— ਵਧੀਕ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਨੇ ਰਾਜ ਪੱਧਰੀ ਟੀਚਰ ਫੈਸਟ 2022 ‘ ਚ ਪਹਿਲਾ ਸਥਾਨ ਪ੍ਰਾਪਤ ਕਰਨ ਤੇ ਡਾ ਬਲਵੰਤ ਸਿੰਘ ਖੇੜੀ ਨੂੰ ਦਿੱਤੀ ਵਧਾਈ
ਮਾਲੇਰਕੋਟਲਾ 19 ਨਵੰਬਰ ( ਬੌਬੀ ਸਹਿਜਲ, ਧਰਮਿੰਦਰ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਰਾਜ ਪੱਧਰੀ ਟੀਚਰ ਫੈਸਟ 2022 ਕਰਵਾਇਆ ਗਿਆ । ਇਸ ਰਾਜ ਪੱਧਰੀ ਟੀਚਰ ਫੈਸਟ 2022 ਦੇ ਮੁਕਾਬਲਿਆਂ ਵਿੱਚ ਵੱਖ- ਵੱਖ ਵਿਸ਼ਿਆਂ ਦੇ ਅਧਿਆਪਕ ਪਹਿਲਾਂ ਬਲਾਕ ਅਤੇ ਫਿਰ ਜ਼ਿਲ੍ਹੇ ਪੱਧਰ ਤੇ ਜਿੱਤ ਕੇ ਕੁੱਲ 241 ਅਧਿਆਪਕਾਂ ਨੇ ਭਾਗ ਲਿਆ । ਇਸ ਟੀਚਰ ਫੈਸਟ ਵਿੱਚ ਅਧਿਆਪਕਾਂ ਨੇ ਆਪਣੇ ਪ੍ਰੋਜੈਕਟਾਂ, ਮਾਡਲਾਂ ਰਾਹੀ ਆਪਣੇ ਵਿਚਾਰਾਂ ਅਤੇ ਖੋਜਾਂ ਨੂੰ ਪੇਸ਼ ਕੀਤਾ ਜਿਨ੍ਹਾਂ ਨਾਲ ਵਿਦਿਆਰਥੀਆਂ ਨੂੰ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿੱਚ ਹੋਰ ਨਿਖਾਰਿਆ ਜਾ ਸਕਦਾ ਹੈ ।ਸਪੋਰਟਸ ਇੰਚਾਰਜ ਸ਼ਹੀਦ ਮੇਜਰ ਹਰਦੇਵ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਵਾਰਾ, ਮਾਲੇਰਕੋਟਲਾ ਡਾ. ਬਲਵੰਤ ਸਿੰਘ ਖੇੜੀ ਨੇ ਆਪਣਾ ਪ੍ਰੋਜੈਕਟ , ਖੇਡ ਪ੍ਰਤਿਭਾ ਦੀ ਪਹਿਚਾਣ ( ਸਪੋਰਟਸ ਟੇਲੈਂਟ ਇੰਡੈਟੀਫਿਕੇਸ਼ਨ ) ਤੇ ਤਿਆਰ ਕੀਤਾ ਅਤੇ ਦੱਸਿਆ ਕਿ ਪਹਿਲਾਂ ਪ੍ਰਾਇਮਰੀ ਸਕੂਲ ਤੋਂ ਹੀ ਵਿਦਿਆਰਥੀਆਂ ਨੂੰ ਸਾਡੀਆਂ ਪੰਜਾਬ ਦੀਆਂ ਰਵਾਇਤੀ ਖੇਡਾਂ ਰਾਹੀ ਤੰਦਰੁਸਤ ਕੀਤਾ ਜਾਵੇ ਅਤੇ ਉਹਨਾਂ ਦੀਆਂ ਸਮਰੱਥਾਵਾਂ ਨੂੰ ਵਧਾਇਆ ਜਾਵੇ । ਉਸ ਤੋਂ ਬਾਅਦ ਵਿਗਿਆਨਿਕ ਤਕਨੀਕਾਂ ਰਾਹੀ 11 ਤੋ 13 ਸਾਲ ਦੇ ਖਿਡਾਰੀਆਂ ਦੇ ਟੈਸਟ ਲੈ ਕੇ ਉਹਨਾਂ ਦੀ ਸਰੀਰਕ ਬਣਤਰ , ਸਮਰੱਥਾਵਾਂ ਅਤੇ ਖੇਡ ਸਕਿੱਲ ਨੂੰ ਚੈੱਕ ਕਰਕੇ ਕੇ ਸਪੋਰਟਸ ਟੇਲੈਂਟ ਪਹਿਚਾਣਿਆ ਜਾਵੇ । ਫਿਰ ਖੇਡ ਮਾਹਿਰਾਂ ਦੀ ਸਹਾਇਤਾ ਰਾਹੀ ਹਰ ਖਿਡਾਰੀ ਦਾ ਟ੍ਰੇਨਿੰਗ ਪ੍ਰੋਗਰਾਮ ਤਿਆਰ ਕੀਤਾ ਜਾਵੇ , ਲਾਗੂ ਕੀਤਾ ਜਾਵੇ ,ਅਤੇ ਖੇਡ ਪ੍ਰਫਾਰਮੈਂਸ ਦਾ ਨਿਰੀਖਣ ਕੀਤਾ ਜਾਵੇ । ਅਜਿਹਾ ਕਰਨ ਨਾਲ ਖੇਡ ਜਗਤ ਵਿੱਚ ਪੰਜਾਬ ਬਹੁਤ ਉੱਚੀਆਂ ਪੁਲਾਂਘਾਂ ਪੁੱਟੇਗਾ ਅਤੇ ਬਹੁ-ਗਿਣਤੀ ਵਿੱਚ ਅੰਤਰਰਾਸ਼ਟਰੀ ਖਿਡਾਰੀ ਪੈਦਾ ਕਰਨ ਵਿੱਚ ਸਮਰੱਥ ਹੋਵੇਗਾ ।ਪਿਛਲੇ ਦਿਨੀਂ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫ਼ਤਿਹਗੜ੍ਹ ਸਾਹਿਬ ਵਿਖੇ ਕਰਵਾਏ ਗਏ ਰਾਜ ਪੱਧਰੀ ਟੀਚਰ ਫੈਸਟ 2022 ‘ ਚ ਡਾ. ਬਲਵੰਤ ਸਿੰਘ ਖੇੜੀ ਵਲੋਂ ਤਿਆਰ ਕੀਤੇ ਪ੍ਰੋਜੈਕਟ ਨੂੰ ਅੱਵਲ (ਪਹਿਲਾ) ਸਥਾਨ ਪ੍ਰਾਪਤ ਹੋਇਆ ਅਤੇ ਇਸ ਮੌਕੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਬੈਂਸ ਵਲੋਂ ਪਹਿਲਾ ਸਥਾਨ ਪ੍ਰਾਪਤ ਕਰਨ ਸਦਕਾ ਜ਼ਿਲ੍ਹਾ ਮਾਲੇਰਕੋਟਲਾ ਦੇ ਸਪੋਰਟਸ ਇੰਚਾਰਜ ਸ਼ਹੀਦ ਮੇਜਰ ਹਰਦੇਵ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਵਾਰਾ ਡਾ. ਬਲਵੰਤ ਸਿੰਘ ਖੇੜੀ ਨੂੰ 5100 ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਵੀ ਕੀਤਾ ਗਿਆ । ਸਿੱਖਿਆ ਮੰਤਰੀ ਪੰਜਾਬ ਅਤੇ ਹੋਰ ਅਧਿਕਾਰੀਆਂ ਭਰੋਸਾ ਦਵਾਇਆ ਗਿਆ ਕਿ ਇਹ ਪ੍ਰੋਜੈਕਟ ਨੂੰ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਲਾਗੂ ਕਰਨ ਲਈ ਸੰਭਵ ਯਤਨ ਕੀਤੇ ਜਾਣਗੇ । ਵਧੀਕ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਮਿਸ ਰਾਜਦੀਪ ਕੌਰ ਨੇ ਰਾਜ ਪੱਧਰੀ ਟੀਚਰ ਫੈਸਟ 2022 ਵਿੱਚ ਸਰੀਰਕ ਸਿੱਖਿਆ ਵਿਸ਼ੇ ਦੀਆਂ ਪ੍ਰਦਰਸ਼ਨੀਆਂ ਵਿਚੋਂ ਪਹਿਲਾ ਸਥਾਨ ਮਾਲੇਰਕੋਟਲਾ ਜ਼ਿਲ੍ਹੇ ਦੇ ਸ਼ਹੀਦ ਮੇਜਰ ਹਰਦੇਵ ਸਿੰਘ ਸ.ਸ.ਸ.ਸ. ਸ. ਗੁਆਰਾ ਦੇ ਡਾ. ਬਲਵੰਤ ਸਿੰਘ ਦੀ ਪ੍ਰਦਰਸ਼ਨੀ ਨੇ ਹਾਸਲ ਕਰਨ ਤੇ ਜ਼ਿਲ੍ਹੇ ਦੇ ਸਮੁੱਚੇ ਅਧਿਆਪਕ ਵਰਗ ਨੂੰ ਵਧਾਈ ਦਿੱਤੀ ਅਤੇ ਕਿਹਾ ਜਿਹੇ ਫੈਸਟ ਕਰਵਾਉਣੇ ਵਿਦਿਆਰਥੀਆਂ ਲਈ ਸੁੱਭ ਸੰਕੇਤ ਹਨ। ਅਧਿਆਪਕ ਵਲੋਂ ਆਪਣੀ ਸੋਚ ਅਨੁਸਾਰ ਮਾਡਲ ਤਿਆਰ ਕਰਕੇ ਸ਼ਲਾਘਾਯੋਗ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਨੂੰ ਵਿਗਿਆਨਿਕ ਲੀਹਾਂ ਤੇ ਲੈ ਕੇ ਆਉਣਾ ਸਮੇਂ ਦੀ ਲੋੜ ਹੈ। ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫਸਰ ਮਾਲੇਰਕੋਟਲਾ ਸੰਜੀਵ ਸ਼ਰਮਾ ਪ੍ਰਿੰਸੀਪਲ ਮਨਜੀਤ ਸਿੰਘ ਅਤੇ ਸਕੂਲ ਦੀ ਸਮੁੱਚੀ ਟੀਮ ਨੂੰ ਵਿਸ਼ੇਸ਼ ਤੌਰ ਤੇ ਸ਼ੁਭ ਕਾਮਨਾਵਾਂ ਅਤੇ ਵਧਾਈ ਦਿੱਤੀ ।