ਜਗਰਾਉਂ, 27 ਨਵੰਬਰ ( ਲਿਕੇਸ਼ ਸ਼ਰਮਾਂ, ਮੋਹਿਤ ਜੈਨ)-ਸ਼ਹਿਰ ਦੇ ਪ੍ਰਸਿੱਧ ਸੰਸਥਾਨ ਮਹਾਪ੍ਰਗਯ ਸਕੂਲ ਵਿੱਚ ਸਕੂਲ ਦੇ ਡਾਇਰੈਕਟਰ ਵਿਸ਼ਾਲ ਜੈਨ ਜੀ ਦੀ ਵਿਲੱਖਣ ਸੋਚ ਸਦਕਾ ਪੰਜਾਬੀ ਸੱਭਿਆਚਾਰ ਨੂੰ ਸੰਭਾਲਣ , ਪ੍ਰਫੁੱਲਤ ਕਰਨ ਤੇ ਭਾਵੀ ਪੀੜੀ ਨੂੰ ਆਪਣੀਆਂ ਜੜਾਂ ਨਾਲ ਜੋੜਨ ਵਾਸਤੇ ਪੰਜਾਬੀ ਸੱਭਿਆਚਾਰਕ ਨਾਚ ਕਲਾ ਤੇ ਨਿਵੇਕਲੀ ਪਛਾਣ ਨੂੰ ਸਾਬਤ ਸਬੂਤ ਰੂਪ ਵਿੱਚ ਪ੍ਰਗਟਾਉਣ ਦਾ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਜਿਸ ਵਿੱਚ ਛੇਵੀਂ ਤੋਂ ਅੱਠਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਤੇ ਕਲਾਤਮਕਤਾ ਨੂੰ ਜੋਸ਼ ਤੇ ਦਿਲਕਸ਼ ਅਦਾਵਾਂ ਰਾਹੀਂ ਪੇਸ਼ ਕਰਦਿਆਂ ਖੂਬ ਧਮਾਲ ਪਾਈ। ਡਾਂਸ ਅਧਿਆਪਕ ਸਨਪ੍ਰੀਤ ਸਿੰਘ ਨੇ ਸਕੂਲ ਵੱਲੋਂ ਪੰਜਾਬ ਦੇ ਲੋਕ ਨਾਚਾਂ ਤੇ ਪੰਜਾਬੀ ਸੰਸਕ੍ਰਿਤੀ ਨੂੰ ਪੁਨਰ ਸੁਰਜੀਤ ਕਰਨ ਲਈ ਕੀਤੇ ਉਪਰਾਲੇ ਵਿੱਚ ਆਪਣੀ ਭੂਮਿਕਾ ਬਾਖੂਬੀ ਨਿਭਾਈ ਤੇ ਬੱਚਿਆਂ ਰਾਹੀਂ ਭੰਗੜਾ, ਝੂੰਮਰ ਤੇ ਮਲਵਈ ਗਿੱਧੇ ਦੀਆਂ ਪੁਰਾਤਨ ਰਵਾਇਤਾਂ ਤੇ ਨਾਚ ਮੁਦਰਾਵਾਂ ਨੂੰ ਆਪਣੀ ਵਿਲੱਖਣਤਾ ਨਾਲ ਪੇਸ਼ ਕੀਤਾ ਗਿਆ। ਸਕੂਲ ਵਿਦਿਆਰਥਣਾਂ ਨੇ ਲੋਕ ਗੀਤਾਂ ਰਾਹੀਂ ਖੂਬ ਰੰਗ ਬੰਨਿਆ।ਸਾਰੇ ਹੀ ਪ੍ਰਤੀਭਾਗੀ ਸਿਰਾਂ ਤੇ ਸ਼ਮਲੇ, ਹੱਥ ਖੁੰਡੇ ,ਤੇੜ ਚਾਦਰੇ ਬੰਨ੍ਹ ਕੇ ਗਲਾਂ ਚ ਕੈਂਠੇ ਪਾਈ ਜਚ ਰਹੇ ਸੀ। ਮੁੱਖ ਮਹਿਮਾਨ ਲਖਬੀਰ ਸਿੰਘ, ਐਸ. ਐਚ.ਓ. ਸਦਰ ਜਗਰਾਉਂ ਨੇ ਸਕੂਲ ਦੇ ਜਤਨਾਂ ਨੂੰ ਸਲਾਹੁੰਦਿਆਂ ਕਿਹਾ ਕਿ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਸਕੂਲ ਸਟੇਜ ਇੱਕ ਵਧੀਆ ਜ਼ਰੀਆ ਹੈ । ਸਾਰੇ ਹੀ ਪ੍ਰਤੀਭਾਗੀਆਂ ਨੂੰ ਮੈਡਲ ਦੇ ਕੇ, ਡਾਂਸ ਅਧਿਆਪਕ ਸਨਪ੍ਰੀਤ ਸਿੰਘ ਅਤੇ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ । ਡਾਇਰੈਕਟਰ ਵਿਸ਼ਾਲ ਜੈਨ ਨੇ ਡਾਂਸ ਅਧਿਆਪਕ ਸਨਪ੍ਰੀਤ ਸਿੰਘ ਦੀ ਸ਼ਲਾਘਾ ਕਰਨ ਦੇ ਨਾਲ – ਨਾਲ ਸਮਾਗਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚੜ੍ਹਾਉਣ ਵਿੱਚ ਸਹਾਇਕ ਸਾਰੇ ਅਧਿਆਪਕਾਂ ਅਤੇ ਕਰਮਚਾਰੀਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਵਿੱਦਿਅਕ ਪ੍ਰਾਪਤੀਆਂ ਵਾਸਤੇ ਨਵੀਨ ਤਕਨੀਕਾਂ ਅਪਣਾਉਣੀਆਂ ਜ਼ਰੂਰੀ ਹਨ ਅਤੇ ਉਨਾਂ ਹੀ ਜ਼ਰੂਰੀ ਬੱਚਿਆਂ ਨੂੰ ਆਪਣੀ ਧਰਤ ਤੇ ਸੰਸਕਾਰਾਂ ਨਾਲ ਜੋੜਨਾ ਹੈ। ਮਾਪੇ ਅਤੇ ਮਹਿਮਾਨ ਰਿਫਰੈਸ਼ਮੈਂਟ ਦਾ ਆਨੰਦ ਮਾਣਦੇ ਹੋਏ ਸਕੂਲ ਵੱਲੋਂ ਕੀਤੇ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦੇ ਨਜ਼ਰ ਆਏ। ਇਸ ਮੌਕੇ ਪ੍ਰਿੰਸੀਪਲ ਪ੍ਰਭਜੀਤ ਕੌਰ, ਮੈਨੇਜਰ ਮਨਜੀਤਇੰਦਰ ਕੁਮਾਰ, ਵਾਈਸ ਪ੍ਰਿੰਸੀਪਲ ਅਮਰਜੀਤ ਕੌਰ, ਸੁਪਰੀਟੇਡੈਂਟ ਰਿਤੇਸ਼ ਜੈਸਵਾਲ, ਸਤਵੰਤ ਸਿੰਘ ਢਿੱਲੋਂ, ਸੰਗੀਤ ਅਧਿਆਪਕ ਇੰਦਰਜੀਤ ਸਿੰਘ ਤੇ ਸ਼੍ਰੇਣੀ ਅਧਿਆਪਕ ਮੌਜੂਦ ਸਨ।
