ਜਗਰਾਉਂ, 19 ਨਵੰਬਰ ( ਵਿਕਾਸ ਮਠਾੜੂ, ਅਸ਼ਵਨੀ)-ਨੌਸਰਬਾਜ ਠੱਗੀ ਦੇ ਨਿੱਤ ਨਵੇਂ ਤਰੀਕੇ ਅਪਣਾ ਰਹੇ ਹਨ। ਜਿਸ ਦੀ ਤਾਜ਼ਾ ਮਿਸਾਲ ਸਥਾਨਕ ਗੋਲਡਨ ਬਾਗ ਇਲਾਕੇ ‘ਚ ਦੇਖਣ ਨੂੰ ਮਿਲੀ। ਮਾਮਲਾ ਕੁਝ ਇਸ ਤਰ੍ਹਾਂ ਦਾ ਹੈ ਕਿ ਸੁਖਜੀਤ ਸਿੰਘ ਵਾਸੀ ਪਿੰਡ ਮਲਕ ਸਥਾਨਕ ਗੋਲਡਨ ਬਾਗ ਵਿੱਚ ਆਪਣੀ ਕੋਠੀ ਬਣਾ ਰਿਹਾ ਹੈ। ਬੁੱਧਵਾਰ ਨੂੰ ਜਦੋਂ ਉਹ ਕੋਠੀ ਦਾ ਕੰਮ ਲੈਂਟਰ ਪਾਉਣ ਲਈ ਨੇੜੇ ਪਹੁੰਚਿਆ ਤਾਂ ਇਕ ਵਿਅਕਤੀ ਉਸ ਕੋਲ ਆਇਆ ਅਤੇ ਉਸ ਨੂੰ ਕਿਹਾ ਕਿ ਮੈਂ ਉਸ ਨੂੰ ਸਸਤਾ ਸੀਮਿੰਟ ਦੇ ਸਕਦਾ ਹਾਂ। ਉਸ ਨੂੰ ਲੈਂਟਰ ਪਾਉਣ ਦਾ ਦਿਨ ਵੀ ਪੁੱਛਿਆ ਅਤੇ 54 ਹਜ਼ਾਰ ਰੁਪਏ ਵਿੱਚ 150 ਬੋਰੀਆਂ ਸੀਮਿੰਟ ਦਾ ਸੌਦਾ ਆਪਸ ਵਿੱਚ ਤੈਅ ਹੋ ਗਿਆ। ਨੌਸਰਬਾਜ਼ ਬੁੱਧਵਾਰ ਸਵੇਰੇ ਉਸ ਕੋਲ ਸੀਮਿੰਟ ਦੀ ਗੱਡੀ ਲੈ ਕੇ ਪਹੁੰਚਿਆ ਅਤੇ ਸੀਮਿੰਟ ਦੀਆਂ 150 ਬੋਰੀਆਂ ਉਤਾਰ ਕੇ ਉਸ ਕੋਠੀ ਮਾਲਕ ਤੋਂ 54 ਹਜ਼ਾਰ ਰੁਪਏ ਲੈ ਕੇ ਆਪਣੇ ਮੋਟਰਸਾਈਕਲ ’ਤੇ ਚਲਾ ਗਿਆ। ਇਸ ਦੌਰਾਨ ਇਹ ਧੋਖਾਧੜੀ ਉਸ ਸਮੇਂ ਸਾਹਮਣੇ ਆਈ ਜਦੋਂ ਜਗਰਾਉਂ ਦਾ ਇੱਕ ਵਪਾਰੀ ਉਸ ਕੋਲ ਸੀਮਿੰਟ ਦੇ ਪੈਸੇ ਲੈਣ ਲਈ ਪਹੁੰਚਿਆ ਤਾਂ ਉਸ ਨੇ ਕਿਹਾ ਕਿ ਜੋ ਵਿਅਕਤੀ ਸੀਮਿੰਟ ਲੈ ਕੇ ਆਇਆ ਸੀ, ਉਹ ਪੈਸੇ ਲੈ ਕੇ ਚਲਾ ਗਿਆ। ਇਸ ਤਰ੍ਹਾਂ ਵਾਪਰੀ ਘਟਨਾ-ਨੌਸਰਬਾਜ ਨੇ ਕੋਠੀ ਦਾ ਮਾਲਕ ਹੋਣ ਦਾ ਬਹਾਨਾ ਲਾ ਕੇ ਜਗਰਾਓਂ ਦੇ ਇੱਕ ਵੱਡੇ ਵਪਾਰੀ ਪਾਸੋਂ ਗੋਲਡਨ ਬਾਗ ਸਥਿਤ ਕੋਠੀ ਦੇ ਕੰਮ ਲਈ ਸੀਮਿੰਟ ਦੀ ਗੱਡੀ ਮੰਗਵਾਈ ਅਤੇ ਦੂਜੇ ਪਾਸੇ ਵਪਾਰੀ ਦਾ ਏਜੰਟ ਬਣ ਗਿਆ ਅਤੇ ਘਰ ਦੇ ਮਾਲਕ ਤੋਂ ਪੈਸੇ ਲੈ ਕੇ ਰਫੂ ਚੱਕਰ ਹੋ ਗਿਆ। ਉਸ ਨੇ ਸੀਮਿੰਟ ਖਰੀਦਣ ਵਾਲੇ ਤੋਂ ਪੈਸੇ ਲਏ ਅਤੇ ਸੀਮਿੰਟ ਭੇਜਣ ਵਾਲੇ ਦੁਕਾਨਦਾਰ ਨੂੰ ਪੈਸੇ ਨਹੀਂ ਮਿਲੇ। ਜਿਸ ਕਾਰਨ ਦੋਵਾਂ ਵਿਚਾਲੇ ਝਗੜਾ ਹੋ ਗਿਆ। ਮਾਮਲਾ ਪੁਲੀਸ ਕੋਲ ਪੁੱਜਾ ਤਾਂ ਬੱਸ ਸਟੈਂਡ ਪੁਲੀਸ ਚੌਕੀ ਦੇ ਇੰਚਾਰਜ ਏਐਸਆਈ ਗੁਰਸੇਵਕ ਸਿੰਘ ਮੌਕੇ ’ਤੇ ਪੁੱਜੇ। ਉਨ੍ਹਾਂ ਕਿਹਾ ਕਿ ਸ਼ਿਕਾਇਤ ਮਿਲਣ ’ਤੇ ਉਹ ਆ ਗਏ ਸਨ ਅਤੇ ਦੋਵਾਂ ਧਿਰਾਂ ਨੂੰ ਲਿਖਤੀ ਸ਼ਿਕਾਇਤ ਦੇਣ ਲਈ ਕਿਹਾ ਗਿਆ ਸੀ ਪਰ ਦੇਰ ਸ਼ਾਮ ਤੱਕ ਕੋਈ ਵੀ ਉਨ੍ਹਾਂ ਕੋਲ ਲਿਖਤੀ ਸ਼ਿਕਾਇਤ ਦੇਣ ਨਹੀਂ ਪਹੁੰਚਿਆ।