ਫੂਡ ਐਂਡ ਅਲਾਈਡ ਯੂਨੀਅਨ ਵੱਲੋਂ 8 ਲੱਖ ਦੀ ਠੱਗੀ ਮਾਰਨ ਦੇ ਦੋਸ਼
ਜਗਰਾਉਂ, 20 ਨਵੰਬਰ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )-ਜਗਰਾਓਂ ਦੇ ਕਾਂਗਰਸੀ ਕੌਂਸਲਰ ਰਮੇਸ਼ ਕੁਮਾਰ ਉਰਫ਼ ਮੇਸ਼ੀ ਸਹੋਤਾ ਵਾਸੀ ਮੁਹੱਲਾ ਰਾਣੀਵਾਲਾ ਖੂਹ ਦੇ ਖਿਲਾਫ ਥਾਣਾ ਸਿਟੀ ਜਗਰਾਓਂ ਵਿਖੇ ਧੋਖਾ ਧੜੀ ਦੇ ਦੋਸ਼ ਵਿਚ ਮੁਕਦਮਾ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਫੂਡ ਐਂਡ ਅਲਾਈਡ ਵਰਕਰਜ਼ ਯੂਨੀਅਨ ਦੇ ਮੈਂਬਰਾਂ ਵੱਲੋਂ ਦਿੱਤੀ ਸ਼ਿਕਾਇਤ ਦੀ ਪੜਤਾਲ ਉਪਰੰਤ ਅਮਲ ਵਿਚ ਲਿਆਂਦੀ ਗਈ ਅਤੇ ਮੇਸ਼ੀ ਸਹੋਚਾ ਖਿਲਾਫ 8.10 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹਨ। ਬੱਸ ਅੱਡਾ ਪੁਲੀਸ ਚੌਕੀ ਦੇ ਇੰਚਾਰਜ ਏ.ਐਸ.ਆਈ ਗੁਰਸੇਵਕ ਸਿੰਘ ਨੇ ਦੱਸਿਆ ਕਿ ਰਾਮਨਾਥ ਵਾਸੀ ਅਗਵਾੜ ਖਵਾਜਾ ਬਾਜੂ ਨੇੜੇ ਨਵੀਂ ਗਊਸ਼ਾਲਾ ਜਗਰਾਉਂ ਅਤੇ ਫੂਡ ਐਂਡ ਅਲਾਈਡ ਵਰਕਰਜ਼ ਯੂਨੀਅਨ ਦੇ ਮੈਂਬਰਾਂ ਵੱਲੋਂ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਸੀ ਕਿ ਰਮੇਸ਼ ਕੁਮਾਰ ਉਰਫ਼ ਮੇਸ਼ੀ ਸਹੋਤਾ ਵਲੋਂ ਉਨ੍ਹਾਂ ਪਾਸੋਂ ਮਜ਼ਦੂਰੀ ਦਾ ਕੰਮ ਲੈ ਕੇ ਉਨ੍ਹਾਂ ਦੀ ਮਿਹਨਤ ਦੇ ਪੈਸੇ ਉਨ੍ਹਾਂ ਨੂੰ ਨਹੀਂ ਦਿਤੇ ਗਏ। ਇਸ ਸ਼ਿਕਾਇਤ ਦੀ ਜਾਂਚ ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਇੰਦਰਜੀਤ ਸਿੰਘ ਨੇ ਕੀਤੀ। ਸ਼ਿਕਾਇਤ ਦੀ ਪੜਤਾਲ ਉਪਰੰਤ ਕੌਂਸਲਰ ਰਮੇਸ਼ ਕੁਮਾਰ ਉਰਫ਼ ਮੇਸ਼ੀ ਸਹੋਤਾ ਖ਼ਿਲਾਫ਼ ਮਜ਼ਦੂਰ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ।
ਇਨ੍ਹਾਂ ਵਿਅਕਤੀਆਂ ਦੀ ਹੈ ਇਹ ਰਾਸ਼ੀ- ਏ.ਐਸ.ਆਈ ਗੁਰਸੇਵਕ ਸਿੰਘ ਅਨੁਸਾਰ ਮੇਸ਼ੀ ਸਹੋਤਾ ਖਿਲਾਫ ਸ਼ਿਕਾਇਤ ਦੇਣ ਵਾਲਿਆਂ ਵਿਚ ਰਾਮ ਨਾਥ ਵਾਸੀ ਨਜ਼ਦੀਕ ਨਵੀਂ ਗਊਸ਼ਾਲਾ ਅਗਵਾੜ ਖਵਾਜਾ ਬਾਜੂ ਦੇ ਇੱਕ ਲੱਖ ਰੁਪਏ, ਪੱਪੂ ਵਾਸੀ ਅਗਵੜ ਲਧਾਈ ਮੁਹੱਲਾ ਰਾਣੀਵਾਲਾ ਖੂਹ ਦੇ 70 ਹਜ਼ਾਰ ਰੁਪਏ, ਪਰਮਜੀਤ ਸਿੰਘ ਵਾਸੀ ਅਗਵਾੜ ਖਵਾਜਾ ਬਾਜੂ ਦੇ 70 ਹਜ਼ਾਰ ਰੁਪਏ। ਜਗਤਾਰ ਸੰਘ ਵਾਸੀ ਪਿੰਡ ਕੋਠੇ ਅਠ ਚੱਕ ਅਗਵਾੜ ਖਵਾਜਾ ਬਾਜੂ 25 ਹਜ਼ਾਰ ਰੁਪਏ, ਕੁਲਦੀਪ ਸਿੰਘ ਵਾਸੀ ਲੰਡੇ ਫਾਟਕ 2.50 ਲੱਖ ਰੁਪਏ, ਰਾਮਜੀ ਦਾਸ ਵਾਸੀ ਚੁੰਗੀ ਨੰਬਰ 8 ਦੇ 50 ਹਜ਼ਾਰ ਰੁਪਏ, ਭੋਲਾ ਸਿੰਘ ਵਾਸੀ ਨਵੀਂ ਗਊਸ਼ਾਲਾ 50 ਹਜ਼ਾਰ ਰੁਪਏ, ਸਤਨਾਮ ਸਿੰਘ ਵਾਸੀ ਅਗਵਾੜ 35 ਹਜ਼ਾਰ ਰੁਪਏ। ਸੁਰਜੀਤ ਸਿੰਘ ਨਿਵਾਸੀ ਅਗਵਾੜ ਲਧਾਈ ਮੁਹੱਲਾ ਰਾਣੀਵਾਲਾ ਖੂਹ 35 ਹਜ਼ਾਰ ਰੁਪਏ, ਸੁਰਜੀਤ ਸਿੰਘ ਵਾਸੀ ਪਿੰਡ ਕਾਉਂਕੇ ਕਲਾਂ ਦਾ 85 ਹਜ਼ਾਰ ਰੁਪਏ, ਭੂਰਾ ਸਿੰਘ ਵਾਸੀ ਮੁਹੱਲਾ ਪ੍ਰਤਾਪ ਨਗਰ ਦਾ 25 ਹਜ਼ਾਰ ਰੁਪਏ, ਸਰਵਨ ਸਿੰਘ ਨਿਵਾਸੀ ਨਾਨਕ ਨਗਰੀ ਥੇਹ ਅਗਵਾੜ ਖਵਾਜਾ ਬਾਜੂ ਦਾ 25 ਹਜ਼ਾਰ ਰੁਪਏ, ਚਰਨ ਸਿੰਘ ਵਾਸੀ ਪਿੰਡ ਕਾਉਂਕੇ ਕਲਾਂ ਦਾ 25 ਹਜ਼ਾਰ ਰੁਪਏ ਕੌਂਸਲਰ ਰਮੇਸ਼ ਕੁਮਾਰ ਵੱਲੋਂ ਉਕਤ ਵਿਅਕਤੀਆਂ ਦੇ ਖਾਤੇ ਵਿੱਚ ਜਮ੍ਹਾਂ ਨਹੀਂ ਕਰਵਾਈ ਗਈ।
ਸਿਆਸਤ ਤੋਂ ਪ੍ਰੇਰਿਤ ਹੈ ਇਹ ਮਾਮਲਾ-ਇਸ ਸਬੰਧੀ ਕਾਂਗਰਸੀ ਕੌਂਸਲਰ ਰਮੇਸ਼ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਸ਼ਿਕਾਇਤ ਕਈ ਸਾਲ ਪੁਰਾਣੀ ਹੈ। ਨਗਰ ਕੌਂਸਲ ਵਿੱਚ ਚੱਲ ਰਹੀ ਸਿਆਸਤਬਾਜੀ ਕਾਰਨ ਉੁਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਸ ਵਿੱਚ ਕੋਈ ਸੱਚਾਈ ਨਹੀਂ ਹੈ। ਉਹ ਕਿਸੇ ਦੇ ਦਬਾਅ ਹੇਠ ਨਹੀਂ ਆਉਣਗੇ।
