— ਪਿਛਲੇ ਲਗਭਗ 7 ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਇਲਾਕੇ ਲਈ ਬਣਿਆ ਵੱਡੀ ਮਿਸਾਲ
ਮਾਲੇਰਕੋਟਲਾ/ਅਹਿਮਦਗੜ੍ਹ 19 ਨਵੰਬਰ: ( ਬੌਬੀ ਸਹਿਜਲ, ਧਰਮਿੰਦਰ) –ਪੰਜਾਬ ਦੇ ਉੱਦਮੀ ਕਿਸਾਨਾਂ ਨੇ ਹਮੇਸ਼ਾ ਹੀ ਦੇਸ਼ ਦੇ ਅਨਾਜ ਭੰਡਾਰ ਭਰਨ ਵਿੱਚ ਇੱਕ ਵੱਡਾ ਯੋਗਦਾਨ ਪਾਇਆ ਹੈ ਪਰ ਅਜੋਕੀ ਸਥਿਤੀ ਵਿੱਚ ਜ਼ਮੀਨਾਂ ਦੀ ਉਪਜਾਊ ਸ਼ਕਤੀ ਅਤੇ ਪਾਣੀ ਦਾ ਪੱਧਰ ਘਟਣ ਦੀ ਸਮੱਸਿਆ ਕਰਕੇ ਕਿਸਾਨੀ ਨਿਘਾਰ ਵੱਲ ਜਾ ਰਹੀ ਹੈ।ਇਨ੍ਹਾਂ ਸਮੱਸਿਆਵਾਂ ਤੋਂ ਉੱਪਰ ਉੱਠ ਕੇ ਜ਼ਿਲ੍ਹਾ ਮਾਲੇਰਕੋਟਲਾ ਦੇ ਬਲਾਕ ਅਹਿਮਦਗੜ ਦੇ ਪਿੰਡ ਕੰਗਣਵਾਲ ਦਾ ਮੌਜੂਦਾ ਸਰਪੰਚ ਅਤੇ ਅਗਾਂਹਵਧੂ ਕਿਸਾਨ ਰੁਪਿੰਦਰ ਸਿੰਘ ਨੇ ਰਵਾਇਤੀ ਫ਼ਸਲੀ ਚੱਕਰ ਵਿੱਚ ਤਬਦੀਲੀ ਕਰਕੇ ਆਧੁਨਿਕ ਤਕਨੀਕਾਂ ਨਾਲ ਖੇਤੀ ਕੀਤੀ ਅਤੇ ਖੇਤੀ ਆਮਦਨ ਵਿੱਚ ਚੋਖਾ ਵਾਧਾ ਕਰਕੇ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕਿਆ ਹੈ।ਰੁਪਿੰਦਰ ਸਿੰਘ ਨੇ ਬਾਹਰਵੀਂ ਤੋਂ ਬਾਅਦ ਇਲੈਕਟ੍ਰੀਕਲ ਇੰਜੀਨੀਅਰਿੰਗ ਦਾ ਡਿਪਲੋਮਾ, ਆਰਟ ਐਂਡ ਕਰਾਫ਼ਟ ਦਾ ਡਿਪਲੋਮਾ ਅਤੇ ਲਾਈਨਮੈਨ ਦੀ ਅਪਰੈਂਟਸ਼ਿਪ ਕੀਤੀ ਪਰ ਨੌਕਰੀ ਨਾ ਮਿਲਣ ਕਰਕੇ ਉਸ ਨੇ ਆਪਣਾ ਪਿਤਾ ਪੁਰਖੀ ਕਿੱਤਾ ਅਪਣਾ ਕੇ ਖੇਤੀ ਕਰਨ ਦਾ ਹੀ ਮਨ ਬਣਾਇਆ।ਕਿਸਾਨ ਨੇ ਦੱਸਿਆ ਕਿ ਉਸ ਕੋਲ ਆਪਣੀ 5 ਏਕੜ ਜ਼ਮੀਨ ਹੈ ਅਤੇ ਉਹ 45 ਏਕੜ ਠੇਕੇ ਤੇ ਲੈ ਕੇ ਕੁੱਲ 50 ਏਕੜ ਵਿੱਚ ਖੇਤੀ ਕਰਦਾ ਹੈ।ਉਨ੍ਹਾਂ ਨੇ ਪਿਛਲੇ ਲਗਭਗ 7 ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਇਲਾਕੇ ਲਈ ਵੱਡੀ ਮਿਸਾਲ ਪੈਦਾ ਕੀਤੀ ਹੈ ਅਤੇ ਆਪਣੇ ਵਾਤਾਵਰਨ ਪੱਖੀ ਹੋਣ ਦਾ ਸਬੂਤ ਦਿੱਤਾ ਹੈ। ਉਹ ਪਰਾਲੀ ਨੂੰ ਮਿੱਟੀ ਵਿੱਚ ਮਿਲਾਉਣ ਲਈ ਪਹਿਲਾਂ ਸਹਿਕਾਰੀ ਸਭਾ ਤੋਂ ਪਲਟਾਵਾਂ ਹਲ ਅਤੇ ਮਲਚਰ ਲੈ ਕੇ ਵਰਤੋਂ ਕਰਦਾ ਸੀ ਪਰ ਇਸ ਸਾਲ ਕਿਸਾਨ ਨੇ ਦੋਵਾਂ ਮਸ਼ੀਨਾਂ ਦੀ ਖ਼ੁਦ ਖ਼ਰੀਦ ਕੀਤੀ ਅਤੇ ਕਣਕ ਦੀ ਬਿਜਾਈ ਪਲਟਾਵਾਂ ਹਲ ਚਲਾ ਕੇ ਸੁਪਰ ਸੀਡਰ ਨਾਲ ਕੀਤੀ। ਉਨ੍ਹਾਂ ਹੋਰ ਦੱਸਿਆ ਕਿ ਪਰਾਲੀ ਨੂੰ ਮਿੱਟੀ ਵਿੱਚ ਮਿਲਾਉਣ ਨਾਲ ਜ਼ਮੀਨ ਵਿਚਲੇ ਜ਼ਰੂਰੀ ਤੱਤ ਨਸ਼ਟ ਨਹੀਂ ਹੁੰਦੇ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੁੰਦਾ ਹੈ ਜਿਸ ਦੇ ਸਿੱਟੇ ਵੱਜੋ ਇਸ ਸਾਲ ਉਸ ਦਾ ਝੋਨੇ ਦਾ ਝਾੜ ਰਿਕਾਰਡ ਤੋੜ 38 ਕੁਇੰਟਲ ਪ੍ਰਤੀ ਏਕੜ ਦਾ ਰਿਹਾ। ਕਿਸਾਨ 27 ਏਕੜ ਰਕਬੇ ਵਿੱਚ ਆਲੂ ਦੀ ਡਾਇਮੰਡ ਕਿਸਮ ਦੀ ਕਾਸ਼ਤ ਕਰਦਾ ਹੈ ਜਿਸ ਦੀ ਸਿੰਚਾਈ ਲਈ ਉਸ ਨੇ ਭੂਮੀ ਅਤੇ ਪਾਣੀ ਰੱਖਿਆ ਵਿਭਾਗ ਤੋਂ ਸਬਸਿਡੀ ਤੇ 15 ਏਕੜ ਜ਼ਮੀਨ ਤੇ ਫੁਆਰਾ ਸਿੰਚਾਈ ਸਿਸਟਮ ਲਗਵਾਇਆ ਹੈ ਜਿਸ ਨਾਲ ਜ਼ਮੀਨ ਹੇਠਲੇ ਪਾਣੀ ਦੀ ਦੁਰਵਰਤੋਂ ਨਹੀਂ ਹੁੰਦੀ ਬਲਕਿ ਸਿਰਫ਼ ਲੋੜ ਅਨੁਸਾਰ ਹੀ ਪਾਣੀ ਫ਼ਸਲ ਨੂੰ ਲਗਦਾ ਹੈ। ਇਸ ਦੇ ਨਾਲ ਹੀ ਕਿਸਾਨ ਲਗਭਗ 20 ਏਕੜ ਵਿੱਚ ਬਾਸਮਤੀ 1509 ਅਤੇ 1718 ਦੀ ਖੇਤੀ ਕਰਦਾ ਹੈ ਜਿਸ ਦਾ ਇਸ ਵਾਰ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਰਿਹਾ ਅਤੇ ਚੰਗੀ ਆਮਦਨ ਹੋਈ।
ਖੇਤੀ ਦੇ ਨਾਲ ਨਾਲ ਸਹਾਇਕ ਧੰਦੇ ਵੱਜੋ ਉਸ ਕੋਲ 35 ਦੁਧਾਰੂ ਪਸ਼ੂ ਵੀ ਹਨ, ਜਿਨ੍ਹਾਂ ਦੇ ਚਾਰੇ ਦੇ ਪ੍ਰਬੰਧਨ ਲਈ ਕਿਸਾਨ ਵੱਲੋਂ ਤਕਰੀਬਨ 20 ਏਕੜ ਵਿੱਚ ਚਾਰੇ ਵਾਲੀ ਮੱਕੀ ਦੀ ਕਾਸ਼ਤ ਕੀਤੀ ਜਾਂਦੀ ਹੈ ਅਤੇ ਮੱਕੀ ਦਾ ਟੋਕਾ ਕਰਕੇ ਉਹ ਆਚਾਰ ਤਿਆਰ ਕਰਦਾ ਹੈ ਅਤੇ ਸਾਲ ਭਰ ਲਈ ਪਸ਼ੂਆਂ ਲਈ ਸੰਤੁਲਿਤ ਖ਼ੁਰਾਕ ਪੈਦਾ ਕਰਦਾ ਹੈ, ਜਿਸ ਦੇ ਸਿੱਟੇ ਵੱਜੋ ਦੁੱਧ ਦੀ ਵਧੀਆ ਕੁਆਲਟੀ ਹੋਣ ਕਰਕੇ ਦੁੱਧ ਵੇਰਕਾ ਕੰਪਨੀ ਖ਼ਰੀਦ ਲੈਂਦੀ ਹੈ ਅਤੇ ਕਿਸਾਨ ਡੇਅਰੀ ਫਾਰਮਿੰਗ ਵਿੱਚੋਂ ਵੀ ਚੋਖੀ ਆਮਦਨ ਕਮਾ ਲੈਂਦਾ ਹੈ।
ਇਸ ਤੋਂ ਇਲਾਵਾ ਕਿਸਾਨ ਰੁਪਿੰਦਰ ਸਿੰਘ ਪਸ਼ੂਆਂ ਦੇ ਗੋਬਰ ਤੋਂ ਰੂੜੀ ਦੀ ਦੇਸੀ ਖਾਦ ਤਿਆਰ ਕਰਕੇ ਆਪਣੇ ਖੇਤਾਂ ਵਿੱਚ ਵਰਤੋਂ ਕਰਦਾ ਹੈ । ਉਨ੍ਹਾਂ ਦੱਸਿਆ ਕ ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੁੰਦਾ ਹੈ ਅਤੇ ਰਸਾਇਣਿਕ ਖਾਦਾਂ ਦੀ ਵਰਤੋਂ ਵੀ ਘਟਦੀ ਹੈ। ਕਿਸਾਨ ਆਪਣੇ ਘਰ ਲਈ ਸਬਜ਼ੀ ਦੀ ਪੂਰਤੀ ਘਰੇਲੂ ਬਗੀਚੀ ਲਗਾ ਕੇ ਜੈਵਿਕ ਤਰੀਕੇ ਨਾਲ ਸਬਜ਼ੀਆਂ ਉਗਾ ਕੇ ਕਰਦਾ ਹੈ।ਖੇਤੀਬਾੜੀ ਵਿਕਾਸ ਅਫ਼ਸਰ ਡਾ. ਅਨਮੋਲਦੀਪ ਸਿੰਘ ਨੇ ਦੱਸਿਆ ਕਿ ਕਿਸਾਨ ਰੁਪਿੰਦਰ ਸਿੰਘ ਪਿੰਡ ਦੇ ਸਰਪੰਚ ਹੋਣ ਦੀਆਂ ਜ਼ਿੰਮੇਵਾਰੀਆਂ ਦੇ ਨਾਲ ਨਾਲ ਕੁਦਰਤੀ ਸੋਮਿਆਂ ਦੀ ਰਖਵਾਲੀ ਦੀ ਜ਼ਿੰਮੇਵਾਰੀ ਵੀ ਬਾਖ਼ੂਬੀ ਨਿਭਾ ਰਿਹਾ ਹੈ। ਉਹ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਅਹਿਮਦਗੜ ਦੁਆਰਾ ਕੀਤੀਆਂ ਜਾਂਦੀਆਂ ਗਤੀਵਿਧੀਆਂ ਵਿੱਚ ਵੱਧ ਚੜ ਕੇ ਹਿੱਸਾ ਲੈਂਦਾ ਹੈ।ਉਨ੍ਹਾਂ ਹੋਰਨਾਂ ਕਿਸਾਨਾਂ ਨੂੰ ਵੀ ਇਸ ਅਗਾਂਹਵਧੂ ਕਿਸਾਨ ਦੀ ਵਾਤਾਵਰਨ ਪੱਖੀ ਸੋਚ ਤੋਂ ਸੇਧ ਲੈਣ ਦੀ ਕਹਿ ਤਾਂ ਜੋ ਫ਼ਸਲੀ ਵਿਭਿੰਨਤਾ ਅਪਣਾ ਕੇ ਅਤੇ ਪਰਾਲੀ ਨੂੰ ਅੱਗ ਨਾ ਲਗਾ ਕੇ ਆਧੁਨਿਕ ਮਸ਼ੀਨਾਂ ਦੀ ਵਰਤੋਂ ਨਾਲ ਖੇਤੀ ਕਰਕੇ ਆਪਣੀ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ । ਇਸ ਲਈ ਸਾਨੂੰ ਸਾਡੇ ਵਾਤਾਵਰਨ ਅਤੇ ਕੁਦਰਤੀ ਸੋਮਿਆਂ ਦੀ ਸਾਂਭ ਸੰਭਾਲ ਕਰਨ ਵਿੱਚ ਆਪਣਾ ਫ਼ਰਜ਼ ਨਿਭਾਉਣਾ ਚਾਹੀਦਾ ਹੈ।