ਜਗਰਾਓਂ, 1 ਦਸੰਬਰ ( ਅਸ਼ਵਨੀ, ਧਰਮਿੰਦਰ )-ਅਸਟ੍ਰੇਲੀਆ ਤੋਂ ਕੈਨੇਡਾ ਜਾਣ ਲਈ 10 ਲੱਖ ਰੁਪਏ ਦੀ ਮੰਗ ਕਰਨ ਦੇ ਦੋਸ਼ ’ਚ ਗੁਰਜੀਤ ਸਿੰਘ, ਉਸਦੇ ਭਰਾ ਹਰਜੀਤ ਸਿੰਘ, ਭੈਣ ਪਵਨਦੀਪ ਕੌਰ ਅਤੇ ਮਾਤਾ ਸੁਰਿੰਦਰ ਕੌਰ ਖਿਲਾਫ ਦਾਜ ਲਈ ਤੰਗ ਪ੍ਰੇਸ਼ਾਨ, ਧੋਖਾਧੜੀ ਅਤੇ ਸਾਜ਼ਿਸ਼ ਰਚਣ ਦੇ ਦੋਸ਼ਾਂ ਤਹਿਤ ਮਾਮਲਾ ਥਾਣਆ ਸਦਰ ਰਾਏਕੋਟ ਵਿਖੇ ਦਰਜ ਕੀਤਾ ਗਿਆ ਹੈ। ਪੁਲੀਸ ਚੌਕੀ ਲੋਹਟਬੱਧੀ ਦੇ ਇੰਚਾਰਜ ਏਐਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਨੰਗਲ ਖੁਰਦ ਦੀ ਵਸਨੀਕ ਦਿਲਜੀਤ ਕੌਰ ਨੇ ਪੁਲੀਸ ਕੋਲ ਸ਼ਿਕਾਇਤ ਕੀਤੀ ਹੈ ਕਿ ਉਹ ਜੁਲਾਈ 2016 ਵਿੱਚ ਆਈਐਲਡੀ ਕਰਕੇ ਸਟੱਡੀ ਬੇਸ ’ਤੇ ਆਸਟ੍ਰੇਲੀਆ ਗਈ ਸੀ। ਇਸ ਦੌਰਾਨ ਉਸ ਦਾ ਰਿਸ਼ਤਾ ਪਿੰਡ ਰਛੀਨ ਵਾਸੀ ਗੁਰਜੀਤ ਸਿੰਘ ਨਾਲ ਤੈਅ ਹੋ ਗਿਆ। ਉਹ ਅਕਤੂਬਰ 2016 ਵਿੱਚ ਵਿਆਹ ਕਰਨ ਲਈ ਇੱਕ ਹਫ਼ਤੇ ਲਈ ਪੰਜਾਬ ਆਈ ਸੀ ਅਤੇ ਵਿਆਹ ਤੋਂ ਬਾਅਦ ਵਾਪਸ ਆਸਟ੍ਰੇੇਲੀਆ ਆ ਗਈ ਸੀ। ਉਸਤੋਂ ਬਾਅਦ ਸਪਾਊਸ ਕੇਸ ਲਗਾ ਕੇ ਉਸਨੇ ਆਪਣੇ ਪਤੀ ਗੁਰਜੀਤ ਸਿੰਘ ਨੂੰ ਅਕਤੂਬਰ 2017 ਵਿਚ ਅਸਟ੍ਰੇਲੀਆ ਬੁਲਾਇਆ। ਉਸਦੇ ਅਸਟ੍ਰੇਲੀਆ ਪੰਹੁਚਣ ਤੇ ਉਸ ਨੂੰ ਪਤਾ ਲੱਗਾ ਕਿ ਉਸ ਦੇ ਪਤੀ ਦਾ ਕਿਸੇ ਹੋਰ ਨਾਲ ਅਫੇਅਰ ਚੱਲ ਰਿਹਾ ਹੈ। ਜਿਸ ਕਾਰਨ ਦੋਵਾਂ ਵਿਚਾਲੇ ਤਕਰਾਰ ਹੋ ਗਈ। ਗੁਰਜੀਤ ਸਿੰਘ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਣ ਤੇ ਉਹ ਫਿਰ ਦੋਵੇਂ ਇਕੱਠੇ ਰਹਿਣ ਲੱਗ ਪਏ। ਇਸ ਦੌਰਾਨ ਗੁਰਜੀਤ ਸਿੰਘ ਨੇ ਉਸ ਨੂੰ ਕਿਹਾ ਕਿ ਉਹ ਵਾਪਸ ਪੰਜਾਬ ਚਲੀ ਜਾਵੇ ਅਤੇ ਉੱਥੇ ਜਾ ਕੇ ਦੁਬਾਰਾ ਆਈਲੈਟਸ ਕਰੇ। ਫਿਰ ਉਹ ਦੋਵੇਂ ਕੈਨੇਡਾ ਚਲੇ ਜਾਣਗੇ। ਦਲਜੀਤ ਕੌਰ ਆਪਣੇ ਪਤੀ ਦੇ ਕਹਿਣ ’ਤੇ ਵਾਪਸ ਆ ਗਈ। ਉਸ ਨੂੰ ਉਸ ਦੇ ਸਹੁਰੇ ਪਰਿਵਾਰ ਨੇ ਕਿਹਾ ਸੀ ਕਿ ਉਹ ਕੈਨੇਡਾ ਜਾਣ ਲਈ ਆਪਣੇ ਪੇਕੇ ਘਰੋਂ ਦਸ ਲੱਖ ਰੁਪਏ ਲੈ ਕੇ ਆਵੇ ਅਤੇ ਬਾਕੀ ਪੈਸੇ ਉਹ ਖਰਚ ਕਰ ਦੇਣਗੇ। ਜੇਕਰ ਪੈਸੇ ਨਹੀਂ ਹਨ ਤਾਂ ਉਥੋਂ ਦੀ ਜ਼ਮੀਨ ਗੁਰਜੀਤ ਸਿੰਘ ਦੇ ਨਾਂ ਕਰਵਾ ਦਿਓ। ਇਸ ਗੱਲ ਨੂੰ ਲੈ ਕੇ ਉਨ੍ਹਾਂ ਵਿਚਕਾਰ ਤਕਰਾਰ ਹੋ ਗਈ ਤਾਂ ਗੁਰਜੀਤ ਸਿੰਘ ਨੇ ਆਸਟ੍ਰੇੇਲੀਆ ਤੋਂ ਉਸ ਨੂੰ ਕਿਹਾ ਕਿ ਜੇਕਰ ਤੂੰ ਅਜਿਹਾ ਨਹੀਂ ਕਰ ਸਕਦੀ ਤਾਂ ਤੂੰ ਆਪਣੇ ਪੇਕੇ ਘਰ ਚਲੀ ਜਾਹ, ਉਥੇ ਤੈਨੂੰ ਤਲਾਕ ਦੇ ਕਾਗਜ਼ ਮਿਲ ਜਾਣਗੇ। ਇਸ ਤੋਂ ਬਾਅਦ ਗੁਰਜੀਤ ਸਿੰਘ ਨੇ ਉਸ ਨੂੰ ਉਥੋਂ ਤਲਾਕ ਦੇ ਆਰਡਰ ਭੇਜ ਦਿੱਤੇ। ਦਲਜੀਤ ਕੌਰ ਦੀ ਸ਼ਿਕਾਇਤ ਦੀ ਜਾਂਚ ਡੀਐਸਪੀ ਸਪੈਸ਼ਲ ਬਰਾਂਚ ਨੇ ਕੀਤੀ। ਜਾਂਚ ਤੋਂ ਬਾਅਦ ਦਲਜੀਤ ਕੌਰ ਦੇ ਪਤੀ ਗੁਰਜੀਤ ਸਿੰਘ, ਉਸ ਦੇ ਭਰਾ ਹਰਜੀਤ ਸਿੰਘ, ਭੈਣ ਪਵਨਦੀਪ ਕੌਰ ਅਤੇ ਮਾਤਾ ਸੁਰਿੰਦਰ ਕੌਰ ਵਾਸੀ ਪਿੰਡ ਰਛੀਨ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ।