ਸੀ.ਆਰ.ਐਮ ਸਕੀਮ ਅਧੀਨ ਸਬਡਿਸੀ ਤੇ ਲਏ ਸੰਦ(ਰੇਕ ਅਤੇ ਬੇਲਰ) ਨਾਲ 10,000 ਕੁਇੰਟਲ ਪਰਾਲੀ ਦੀਆਂ ਗੱਠਾਂ ਬਣਾ ਕੇ ਕਮਾਏ 16 ਲੱਖ ਰੁਪਏ ਤੋਂ ਵੱਧ
ਮਾਲੇਰਕੋਟਲਾ/ ਅਹਿਮਦਗੜ੍ਹ 15 ਨਵੰਬਰ: ( ਬੌਬੀ ਸਹਿਜਲ, ਧਰਮਿੰਦਰ) –
ਨਵੇਕਲੀ ਸੋਚ ਦੇ ਮਾਲਕ ਹੀ ਜ਼ਿੰਦਗੀ ਵਿੱਚ ਤਰੱਕੀ ਕਰਕੇ ਮੀਲ ਦਾ ਪੱਥਰ ਸਾਬਤ ਹੋ ਸਕਦੇ ਹਨ । ਅਗਾਂਹਵਧੂ ਸੋਚ ਰੱਖਣ ਵਾਲੇ ਮਾਲੇਰਕੋਟਲਾ ਦੇ ਅਹਿਮਦਗੜ੍ਹ ਬਲਾਕ ਦੇ ਪਿੰਡ ਕੁਠਾਲਾ ਦੇ 25 ਸਾਲਾਂ ਵਸਨੀਕ ਨੌਜਵਾਨ ਕਿਸਾਨ ਗੁਰਪ੍ਰੀਤ ਸਿੰਘ ਕੁਠਾਲਾ ਨੇ ਰੇਕ ਅਤੇ ਬੇਲਰ ਚਲਾ ਕੇ ਆਪਣੇ ਇਲਾਕੇ ਵਿੱਚ ਪਰਾਲੀ ਦੀ ਸੰਭਾਲ ਵਿੱਚ ਅਹਿਮ ਭੂਮਿਕਾ ਨਿਭਾ ਕੇ ਆਪਣੇ ਆਰਥਿਕ ਪੱਧਰ ਨੂੰ ਉੱਚਾ ਚੁੱਕਿਆ ਹੈ । 25 ਸਾਲਾਂ ਨੌਜਵਾਨ ਕਿਸਾਨ ਗੁਰਪ੍ਰੀਤ ਸਿੰਘ ਕੁਠਾਲਾ ਪਰਾਲੀ ਦੇ ਪ੍ਰਬੰਧਨ ਲਈ ਇਲਾਕੇ ਦੇ ਕਿਸਾਨਾਂ ਲਈ ਚਾਨਣ ਦੇ ਮਿਨਾਰੇ ਦਾ ਕੰਮ ਕਰ ਰਿਹਾ ਹੈ। 12ਵੀ ਜਮਾਤ ਤੱਕ ਪੜ੍ਹਨ ਤੋਂ ਬਾਅਦ ਨੌਜਵਾਨ ਕਿਸਾਨ ਨੇ ਵਿਦੇਸ਼ ਜਾਣ ਨੂੰ ਪਹਿਲ ਨਾ ਦਿੰਦੇ ਹੋਏ ਆਪਣੀ ਧਰਤੀ ਅਤੇ ਜਲਵਾਯੂ ਦੀ ਸੇਵਾ ਕਰਨ ਨੂੰ ਪਹਿਲ ਦਿੱਤੀ ਹੈ ਜਿਸ ਸਦਕਾ ਉਨ੍ਹਾਂ ਸੰਗਰੂਰ ਆਰ.ਐਨ.ਜੀ ਬਾਇਓ ਗੈਸ ਪਲਾਟ ,ਪੰਜਗਰਾਈਆਂ ਨਾਲ ਦਸ ਹਜ਼ਾਰ ਕੁਇੰਟਲ ਪਰਾਲੀ ਦੀਆਂ ਗੱਠਾਂ ਬਣਾ ਕੇ ਦੇਣ ਦਾ ਇਕਰਾਰਨਾਮਾ ਕੀਤਾ । ਜਿਸ ਤਹਿਤ ਉਨ੍ਹਾਂ ਨੂੰ ਪ੍ਰਤੀ ਕੁਇੰਟਲ 160 ਰੁਪਏ ਤੋਂ ਇਲਾਵਾ 10 ਰੁਪਏ ਪ੍ਰਤੀ ਗੱਠ ਟਰਾਂਸਪੋਰਟੇਸ਼ਨ ਦਾ ਵੱਖਰਾ ਦੇਣ ਦਾ ਸਮਝੌਤਾ ਹੋਇਆ ਹੈ। ਇਸ ਸਮਝੌਤੇ ਅਨੁਸਾਰ ਕਿਸਾਨ ਪਿਛਲੇ ਮਹੀਨੇ ਦੀ 16 ਅਕਤੂਬਰ ਤੋਂ ਕਰੀਬ 16 ਲੱਖ ਰੁਪਏ ਦੀਆਂ ਪਰਾਲੀ ਦੀਆਂ ਗੱਠਾਂ ਬਣਾ ਕੇ ਕੰਪਨੀ ਨੂੰ ਸਪਲਾਈ ਕਰ ਚੁੱਕਾ ਹੈ । ਜਿਸ ਤੋਂ ਉਸ ਨੂੰ ਚੋਖਾ ਮੁਨਾਫ਼ਾ ਹੋਇਆ ਹੈ । ਅਗਾਂਹਵਧੂ ਹੋਣਹਾਰ ਨੌਜਵਾਨ ਕਿਸਾਨ ਨੇ ਦੱਸਿਆ ਕਿ ਉਹ ਆਪਣੇ 40 ਏਕੜ ਜ਼ਮੀਨ ਅਤੇ ਹੋਰ ਕਿਸਾਨਾਂ ਦੇ ਖੇਤਾਂ ਵਿੱਚ ਤਕਰੀਬਨ 750 ਏਕੜ ਰਕਬੇ ਵਿੱਚ ਰੇਕ ਅਤੇ ਬੇਲਰ ਦੀ ਸਹਾਇਤਾ ਨਾਲ ਹੁਣ ਤੱਕ 12,000 ਕੁਇੰਟਲ ਪਰਾਲੀ ਦੀਆਂ ਗੱਠਾਂ ਬਣਾ ਚੁੱਕਾ ਹੈ। ਇਸ ਨੌਜਵਾਨ ਕਿਸਾਨ ਦੀ ਮਿਹਨਤ ਸਦਕਾ ਮਾਲੇਰਕੋਟਲਾ ਜ਼ਿਲ੍ਹੇ ਵਿੱਚ ਪਰਾਲੀ ਨੂੰ ਅੱਗ ਲਗਾਉਣ ਦੇ ਕੇਸਾਂ ਦੀਆਂ ਦਰਾਂ ਵਿੱਚ ਵੀ ਕਿਸੇ ਹੱਦ ਤੱਕ ਕਮੀ ਆਈ ਹੈ।
ਨੌਜਵਾਨ ਕਿਸਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਮੇਰੀ ਤਰ੍ਹਾਂ ਹੋਰ ਵੀ ਨੌਜਵਾਨ ਕਿਸਾਨਾਂ ਨੂੰ ਅੱਗੇ ਆ ਕੇ ਪਰਾਲੀ ਦੇ ਪ੍ਰਬੰਧਨ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਕਿ ਅਸੀਂ ਸਾਰੇ ਰਲ ਮਿਲ ਕੇ ਆਪਣੇ ਕੁਦਰਤੀ ਸਰੋਤ ਹਵਾ, ਪਾਣੀ ਅਤੇ ਮਿੱਟੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾ ਸਕੀਏ।ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਅਹਿਮਦਗੜ ਬੀ.ਟੀ.ਐਮ ਮੁਹੰਮਦ ਜਮੀਲ ਨੇ ਦੱਸਿਆ ਕਿ ਫ਼ਸਲਾਂ ਦੀ ਰਹਿੰਦ-ਖੂੰਹਦ ਦੀ ਸੁਚੱਜੇ ਪ੍ਰਬੰਧਨ ਕਰਨ ਲਈ ਪੰਜਾਬ ਸਰਕਾਰ ਦੀ ਕਰਾਪ ਰੈਜੀਡਿਊ ਮੈਨੇਜਮੈਂਟ ਸਕੀਮ ਅਧੀਨ ਇਸ ਕਿਸਾਨ ਨੇ ਬੇਲਰ ਅਤੇ ਰੇਕ 50ਫ਼ੀਸਦੀ ਸਬਸਿਡੀ ਤੇ ਲਿਆ ਹੈ ਅਤੇ ਇਹ ਨੌਜਵਾਨ ਕਿਸਾਨ ਖੇਤੀਬਾੜੀ ਵਿਭਾਗ ਦੇ ਹਰ ਇੱਕ ਕੰਮ ਵਿੱਚ ਵਧੀਆ ਸਹਿਯੋਗ ਦਿੰਦਾ ਹੈ। ਇਸ ਕਿਸਾਨ ਤੋਂ ਪ੍ਰੇਰਿਤ ਹੋ ਕੇ ਕੁੱਝ ਹੋਰ ਪਿੰਡਾਂ ਦੇ ਕਿਸਾਨਾਂ ਨੇ ਵੀ ਅਗਲੇ ਸਾਲ ਪਰਾਲੀ ਦੇ ਪ੍ਰਬੰਧਨ ਵਿੱਚ ਯੋਗਦਾਨ ਪਾਉਣ ਲਈ ਖੇਤੀਬਾੜੀ ਵਿਭਾਗ ਅਹਿਮਦਗੜ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਹੈ ਤਾਂ ਜੋ ਉਹ ਭਵਿੱਖ ਵਿੱਚ ਵਾਤਾਵਰਨ ਨੂੰ ਬਚਾਉਣ ਲਈ ਆਪਣਾ ਯੋਗਦਾਨ ਪਾ ਸਕਣ ।ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਨੇ ਪਿੰਡ ਕੁਠਾਲਾ ਦੇ ਕਿਸਾਨ ਗੁਰਪ੍ਰੀਤ ਸਿੰਘ ਦੀ ਪ੍ਰਸੰਸਾ ਕਰਦਿਆ ਕਿਹਾ ਕਿ ਜ਼ਿਲ੍ਹੇ ਦੇ ਬਾਕੀ ਕਿਸਾਨਾਂ ਨੂੰ ਅਜਿਹੇ ਕਿਸਾਨਾਂ ਤੋਂ ਸੇਧ ਲੈ ਕੇ ਆਪਣੀ ਆਮਦਨ ਦੇ ਨਾਲ ਨਾਲ ਲੋਕਹਿੱਤ ਵਿੱਚ ਕੁਦਰਤੀ ਸਰੋਤ ਦੇ ਰੱਖ ਰਖਾਓ ਵਿੱਚ ਅੱਗੇ ਆਉਣ ਚਾਹੀਦਾ ਹੈ । ਅਜਿਹੇ ਕਿਸਾਨਾਂ ਦੀ ਸੋਚ ਸਦਕਾ ਉਹ ਦਿਨ ਦੂਰ ਨਹੀਂ ਜਦੋਂ ਮਾਲੇਰਕੋਟਲਾ ਝੋਨੇ ਦੀ ਪਰਾਲੀ/ਫਸਲੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾ ਕੇ ਪੰਜਾਬ ਦਾ ਪਹਿਲੇ ਜ਼ਿਲ੍ਹੇ ਵਜੋਂ ਜਾਣਿਆ ਜਾਵੇਗਾ ।
