ਫਿਲੌਰ, 3 ਦਸੰਬਰ (ਪ੍ਰੋ. ਸ਼ਾਇਰ) – ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਧੀਨ ਆਉਂਦੇ ਸਰਕਾਰੀ, ਯੂਨੀਵਰਸਿਟੀ ਤੇ ਪ੍ਰਾਈਵੇਟ ਕਾਲਜਾਂ ਦੀਆਂ ਪਹਿਲੇ, ਤੀਜੇ ਤੇ ਪੰਜਵੇਂ ਸਮੈਸਟਰ ਦੀਆਂ ਛਿਮਾਹੀ ਪ੍ਰੀਖਿਆਵਾਂ ਸੋਮਵਾਰ (05 ਦਸੰਬਰ) ਤੋਂ ਸ਼ੁਰੂ ਹੋ ਰਹੀਆਂ ਹਨ। ਜਿਸ ਨੂੰ ਮੱਦੇਨਜ਼ਰ ਰੱਖਦਿਆਂ ਪ੍ਰਿੰਸੀਪਲ ਡਾ.ਪਰਮਜੀਤ ਕੌਰ ਹੁਰਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਫਿਲੌਰ ਦੇ ਵਿਦਿਆਰਥੀਆਂ ਨੂੰ ਸਮੈਸਟਰ ਪ੍ਰੀਖਿਆਵਾਂ ਬਾਬਤ ਜਾਣਕਾਰੀ ਦਿੰਦਿਆਂ ਕਿਹਾ ਕਿ ਤੁਸੀਂ ਆਪਣੀ ਮਿਹਨਤ ਤੇ ਪ੍ਰੋਫ਼ੈਸਰਾਂ ਦੀ ਅਗਵਾਈ ਨਾਲ਼ ਬਾਕਾਇਦਾ ਪੜ੍ਹਾਈ ਵਿਚ ਰੁਝੇ ਰਹੇ ਹੋ। ਹੁਣ ਉਹ ਵਕਤ ਆ ਗਿਆ ਹੈ ਜਦੋਂ ਪੂਰੇ ਸਮੈਸਟਰ ਵਿਚ ਪੜ੍ਹੇ ਸਿਲੇਬਸ ਦਾ ਮੁਲਾਂਕਣ ਹੋਵੇਗਾ। ਇਸ ਮੌਕੇ ਸਾਰੇ ਵਿਦਿਆਰਥੀ ਏਕਾਗਰ ਚਿੱਤ ਹੋ ਕੇ ਆਪਣੀ ਡੇਟ ਸ਼ੀਟ ਅਨੁਸਾਰ ਪੂਰੇ ਧਿਆਨ ਨਾਲ਼ ਸਿਲੇਬਸ ਦੀ ਦੁਹਰਾਈ ਕਰਨ ਅਤੇ ਅਜਿਹੇ ਵਿਚ ਕੋਈ ਦਿਕਤ ਪੇਸ਼ ਆਵੇ ਤਾਂ ਸੰਬੰਧਿਤ ਪ੍ਰੋਫ਼ੈਸਰ ਸਾਹਿਬ ਨਾਲ ਰਾਬਤਾ ਕਾਇਮ ਕਰਕੇ ਆਪਣੀ ਸਿੱਖਿਆ ਸੰਬੰਧੀ ਦਿਕਤ ਦਾ ਹੱਲ ਕਰਵਾਉਣ। ਜਾਣਕਾਰੀ ਦਿੰਦਿਆਂ ਉਨ੍ਹਾਂ ਇਹ ਵੀ ਕਿਹਾ ਕਿ ਵਿਦਿਆਰਥੀਆਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਅਕਾਦਮਿਕ ਇਮਤਿਹਾਨਾਂ ਵਿੱਚ ਹੀ ਨਹੀਂ ਬਲਕਿ ਜ਼ਿੰਦਗੀ ਦੇ ਇਮਤਿਹਾਨ ਪਾਸ ਕਰਨ ਲਈ ਵੀ ਸਖ਼ਤ ਮਿਹਨਤ ਦੀ ਬਹੁਤ ਜ਼ਰੂਰਤ ਹੁੰਦੀ ਹੈ। ਜਿਹੜੇ ਵਿਦਿਆਰਥੀ ਮੌਕਾ ਸੰਭਾਲ ਲੈਂਦੇ ਹਨ ਉਹ ਆਪਣੀ ਮੰਜ਼ਲ ਨਿਸ਼ਚਿਤ ਸਮੇਂ ‘ਤੇ ਹਾਸਲ ਕਰ ਲੈਂਦੇ ਹਨ। ਇਸੇ ਤਰ੍ਹਾਂ ਨਕਲ ਕਰਕੇ ਅੱਗੇ ਨਿਕਲਣ ਦੇ ਭੁਲੇਖੇ ਨੂੰ ਤਿਆਗਣ ਦੀ ਗੱਲ ਵੀ ਆਖੀ ਗਈ। ਇਸੇ ਤਰ੍ਹਾਂ ਪੇਪਰ ਸਵੇਰੇ 09:00 ਵਜੇ ਤੋਂ 12:00 ਵਜੇ ਤੱਕ ਅਤੇ ਦੁਪਹਿਰ 1:30 ਤੋਂ ਸ਼ਾਮ 4:30 ਵਜੇ ਤੱਕ ਹੋਣਗੇ। ਵਿਦਿਆਰਥੀ ਆਪਣੇ ਪ੍ਰੀਖਿਆ ਵਾਲੇ ਦਿਨ ਆਪਣੇ ਰੋਲ ਨੰਬਰ, ਵਧੀਆ ਪੈੱਨ ਅਤੇ ਪੈਨਸਿਲ ਆਦਿ ਲੋੜੀਂਦਾ ਸਮਾਨ ਨਾਲ਼ ਲੈ ਕੇ ਆਉਣ, ਨਾਲ ਹੀ ਆਪਣੇ ਪ੍ਰੀਖਿਆ ਕੇਂਦਰ ਵਿਖੇ ਪੇਪਰ ਤੋਂ ਘੱਟੋ ਘੱਟ 15 ਮਿੰਟ ਪਹਿਲਾਂ ਪਹੁੰਚਣ ਅਤੇ ਓ.ਐੱਮ.ਆਰ. ਸ਼ੀਟ ਭਰਨ, ਨਿਸ਼ਚਿਤ ਸਮੇਂ ‘ਤੇ ਕੋਈ ਪ੍ਰੇਸ਼ਾਨੀ ਹੋਵੇ ਤਾਂ ਡਿਊਟੀ ਦੇ ਰਹੇ ਟੀਚਰ ਨੂੰ ਦੱਸਣ। ਵਿਦਿਆਰਥੀ ਇਹ ਵੀ ਯਕੀਨੀ ਬਣਾਉਣ ਕਿ ਉਹ ਪੂਰੇ ਅਨੁਸ਼ਾਸਨ ਵਿਚ ਰਹਿ ਕੇ ਆਪਣਾ ਪੂਰਾ ਪੇਪਰ ਚੰਗੀ ਤਰ੍ਹਾਂ ਲਿਖਣ। ਉਨ੍ਹਾਂ ਦੱਸਿਆ ਕਿ ਸਾਡੇ ਕਾਲਜ ਦੇ ਵਿਦਿਆਰਥੀ ਯੂਨੀਵਰਸਿਟੀ ਵਿੱਚ ਚੰਗੇ ਰੈਂਕ ਹਾਸਲ ਕਰਦੇ ਆਏ ਹਨ। ਮੈਨੂੰ ਹਮੇਸ਼ਾ ਮਾਣ ਰਹੇਗਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਫਿਲੌਰ ਮੇਰੀ ਅਗਵਾਈ ਵਿੱਚ ਆਪਣੀਆਂ ਅਕਾਦਮਿਕ ਪ੍ਰਾਪਤੀਆਂ ਕਰਕੇ ਖਿੱਤੇ ਲਈ ਚਾਨਣ ਮੁਨਾਰਾ ਬਣਿਆ ਹੋਇਆ ਹੈ।ਆਖ਼ਰ ਵਿਚ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦੇ ਕੇ ਸ਼ੰਕੇ ਨਵਿਰਤ ਕੀਤੇ ਗਏ। ਵਿਦਿਆਰਥੀਆਂ ਨੂੰ ਵਧੀਆ ਪੇਪਰ ਹੋਣ ਅਤੇ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ ਸਮੂਹ ਸਟਾਫ਼ ਅਤੇ ਵਿਦਿਆਰਥੀ ਮੌਜੂਦ ਰਹੇ।
