੈ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿਕਿਆ। ਕੁਝ ਫਲ਼ ਲੋਕਲ ਮਾਲੇਰਕੋਟਲਾ ਸ਼ਹਿਰ ਵਿੱਚ ਮੰਡੀ ਜਾਣ ਤੋਂ ਪਹਿਲਾ ਹੀ  ਸਿੱਧੇ ਤੌਰ ਤੇ ਹੀ ਵਿਕ ਗਏ । ਫ਼ਸਲ ਦਾ ਲੋਕਲ ਮਾਰਕੀਟ ਵਿੱਚ ਵਿਕਣ ਕਾਰਨ ਚੋਖਾ ਰੇਟ ਪ੍ਰਾਪਤ ਹੋਇਆ । ਇਸ ਫਲ਼ ਦੀ ਖਾਸੀਅਤ ਇਹ ਹੈ ਕਿ ਇਹ ਕਿੰਨੂ ਤੋਂ ਲਗਭਗ 2 ਮਹੀਨੇ ਪਹਿਲਾ ਤਿਆਰ ਹੋ ਜਾਂਦਾ ਹੈ ਅਤੇ ਮਿਠਾਸ ਵੀ ਜ਼ਿਆਦਾ ਹੈ। ਜਿਸ ਨਾਲ ਮਾਰਕਿਟ ਵਿੱਚ ਚੰਗਾ ਰੇਟ ਮਿਲਦਾ ਹੈ।ਅਗਾਂਹਵਧੂ ਕਿਸਾਨ ਨੇ ਕਿਹਾ ਕਿ ਅਗਲੇ ਫ਼ਸਲ ਦੇ ਵੱਧ ਝਾੜ ਅਤੇ ਅੱਛੀ ਕੁਆਲਟੀ ਪ੍ਰਾਪਤ ਕਰਨ ਲਈ ਜੋ ਬਾਗ਼ਬਾਨੀ ਵਿਭਾਗ ਵਲੋਂ ਤਕਨੀਕੀ ਸਲਾਹ ਦਿੱਤੀ ਜਾਵੇਗੀ ਉਸ ਨੂੰ ਉਹ ਆਪਣੇ ਬਾਗ਼ ਵਿੱਚ ਇੰਨ ਬਿੰਨ ਪਾਲਣਾ ਕਰਕੇ ਪੂਰੀ ਮਿਹਨਤ ਲਾਗੂ ਕਰਨ ਨੂੰ ਤਰਜੀਹ ਦੇਣਗੇ ।ਬਾਗ਼ਬਾਨੀ ਵਿਭਾਗ ਦੇ ਸਹਾਇਕ ਡਾਇਰੈਕਟਰ ਬਾਗ਼ਬਾਨੀ ਸ੍ਰੀ ਹਰਦੀਪ ਸਿੰਘ ਨੇ ਦੱਸਿਆ ਕਿ ਬਾਗ਼ਬਾਨੀ ਵਿਭਾਗ ਵੱਲੋਂ ਨਵੇਂ ਬਾਗ਼ ਲਗਾਉਣ ਲਈ 50 ਪ੍ਰਤੀਸ਼ਤ ਸਬਸਿਡੀ ਦਿੱਤੀ ਜਾਣੀ ਹੈ ਅਤੇ ਤਕਨੀਕੀ ਜਾਣਕਾਰੀ ਵੀ ਮੁਹੱਈਆ ਕਰਵਾਈ ਜਾਂਦੀ ਹੈ । ਡਿਪਟੀ ਡਾਇਰੈਕਟਰ ਬਾਗ਼ਬਾਨੀ ਨਿਰਵੰਤ ਸਿੰਘ ਨੇ ਦੱਸਿਆ  ਕਿ ਬਾਗ਼ਬਾਨੀ ਵਿਕਾਸ ਹਰ ਵੇਲੇ ਕਿਸਾਨਾਂ ਨੂੰ ਫਸਲੀ  ਬਦਲਾਅ ਲਈ ਪ੍ਰੇਰਿਤ ਕਰਦਾ ਹੈ  । ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵਿਭਾਗ ਨਾਲ ਸੰਪਰਕ ਕਰਕੇ ਤਕਨੀਕੀ ਜਾਣਕਾਰੀ ਹਾਸਲ ਕਰਕੇ ਫਲਾਂ ਦੇ ਬਾਗ਼  ਲਗਾਉਣ ਤਾਂ ਜੋ ਉਨ੍ਹਾਂ  ਅੱਛੀ ਕੁਆਲਟੀ ਦੀ ਫ਼ਸਲ ਦੇ ਨਾਲ ਨਾਲ ਚੋਖਾ ਮੁਨਾਫ਼ਾ ਮਿਲ ਸਕੇ ।ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਨੇ ਪਿੰਡ ਹਥੋਆ ਦੇ ਕਿਸਾਨ ਕਰਮਜੀਤ ਸਿੰਘ ਥਿੰਦ ਦੀ ਨਿੰਬੂ ਜਾਤੀ ਦਾ ਨਵਾਂ ਫਲ਼ ਡੇਜੀ ਲਗਾਉਣ ਦੇ ਫ਼ੈਸਲੇ ਦੀ ਸ਼ਲਾਘਾ ਕਰਦਿਆ ਕਿਹਾ ਕਿ ਕਿਸਾਨ ਰਵਾਇਤੀ ਫਸਲੀ ਚੱਕਰ ਤੋਂ ਬਾਹਰ ਨਿਕਲ ਕੇ ਹੀ ਆਪਣੀ ਆਰਥਿਕਤਾ ਵਿੱਚ ਸੁਧਾਰ ਲਿਆ ਸਕਦੇ ਹਨ । ਜ਼ਿਲ੍ਹੇ ਦੇ ਬਾਕੀ ਕਿਸਾਨਾਂ ਨੂੰ ਵੀ ਕਰਮਜੀਤ ਸਿੰਘ ਥਿੰਦ ਵਰਗੇ  ਕਿਸਾਨਾਂ ਦੇ ਤਜਰਬਿਆਂ ਤੋਂ ਸਿਖ ਲੈਣੀ ਚਾਹੀਦੀ ਹੈ । ਉਨ੍ਹਾਂ ਬਾਗ਼ਬਾਨੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਜ਼ਿਲ੍ਹੇ ਦੇ ਕਿਸਾਨਾਂ ਨੂੰ ਬਾਗ਼ਬਾਨੀ ਵੱਲ ਪ੍ਰੇਰਿਤ ਕਰਨ ਲਈ ਪਿੰਡ ਹਥੋਆ ਦੇ ਕਿਸਾਨ ਦੇ ਬਾਗ਼ ਦਾ ਦੌਰਾ ਕਰਵਾਉਣ ਤਾਂ ਜੋ ਉਹ ਪ੍ਰੇਰਿਤ ਹੋ ਕੇ ਬਾਗ਼ਬਾਨੀ ਵੱਲ ਵਧਣ ।

LEAVE A REPLY

Please enter your comment!
Please enter your name here