Home Protest ਪੰਜਾਬ ਸਰਕਾਰ ਖ਼ਿਲਾਫ਼ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਤਾ ਗਿਆ...

ਪੰਜਾਬ ਸਰਕਾਰ ਖ਼ਿਲਾਫ਼ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਤਾ ਗਿਆ ਧਰਨਾ

65
0


ਜਗਰਾਉਂ/ਲੁਧਿਆਣਾ, 2 ਦਸੰਬਰ (ਅੰਕੁਸ਼ ਸਹਿਜਪਾਲ)– ਦਫ਼ਤਰ ਜਿਲ੍ਹਾ ਪ੍ਰੀਸ਼ਦ ਜਿਲ੍ਹਾ ਲੁਧਿਆਣਾ ਵਿਖੇ ਸਰਪੰਚਾਂ-ਪੰਚਾਂ, ਪੰਚਾਇਤ ਸੰਮਤੀ ਅਤੇ ਜਿਲਾ ਪ੍ਰੀਸ਼ਦਾਂ ਦੇ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈਕੇ ਪੰਜਾਬ ਸਰਕਾਰ ਖਿਲਾਫ ਸਾਂਝਾ ਧਰਨਾ ਦਿੱਤਾ ਗਿਆ। ਧਰਨੇ ਵਿੱਚ ਸ਼ਾਮਲ ਸਰਪੰਚਾਂ ਨੇ ਕਿਹਾ ਕਿ ਗ੍ਰਾਮ ਪੰਚਾਇਤਾਂ ਸਰਕਾਰ ਦੀ ਰੀੜ ਦੀ ਹੱਡੀ ਹੁੰਦੀਆਂ ਹਨ, ਪਰ ਬਹੁਤ ਹੀ ਅਫਸੋਸ ਦੀ ਗੱਲ ਹੈ ਕਿ ਜਿਸ ਤਰ੍ਹਾਂ ਸਰਪੰਚਾਂ, ਸੰਮਤੀ ਅਤੇ ਜਿਲਾ ਪ੍ਰੀਸ਼ਦ ਦੇ ਕਰਮਚਾਰੀਆਂ ਦੀਆਂ ਮੰਗਾਂ ਵੱਲ ਪਿਛਲੀਆਂ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਉਸ ਤਰ੍ਹਾਂ ਹੀ ਇਹ ਸਰਕਾਰ ਵੀ ਉਹਨਾਂ ਦੀਆਂ ਹੱਕੀ ਮੰਗਾਂ ਮੰਨਣ ਲਈ ਤਿਆਰ ਨਹੀਂ ਹੈ। ਜਿਸ ਦੇ ਕਰਕੇ ਸਰਪੰਚਾਂ/ਪੰਚਾਂ, ਪੰਚਾਇਤ ਸੰਮਤੀ ਅਤੇ ਜਿਲਾ ਪ੍ਰੀਸ਼ਦਾਂ ਦੇ ਕਰਮਚਾਰੀਆਂ ਨੇ ਪੰਜਾਬ ਸਰਕਾਰ ਖਿਲਾਫ ਸੰਘਰਸ਼ ਦਾ ਵਿਗਲ ਵਜਾ ਦਿੱਤਾ ਹੈ। ਇਸ ਤੋਂ ਇਲਾਵਾ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਖਹਿਰਾ ਨੇ ਮੌਜੂਦਾ ਸਰਪੰਚਾਂ ਵੱਲੋਂ ਆਪਣੇ ਆਪਣੇ ਪਿੰਡਾਂ ਵਿੱਚ ਕਰਵਾਏ ਗਏ ਵਿਕਾਸ ਦੇ ਕੰਮਾਂ ਦੀ ਪੜਤਾਲ ਦੇ ਨਾਮ ਤੇ ਮੌਜੂਦਾ ਸਰਪੰਚਾਂ ਨੂੰ ਪਿੰਡਾਂ ਵਿੱਚ ਜਲੀਲ ਕਰਨ ਲਈ ਤਾਨਾਸ਼ਾਹੀ ਹੁਕਮ ਜਾਰੀ ਕਰ ਦਿੱਤਾ ਹੈ। ਇਹਨਾਂ ਹੁਕਮਾਂ ਦੀ ਪੰਜਾਬ ਦੇ ਸਮੂਹ ਸਰਪੰਚ ਘੋਰ ਨਿੰਦਾ ਕਰਦੇ ਹਨ। ਡਾਇਰੈਕਟਰ ਸ੍ਰੀ ਗੁਰਪ੍ਰੀਤ ਸਿੰਘ ਖਹਿਰਾ ਦੇ ਇਹਨਾਂ ਤਾਨਾਸ਼ਾਹੀ ਹੁਕਮਾਂ ਕਰਕੇ ਪੰਜਾਬ ਦੇ ਸਮੂਹ ਸਰਪੰਚਾਂ-ਪੰਚਾਂ ਵੱਲੋਂ ਅੱਜ ਪੰਜਾਬ ਦੀਆਂ ਸਮੂਹ ਜਿਲ੍ਹਾ ਪ੍ਰੀਸ਼ਦਾਂ ਦੇ ਦਫਤਰਾਂ ਵਿੱਚ ਪੰਜਾਬ ਸਰਕਾਰ ਖਿਲਾਫ ਧਰਨੇ ਦਿੱਤੇ ਗਏ। ਇਸ ਪ੍ਰੈਸ ਨੋਟ ਰਾਹੀਂ ਸਰਪੰਚਾਂ, ਸੰਮਤੀ ਅਤੇ ਜਿਲਾ ਪ੍ਰੀਸ਼ਦ ਦੇ ਕਰਮਚਾਰੀਆਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬੇਨਤੀ ਕੀਤੀ ਗਈ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਦੇ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਵਿਭਾਗ ਦੀ ਅਫਸਰ ਸ਼ਾਹੀ ਤੇ ਨਿਰਭਰ ਹੋਕੇ ਰਹਿ ਗਏ ਹਨ। ਉਹਨਾਂ ਨੂੰ ਸਰਪੰਚਾਂ ਅਤੇ ਕਰਮਚਾਰੀਆਂ ਦੀ ਕੋਈ ਪ੍ਰਵਾਹ ਨਹੀਂ ਹੈ। ਨਾ ਹੀ ਉਹ ਇਹਨਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰਨਾ ਚਹੁੰਦੇ ਹਨ। ਜਿਸ ਦੇ ਕਰਕੇ ਪੰਜਾਬ ਦੇ ਸਰਪੰਚ ਅਤੇ ਕਰਮਚਾਰੀ ਨਿਰਾਸ਼ਾ ਦਾ ਸਾਹਮਣਾ ਕਰਦੇ ਹੋਏ ਸੰਘਰਸ਼ ਦੇ ਰਾਹ ਤੁਰ ਪਏ ਹਨ। ਇਸ ਲਈ ਸਮੂਹ ਸਰਪੰਚਾਂ-ਪੰਚਾਂ ਅਤੇ ਕਰਮਚਾਰੀ ਚਾਹੁੰਦੇ ਹਨ ਕਿ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਪੰਚਾਂ, ਸੰਮਤੀ ਅਤੇ ਜਿਲਾ ਪ੍ਰੀਸ਼ਦਾਂ ਦੇ ਕਰਮਚਾਰੀਆਂ ਦੀਆਂ ਮੰਗਾਂ ਤੇ ਨਿੱਜੀ ਧਿਆਨ ਦਿੰਦੇ ਹੋਏ ਸਾਡੀਆਂ ਹੱਕੀ ਮੰਗਾਂ ਨੂੰ ਖੁਦ ਮੀਟਿੰਗ ਕਰਕੇ ਪ੍ਰਵਾਨ ਕਰਨ ਤਾਂ ਕਿ ਸਰਪੰਚਾਂ/ਪੰਚਾਂ, ਪੰਚਾਇਤ ਸੰਮਤੀ ਅਤੇ ਜਿਲਾ ਪ੍ਰੀਸਦਾਂ ਦੇ ਕਰਮਚਾਰੀਆਂ ਦੀਆਂ ਮੰਗਾਂ ਦੀ ਪੂਰਤੀ ਹੋ ਸਕੇ। ਜੇਕਰ ਅੱਜ ਦੇ ਜਿਲਾ ਪ੍ਰੀਸ਼ਦਾਂ ਦੇ ਦਫਤਰਾਂ ਵਿੱਚ ਦਿੱਤੇ ਗਏ ਧਰਨੇ ਤੋਂ ਬਾਅਦ ਵੀ ਪੰਜਾਬ ਸਰਕਾਰ ਵੱਲੋਂ ਸਰਪੰਚਾਂ/ਪੰਚਾਂ, ਪੰਚਾਇਤ ਸੰਮਤੀ ਅਤੇ ਜਿਲਾ ਪ੍ਰੀਸ਼ਦਾਂ ਦੇ ਕਰਮਚਾਰੀਆਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਤਾਂ ਆਉਂਦੇ ਸ਼ੁਕਰਵਾਰ ਮਿਤੀ 09/12/2022 ਨੂੰ ਤਿੰਨੇ ਡਵੀਜ਼ਨਾਂ ਪਟਿਆਲਾ, ਜਲੰਧਰ ਅਤੇ ਫਿਰੋਜ਼ਪੁਰ ਵਿਖੇ ਵੱਡੇ ਇਕੱਠ ਦੇ ਰੂਪ ਵਿੱਚ ਧਰਨੇ ਦਿੱਤੇ ਜਾਣਗੇ। ਜੇਕਰ ਪੰਜਾਬ ਸਰਕਾਰ ਵੱਲੋਂ ਫੇਰ ਵੀ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਤਾਂ ਮਿਤੀ 09/12/2022 ਤੋਂ ਬਾਅਦ ਵਿਕਾਸ ਭਵਨ ਮੋਹਾਲੀ ਵਿਖੇ ਪੂਰੇ ਪੰਜਾਬ ਦੇ ਸਰਪੰਚਾਂ/ਪੰਚਾਂ, ਪੰਚਾਇਤ ਸੰਮਤੀ ਅਤੇ ਜਿਲਾ ਪ੍ਰੀਸ਼ਦਾਂ ਦੇ ਕਰਮਚਾਰੀਆਂ ਦਾ ਭਾਰੀ ਇਕੱਠ ਕਰਕੇ ਘਿਰਾਉ ਕੀਤਾ ਜਾਵੇਗਾ। ਜੇਕਰ ਲੋੜ ਪਈ ਤਾਂ ਦਿੱਲੀ ਵੱਲ ਵੀ ਕੂਚ ਕੀਤਾ ਜਾਵੇਗਾ। ਅੰਤ ਵਿੱਚ ਪੰਜਾਬ ਦੇ ਸਮੂਹ ਸਰਪੰਚਾ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਤੋਂ ਮੰਗ ਕੀਤੀ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਵਿੱਚੋਂ ਡਾਇਰੈਕਟਰ ਗੁਰਪ੍ਰੀਤ ਸਿੰਘ ਖਹਿਰਾ ਦੀ ਤੁਰੰਤ ਬਦਲੀ ਕੀਤੀ ਜਾਵੇ ਅਤੇ ਉਹਨਾਂ ਵੱਲੋਂ ਜਾਰੀ ਪੜਤਾਲਾਂ ਦੇ ਹੁਕਮ ਵਾਪਸ ਲਏ ਜਾਣ, ਕਿਉਂਕਿ ਇਹਨਾਂ ਵੱਲੋਂ ਪੜਤਾਲਾਂ ਦੇ ਨਾਮ ਤੇ ਸਰਪੰਚਾਂ ਨੂੰ ਜਲੀਲ ਕਰਨ ਵਾਲੇ ਜਾਰੀ ਕੀਤੇ ਗਏ ਹੁਕਮਾਂ ਕਰਕੇ ਸਰਪੰਚਾਂ ਅਤੇ ਪੰਜਾਬ ਸਰਕਾਰ ਦਾ ਤਾਲਮੇਲ ਵਾਲਾ ਮਹੌਲ ਖਰਾਬ ਹੋ ਰਿਹਾ ਹੈ।

LEAVE A REPLY

Please enter your comment!
Please enter your name here