ਕਿਸੇ ਵੀ ਰਾਜਨੀਤਿਕ ਵਿਅਕਤੀ ਦੀ ਜ਼ਿੰਦਗੀ ਦੇ ਕਿਹੜੇ ਮੋੜ ’ਤੇ, ਕਿਸ ਮੁਕਾਮ ’ਤੇ ਅਤੇ ਕਦੋਂ ਉਚਾਈ ਦੀ ਸਿਖਰ ਤੋਂ ਹੇਠਾਂ ਧਰਾਤਲ ਤੇ ਆ ਡਿੱਗੇ ਜਾਂ ਕਦੋਂ ਫਰਸ਼ ਤੋਂ ਅਰਸ਼ ਤੇ ਪਹੁੰਚ ਜਾਵੇ ਇਹ ਕੋਈ ਨਹੀਂ ਜਾਣ ਸ਼ਇਖਆ. ਦੇਸ਼ ਦੇ ਰਾਜਨੀਤਿਕ ਸਫਰ ਦੇ ਕਈ ਪਾਂਧੀ ਅਜਿਹੇ ਹਨ ਜੋਂ ਸਫਲਤਾ ਦੀ ਬੁਲੰਦੀ ਛੂਹਣ ਤੋਂ ਬਾਅਦ ਅਚਾਨਕ ਵਾਪਰੇ ਘਟਨਾਕ੍ਰਮ ਉਪਰਾਂਤ ਆਸਮਾਨ ਦੀ ਸਿਖਰ ਤੋਂ ਧਧਰਤੀ ਤੇ ਮੂਧੇ ਮੂੰਹ ਆ ਡਿੰਗੇ ਅਤੇ ਉਸਤੋਂ ਬਾਅਦ ਉਨ੍ਹਾਂ ਦੇ ਸਿਆਸੀ ਸਫਰ ਦੀ ਕਦੇ ਕੋਈ ਗੱਲ ਵੀ ਨਹੀਂ ਕਰਦਾ। ਇਸਸ ਦੀਆਂ ਅਨੇਕਾਂ ਮਿਸਾਲਾਂ ਇਤਿਹਾਸ ਦੇ ਪੰਨੇ ਫਰੋਲ ਕੇ ਦੇਖੀਆਂ ਜਾ ਸਕਦੀਆਂ ਹਨ। ਪੰਜਾਬ ਦੇ ਉੱਘੇ ਸਿਆਸੀ ਨੇਤਾ ਜਗਮੀਤ ਸਿੰਘ ਬਰਾੜ ਉਨ੍ਹਾਂ ਨੇਤਾਵਾਂ ’ਚੋਂ ਇਕ ਹਨ, ਜਿਨ੍ਹਾਂ ਦਾ ਆਪਣੀ ਪਾਰਟੀ ’ਚ ਕੱਦ ਕਾਫੀ ਉੱਚਾ ਸੀ ਪਰ ਸਮੇਂ ਦੇ ਬੀਤਣ ਨਾਲ ਉਹ ਉਂਚਾਈ ਦੀ ਸਿਖਰ ਤੋਂ ਬਹੁਤ ਹੇਠਾਂ ਆ ਗਏ। ਜਗਮੀਤ ਸਿੰਘ ਵੀ ਦੇਸ਼ ਦੇ ਉਨ੍ਹਾਂ ਸ਼ਾਨਦਾਰ ਬੁਲਾਰਿਆਂ ਵਿਚੋਂ ਇਕ ਹਨ ਜੋ ਭਾਸ਼ਣ ਸਮੇਂ ਸਾਹਮਣੇ ਵਾਲੀ ਭੀੜ ਨੂੰ ਕੀਲਣ ਦੀ ਸਮਰੱਥਾ ਰੱਖਦੇ ਹਨ। ਪੰਜਾਬ ਵਿਚ ਕਦੇ ਸਮਾਂ ਅਜਿਹਾ ਸੀ ਕਿ ਜਗਮੀਕ ਬਰਾੜ ਤੋਂ ਬਿਨਾਂ ਕਾਂਗਰਸ ਦੀ ਸਿਆਸਤ ਦਾ ਕੋਰਮ ਕਦੇ ਵੀ ਪੂਰਾ ਨਹੀਂ ਸੀ ਹੁੰਦਾ। ਪਰ ਹੁਣ ਅਜਿਹਾ ਸਮਾਂ ਆ ਗਿਆ ਹੈ ਜਦੋਂ ਉਹ ਆਪਣੀ ਮਾਂ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਚਲੇ ਗਏ ਸਨ ਅਤੇ ਉਥੋਂ ਵੀ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਜੇਕਰ ਜਗਮੀਤ ਸਿੰਘ ਬਰਾੜ ਦੇ ਸਿਆਸੀ ਸਫ਼ਰ ਦੀ ਗੱਲ ਕਰੀਏ ਤਾਂ ਉਹ ਕਾਂਗਰਸ ਪਾਰਟੀ ਦੇ ਪੰਜਾਬ ਤੋਂ ਦੋ ਵਾਰ ਐਮ.ਪੀ.ਬਣੇ। ਉਹ ਕਾਂਗਰਸ ਦੀ ਰਾਸ਼ਟਰੀ ਕਾਰਜਕਾਰਨੀ ਦੇ ਮੈਂਬਰ ਰਹਿ ਚੁੱਕੇ ਹਨ ਅਤੇ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਵੀ ਕਰੀਬੀ ਵੀ ਮੰਨੇ ਜਾਂਦੇ ਸਨ। ਐਸਵਾਈਐਲ ਨਹਿਰ ਦੀ ਖੁਦਾਈ ਦੇ ਸਮਾਗਮ ਦੇ ਉਦਘਾਟਨ ਲਈ ਪਹੁੰਚੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਨਾਲ ਜਗਮੀਤ ਸਿੰਘ ਬਰਾੜ ਦੇ ਯੋਗਦਾਨ ਦੀ ਵੀ ਕਾਫੀ ਚਰਚਾ ਸਮੇਂ ਸਮੇਂ ਤੇ ਹੁੰਦੀ ਰਹੀ ਹੈ। ਉਸ ਸਮੇਂ ਕਾਂਗਰਸ ਪਾਰਟੀ ਦੇ ਕੇਂਦਰੀ ਦਿੱਗਜ ਨੇਤਾਵਾਂ ਨਾਲ ਵੀ ਬਰਾੜ ਦੇ ਚੰਗੇ ਸਬੰਧ ਰਹੇ ਹਨ ਅਤੇ ਉਹ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਵੀ ਨੇੜੇ ਸਨ। ਜਗਮੀਤ ਬਰਾੜ ਨੇ ਆਪਣੇ ਸੰਸਦ ਕਾਲ ਦੌਰਾਨ ਹੀ ਆਪਣੀ ਹੀ ਪਾਰਟੀ ਨੂੰ ਬਾਗੀ ਤੇਵਰ ਦਿਖਾਉਂਦੇ ਹੋਏ ‘‘ ਲੋਕ ਯੁੱਧ ਮੋਰਚਾ ’’ ਨਾਮ ਦੀ ਜਥੇਬੰਦੀ ਤਿਆਰ ਕੀਤੀ ਸੀ। ਜਿਸ ਦੀ ਸਥਾਪਨਾ ਲਈ ਉਨ੍ਹਾਂ ਨੇ ਪੰਜਾਬ ਭਰ ਦਾ ਦੌਰਾ ਕੀਤਾ। ਜਗਮੀਤ ਬਰਾੜ ਨੂੰ ਆਵਾਜ਼-ਏ-ਪੰਜਾਬ ਖਿਤਾਬ ਵੀ ਨਵਾਜਿਆ ਗਿਆ। ਕਾਂਗਰਸ ਵਿੱਚ ਉੱਚੇ ਕੱਦ ਦੇ ਕਾਰਨ ਉਨ੍ਹਾਂ ਦੇ ਭਰਾ ਰਿਪਜੀਤ ਬਰਾੜ ਵੀ ਕਾਂਗਰਸ ਪਾਰਟੀ ਦੇ ਵਿਧਾਇਕ ਵਜੋਂ ਆਨੰਦ ਮਾਣਦੇ ਰਹੇ। .ਕਾਂਗਰਸ ਪਾਰਟੀ ਵਲੋਂ ਦਿਤੇ ਗਏ ਵੱਡੇ ਮਾਨ ਸਨਮਾਨ ਦੇ ਬਾਵਜੂਦ ਉਨ੍ਹਾਂ ਦੀਆਂ ਹਮੇਸ਼ਾ ਪਾਰਟੀ ਵਿਰੋਧੀ ਗਤੀਵਿਧੀਆਂ ਜਾਰੀ ਰਹੀਆਂ। ਜਿਸ ਕਾਰਨ ਉਨ੍ਹਾਂ ਨੂੰ ਕਾਂਗਰਸ ਪਾਰਟੀ ਵਲੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। ਉਸਤੋਂ ਬਾਅਦ ਜਗਮੀਤ ਬਰਾੜ ਵੱਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸਾਲ 2019 ’ਚ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਜਿਸ ਪਾਰਟੀ ਅਤੇ ਬਾਦਲ ਪਰਿਵਾਰ ਸਮੇਤ ਪਾਰਟੀ ਦੇ ਵੱਡੇ-ਵੱਡੇ ਲੀਡਰਾਂ ਨੂੰ ਉਹ ਸਾਰੀ ਉਮਰ ਕੋਸਦੇ ਰਹੇ, ਉਸੇ ਪਾਰਟੀ ਵਿਚ ਸ਼ਾਮਲ ਹੁੰਦਿਆਂ ਹੀ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਵਫ਼ਾਦਾਰ ਸਿਪਾਹੀ ਐਲਾਨ ਦਿੱਤਾ ਸੀ ਤੇ ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਨੇ ਵੀ ਆਪਣੇ ਪੁੱਤਰ ਤੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਨਸੀਹਤ ਦਿਤੀ ਸੀ ਕਿ ਹੁਣ ਜਦੋਂ ਜਗਮੀਤ ਸਿੰਘ ਬਰਾੜ ਨੂੰ ਜੱਫੀ ਪਾ ਹੀ ਲਈ ਹੈ ਤਾਂ ਇਸਨੂੰ ਕਦੇ ਨਾ ਛੱਡਣਾ। ਥੋੜ੍ਹੇ ਸਮੇਂ ਵਿੱਚ ਹੀ ਜਗਮੀਤ ਸਿੰਘ ਬਰਾੜ ਨੂੰ ਸ਼੍ਰੋਮਣੀ ਅਕਾਲੀ ਦਲ ਵਲੋਂ ਚੰਗਾ ਮਾਣ-ਸਨਮਾਨ ਦਿੱਤਾ ਗਿਆ ਸੀ। ਪਰ ਆਪਣੀ ਆਦਤ ਤੋਂ ਮਜਬੂਰ ਹੋ ਕੇ ਜਗਮੀਤ ਸਿੰਘ ਬਰਾੜ ਫਿਰ ਤੋਂ ਆਪਣੀ ਹੀ ਪਰਾਟੀ ਦੇ ਉਸੇ ਪ੍ਰਧਾਨ ਜਿਸਦੀ ਅਗੁਵਾਈ ਹੇਠ ਉਹ ਅਕਾਲੀ ਦਲ ਚ ਸ਼ਾਮਿਲ ਹੋਏ ਸਨ ਉਸੇ ਪ੍ਰਧਾਨ ਨੂੰ ਪ੍ਰਧਾਨ ਮੰਨਣ ਤੋਂ ਇਨਕਾਰ ਕਰ ਦਿਤਾ ਅਤੇ ਬਗਾਵਤ ਦਾ ਝੰਡਾ ਬੁਲੰਦ ਕਰ ਦਿਤਾ। ਜਿਸ ’ਤੇ ਸ਼੍ਰੋੋਮਣੀ ਅਕਾਲੀ ਦਲ ਵੱਲੋਂ ਸ਼ਨਿਚਰਵਾਰ ਨੂੰ ਜਗਮੀਤ ਸਿੰਘ ਬਰਾੜ ਨੂੰ ਪਾਰਟੀ ਵਿਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ। ਇਸ ਮੌਕੇ ਜਗਮੀਤ ਬਰਾੜ ਆਪਣੀ ਰਾਜਨੀਤਿਕ ਸਫਰ ਦੇ ਅਜਿਹੇ ਮੋੜ ਤੇ ਆ ਖੜੇ ਹੋਏ ਹਨ ਜਿਥੇ ਉਨ੍ਹਾਂ ਲਈ ਹੁਣ ਹੋਰ ਕਿਸੇ ਪਾਰਟੀ ਚ ਥਾਂ ਬਾਕੀ ਨਹੀਂ ਬਚੀ। ਉਹ ਹੋਰਨਾ ਬਾਗੀ ਨੇਤਾਵਾਂ ਦੀ ਸੂਚੀ ਵਿਚ ਆ ਖੜੇ ਹੋਏ ਹਨ ਜਿਨ੍ਹਾਂ ਦੀ ਕਿਸ਼ਤੀ ਸਿਆਸੀ ਭਵੰਰ ਵਿਚ ਡਿਕਡੋਲੇ ਖਾਂਦੀ ਹੋਏ ਅੱਗੇ ਲੰਘ ਰਹੀ ਹੈ ਅਤੇ ਪਤਾ ਨਹੀਂ ਕਦੋਂ ਉਹ ਮੰਝਧਾਰ ਵਿਚ ਬਹਿ ਕੇ ਅਲੋਪ ਹੋ ਜਾਵੇ।
ਹਰਵਿੰਦਰ। ਸਿੰਘ ਸੱਗੂ ।