ਪਿਛਲੇ ਸਮੇਂ ਵਿਚ ਮਹਾਮਾਰੀ ਕਾਰਨ ਦੁਨੀਆਂ ਭਰ ਵਿਚ ਹਰ ਪ੍ਰਕਾਰ ਦਾ ਭਾਰੀ ਮੁਕਸਾਨ ਹੋਇਆ। ਪੂਰੀ ਦੁਨੀਆ ਇਕ ਤਰ੍ਹਾਂ ਨਾਲ ਥੰਮ ਗਈ, ਸੜਕਾਂ ਸੁੰਨਸਾਨ, ਕਾਰੋਬਾਰ ਬੰਦ ਅਤੇ ਲੋਕ ਘਰਾਂ ਵਿਚ ਕੈਦ ਹੋ ਕੇ ਰਹਿ ਗਏ। ਉਸ ਸਮੇਂ ਦੁਨੀਆ ਭਰ ’ਚ ਲੱਖਾਂ ਲੋਕ ਕਰੋਨਾ ਕਾਰਨ ਮੌਤ ਦੇ ਮੂੰਹ ’ਚ ਚਲੇਗਏ। ਰਿਸ਼ਤਿਆਂ ਦੀ ਅਸਲੀਅਤ ਵੀ ਉਸ ਸਮੇਂ ਹੀ ਦੁਨੀਆ ਵਿਚ ਸਾਹਮਣੇ ਆਈ। ਜੋ ਲੋਕ ਉਸ ਸਮੇਂ ਕਰੋਨਾ ਦੀ ਲਪੇਟ ਵਿਚ ਆ ਗਏ ਤਾਂ ਉਨ੍ਹਾਂ ਦੀ ਸੰਭਾਲ ਤੋਂ ਉਨ੍ਹਾਂ ਦੇ ਖੂਨ ਦੇ ਰਿਸ਼ਤੇ ਵੀ ਮੂੰਹ ਮੋੜ ਗਏ ਅਤੇ ਜੋ ਲੋਕ ਕਰੋਨਾ ਕਾਰਨ ਮੌਤ ਦੇ ਮੂੰਹ ਵਿਚ ਚਲੇ ਗਏ ਉਨਾਂ ਵਿਚੋਂ ਵਧੇਰੇਤਰ ਨੂੰ ਤਾਂ ਅੰਤਿਮ ਸੰਸਕਾਰ ਸਮੇਂ ਵੀ ਆਪਣਿਆ ਦਾ ਸਾਥ ਨਸੀਬ ਨਹੀਂ ਹੋਇਆ। ਉਹ ਭਿਆਨਕ ਦੌਰ ਕਿਸੇ ਨੂੰ ਵੀ ਭੁਲਾਇਆ ਭੁੱਲ ਨਹੀਂ ਸਕਦਾ। ਲੰਬੀ ਡਾਕਟਰੀ ਪ੍ਰਕਿਰਿਆ ਤੋਂ ਬਾਅਦ ਇੱਕ ਵਾਰ ’ਤੇ ਕਰੋਨਾ ਨੂੰ ਥੰਮ ਲਿਆ ਗਿਆ। ਪਰ ਉਸ ਤੋਂ ਬਾਅਦ ਵੀ ਕਰੋਨਾ ਸਮੇਂ-ਸਮੇਂ ’ਤੇ ਆਪਣਾ ਜ਼ੋਰ ਦਿਖਾ ਰਿਹਾ ਹੈ। ਹੁਣ ਇਕ ਵਾਰ ਫਿਰ ਤੋਂ ਕਰੋਨਾ ਨੇ ਚੀਨ ’ਚ ਦਸਤਕ ਦੇ ਦਿੱਤੀ ਹੈ ਅਤੇ ਪਿਛਲੇ ਸਮੇਂ ’ਚ ਉਥੇ ਹੋਏ ਨੁਕਸਾਨ ਨੂੰ ਦੇਖਦੇ ਹੋਏ ਸਰਕਾਰ ਵਲੋਂ ਸਖਤ ਪਾਬੰਦੀਆਂ ਲਗਾਈਆਂ ਗਈਆਂ ਹਨ। ਜਿਸ ਦਾ ਉਥੇ ਪਬਲਿਕ ਵਲੋਂ ਭਾਰੀ ਵਿਰੋਧ ਵੀ ਕੀਤਾ ਜਾ ਰਿਹਾ ਹੈ।੍ਟ ਜ਼ਿਕਰਯੋਗ ਹੈ ਕਿ ਸ਼ੁਰੂ ’ਚ ਚੀਨ ਤੋਂ ਹੀ ਕਰੋਨਾ ਦੀ ਸ਼ੁਰੂਆਤ ਹੋਈ ਸੀ। ਉਸਤੋਂ ਬਾਅਦ ਹੋਰਨਾਂ ਦੇਸ਼ਾਂ ਦੀਆਂ ਸਰਕਾਰਾਂ ਵਲੋਂ ਅਪਨਾਈ ਗਈ ਅਣਗਹਿਲੀ ਕਾਰਨ ਇਸ ਮਹਾਂਮਾਰੀ ਨੇ ਪੂਰੀ ਦੁਨੀਆ ’ਚ ਕਹਿਰ ਮਚਾ ਦਿੱਤਾ ਸੀ। ਹੁਣ ਜਦੋਂ ਚੀਨ ’ਚ ਕਰੋਨਾ ਨੇ ਫਿਰ ਤੋਂ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਤਾਂ ਪੂਰੀ ਦੁਨੀਆ ਨੂੰ ਚੌਕਸ ਹੋਣਾ ਚਾਹੀਦਾ ਹੈ। ਜੇਕਰ ਇਸ ਦੀ ਲਹਿਰ ਦੂਜੀ ਵਾਰ ਵਧਦੀ ਹੈ, ਤਾਂ ਇਸ ਦੇ ਨੁਕਸਾਨ ਦੀ ਭਰਪਾਈ ਕਰਨਾ ਮੁਸ਼ਕਲ ਹੋ ਜਾਵੇਗਾ। ਵੈਕਸੀਨੇਸ਼ਨ ਤੋਂ ਬਾਅਦ ਹੁਣ ਪੂਰੀ ਦੁਨੀਆਂ ਵਿਚ ਕਰੋਨਾਂ ਨੂੰ ਹਲਕੇ ਵਿਚ ਲੈਣਾ ਸ਼ੁਰੂ ਕਰ ਦਿਤਾ ਗਿਆ ਅਤੇ ਇਸ ਸੰਬਧੀ ਸਾਰੀਆਂ ਸਾਵਧਾਨੀਆਂ ਨੂੰ ਇਕ ਪਾਸੇ ਕਰ ਦਿਤਾ ਗਿਆ ਹੈ। ਕੋਰੋਨਾ ਵੈਕਸੀਨ ਟੀਕਾਕਰਨ ਲਗਾਉਣ ਦਾ ਕੰਮ ਵੀ ਬਹੁਤ ਮੱਧਮ ਹੋ ਚੁੱਕਾ ਹੈ ਅਤੇ ਸਾਰੇ ਬਚਾਅ ਦੇ ਉਪਾਅ ਬੰਦ ਕਰ ਦਿੱਤੇ ਗਏ ਹਨ। ਜਿਸ ਤਰ੍ਹਾਂ ਨਾਲ ਚੀਨ ਵਿਚ ਇਕ ਦਮ ਤੋਂ ਇਸਦਾ ਪ੍ਰਬਾਵ ਵਧਣ ਲੱਦਾ ਹੈ ਉਹ ਚਿੰਤਾ ਦਾ ਵਿਸ਼ਾ ਹੈ। ਜਿਸ ਕਾਰਨ ਸਾਵਧਾਨ ਰਹਿਣ ਦੀ ਲੋੜ ਹੈ ਕਿਉਂਕਿ ਚੀਨ ਵਪਾਰਕ ਤੌਰ ’ਤੇ ਪੂਰੀ ਦੁਨੀਆ ਨਾਲ ਜੁੜਿਆ ਹੋਇਆ ਹੈ ਅਤੇ ਉੱਥੋਂ ਵਸਤੂਆਂ ਦੀ ਦਰਾਮਦ ਅਤੇ ਨਿਰਯਾਤ ਵੱਡੇ ਪੱਧਰ ’ਤੇ ਹੁੰਦਾ ਹੈ। ਭਾਰਤ ਉਨ੍ਹਾਂ ਦੇਸ਼ਾਂ ਵਿਚ ਇਕ ਮਹੱਤਵਪੂਰਨ ਦੇਸ਼ ਹੈ ਜਿੱਥੇ ਚੀਨੀ ਸਾਮਾਨ ਵੱਡੇ ਪੱਧਰ ’ਤੇ ਆਉਂਦਾ ਹੈ। ਜੇਕਰ ਉਥੋਂ ਆਉਂਦੇ ਮਾਲ ਸੰਬਧੀ ਚੌਕਸੀ ਨਾ ਵਰਤੀ ਗਈ ਤਾਂ ਇਕ ਵਾਰ ਫਿਰ ਤੋਂ ਸਾਨੂੰ ਇਸ ਕਹਿਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਣ ਤੋਂ ਪਹਿਲਾਂ ਚੀਨ ਤੋਂ ਆਉਣ ਵਾਲੇ ਸਮਾਨ ਅਤੇ ਹੋਰ ਕਿਸਮ ਦੇ ਤਾਲਮੇਲ ਨੂੰ ਤੁਰੰਤ ਬੰਦ ਕਰਨਾ ਚਾਹੀਦਾ ਹੈ ਅਤੇ ਕਰੋਨਾ ਨਾਲ ਸਬੰਧਤ ਪੂਰੀ ਚੌਕਸੀ ਵਰਤਣੀ ਚਾਹੀਦੀ ਹੈ।
ਹਰਵਿੰਦਰ ਸਿੰਘ ਸੱਗੂ।