ਜਗਰਾਓਂ, 2 ਦਸੰਬਰ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ) – ਜਗਰਾਉਂ ਦੇ ਇੱਕ ਵਪਾਰੀ ਨੂੰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ ਦੌਰਾਨ ਵੀਰਵਾਰ ਦੇਰ ਰਾਤ ਅੱਡਾ ਰਾਏਕੋਟ ਦੇ ਮੁੱਖ ਚੌਕ ਵਿੱਚ ਪੁਲਿਸ ਵੱਲੋਂ ਲਗਾਏ ਗਏ 4 ਹਾਈ ਪਾਵਰ ਸੀਸੀਟੀਵੀ ਕੈਮਰੇ ਜੋ ਚੌਕ ਦੇ ਆਲੇ-ਦੁਆਲੇ ਨਿਗਰਾਨੀ ਕਰਦੇ ਸਨ, ਨੂੰ ਸ਼ਰਾਰਤੀ ਅਨਸਰਾਂ ਵਲੋਂ ਤੋੜ ਦਿੱਤਾ ਗਿਆ। ਇਹ ਸਾਰੇ ਕੈਮਰੇ ਹੇਠਾਂ ਲਟਕਦੇ ਪਾਏ ਗਏ। ਸੂਚਨਾ ਮਿਲਣ ‘ਤੇ ਥਾਣਾ ਸਿਟੀ ਤੋਂ ਏ.ਐਸ.ਆਈ ਤਰਸੇਮ ਸਿੰਘ ਮੌਕੇ ‘ਤੇ ਪਹੁੰਚੇ, ਜਿਨ੍ਹਾਂ ਨੇ ਮੌਕੇ ‘ਤੇ ਜਾ ਕੇ ਜਾਂਚ ਕੀਤੀ ਅਤੇ ਕਿਹਾ ਕਿ ਫਿਲਹਾਲ ਇਹ ਕੈਮਰੇ ਪੱਤੀ ਟੁੱਟਣ ਕਾਰਨ ਹੇਠਾਂ ਡਿੱਗਦੇ ਨਜ਼ਰ ਆ ਰਹੇ ਹਨ | ਅਸੀਂ ਇਲਾਕੇ ਵਿੱਚ ਲੱਗੇ ਹੋਰ ਸੀਸੀਟੀਵੀ ਕੈਮਰਿਆਂ ਅਤੇ ਪੁਲੀਸ ਲਾਈਨ ਵਿੱਚ ਇਨ੍ਹਾਂ ਕੈਮਰਿਆਂ ਦੀ ਫੁਟੇਜ ਚੈੱਕ ਕਰ ਰਹੇ ਹਾਂ। ਜੇਕਰ ਕਿਸੇ ਸ਼ਰਾਰਤੀ ਅਨਸਰ ਵੱਲੋਂ ਇਹ ਕੈਮਰੇ ਜਾਣਬੁੱਝ ਕੇ ਤੋੜੇ ਗਏ ਤਾਂ ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲੀਸ ਵੱਲੋਂ ਇਹ ਕੈਮਰੇ ਠੀਕ ਕਰਕੇ ਦੁਬਾਰਾ ਲਗਵਾ ਦਿੱਤੇ ਗਏ ਹਨ।