ਜਗਰਾਉਂ, 11 ਦਸੰਬਰ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )-ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਅਧੀਨ ਪੈਂਦੇ ਵੱਖ-ਵੱਖ ਥਾਣਿਆਂ ਦੀ ਪੁਲਿਸ ਪਾਰਟੀ ਵੱਲੋਂ ਸ਼੍ਰੋਮਣਈ ਅਕਾਲੀ ਦਲ ਦੇ ਸਾਬਕਾ ਸਰਪੰਚ, ਇੱਕ 60 ਸਾਲਾ ਔਰਤ ਸਮੇਤ 3 ਨੂੰ ਅਫੀਮ, ਪਾਬੰਦੀਸ਼ੁਦਾ ਗੋਲੀਆਂ ਅਤੇ ਨਸ਼ੀਲੇ ਪਾਊਡਰ ਸਮੇਤ ਕਾਬੂ ਕੀਤਾ ਗਿਆ ਹੈ। ਪੁਲਿਸ ਚੌਕੀ ਲੋਹਟਬੱਦੀ ਦੇ ਇੰਚਾਰਜ ਏ.ਐਸ.ਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਪੈਟਰੋਲ ਪੰਪ ਲੋਹਟਬੱਧੀ ਵਿਖੇ ਚੈਕਿੰਗ ਦੌਰਾਨ ਮੌਜੂਦ ਸਨ। ਉਥੇ ਇਤਲਾਹ ਮਿਲੀ ਕਿ ਦਲਵਾਰ ਕੌਰ ਨਿਵਾਸੀ ਪਿੰਡ ਰਛੀਨ ਜਿਸ ਦੀ ਉਮਰ 60 ਸਾਲ ਦੇ ਕਰੀਬ ਹੈ, ਨਸ਼ੀਲਾ ਪਾਊਡਰ ਵੇਚਣ ਦਾ ਧੰਦਾ ਕਰਦਾ ਹੈ। ਜੋ ਅੱਜ ਵੀ ਦਾਣਾ ਮੰਡੀ ਲੋਹਟਬੱਧੀ ਵਿੱਚ ਨਸ਼ੀਲਾ ਪਾਊਡਰ ਵੇਚਣ ਲਈ ਬੈਠੀ ਹੈ। ਇਸ ਸੂਚਨਾ ’ਤੇ ਛਾਪਾਮਾਰੀ ਕਰਕੇ ਦਲਵਾਰ ਕੌਰ ਨੂੰ ਪੁਲਸ ਪਾਰਟੀ ਨੇ 7 ਗ੍ਰਾਮ ਨਸ਼ੀਲੇ ਅਤੇ ਉਤੇਜਕ ਪਾਊਡਰ ਸਮੇਤ ਕਾਬੂ ਕੀਤਾ ਹੈ। ਉਸ ਖ਼ਿਲਾਫ਼ ਥਾਣਾ ਸਦਰ ਰਾਏਕੋਟ ਵਿੱਚ ਕੇਸ ਦਰਜ ਕੀਤਾ ਗਿਆ। ਸੀਆਈਏ ਸਟਾਫ਼ ਤੋਂ ਸਬ ਇੰਸਪੈਕਟਰ ਕਮਲਦੀਪ ਕੌਰ ਨੇ ਦੱਸਿਆ ਕਿ ਉਹ ਪਿੰਡ ਕਮਾਲਪੁਰਾ ਬੱਸ ਸਟੈਂਡ ਵਿਖੇ ਪੁਲਸ ਪਾਰਟੀ ਸਮੇਤ ਚੈਕਿੰਗ ਲਈ ਮੌਜੂਦ ਸੀ। ਉਥੇ ਸੂਚਨਾ ਮਿਲੀ ਕਿ ਪਿੰਡ ਜੱਟਪੁਰਾ ਦਾ ਸਾਬਕਾ ਅਕਾਲੀ ਸਰਪੰਚ ਜਸਵੀਰ ਸਿੰਘ ਉਰਫ਼ ਪੱਪਾ ਬਾਹਰਲੇ ਸੂਬਿਆਂ ਤੋਂ ਅਫੀਮ ਲਿਆ ਕੇ ਸਪਲਾਈ ਕਰਨ ਦਾ ਧੰਦਾ ਕਰਦਾ ਹੈ। ਉਸਨੇ ਆਪਣੇ ਘਰ ਵਿੱਚ ਕਈ ਗੁਪਤ ਟਿਕਾਣੇ ਬਣਾਏ ਹੋਏ ਹਨ ਜਿੱਥੇ ਉਹ ਅਫੀਮ ਨੂੰ ਲੁਕਾਉਂਦਾ ਹੈ। ਉਸ ਦੇ ਘਰ ਛਾਪੇਮਾਰੀ ਦੌਰਾਨ 500 ਗ੍ਰਾਮ ਅਫੀਮ ਅਤੇ ਇਕ ਇਲੈਕਟਰਾਨਿਕ ਤੰਡਾ ਬਰਾਮਦ ਕਰਕੇ ਉਸਨੂੰ ਗਿਰਫੱਤਾਰ ਕਰ ਲਿਆ ਗਿਆ। ਸਾਬਕਾ ਸਰਪੰਚ ਜਸਵੀਰ ਸਿੰਘ ਉਰਫ਼ ਪੱਪਾ ਖ਼ਿਲਾਫ਼ ਥਾਣਾ ਹਠੂਰ ਵਿੱਚ ਕੇਸ ਦਰਜ ਕੀਤਾ ਗਿਆ। ਪੁਲੀਸ ਚੌਕੀ ਪਿੰਡ ਕਾਉਂਕੇ ਕਲਾ ਦੇ ਇੰਚਾਰਜ ਸਬ-ਇੰਸਪੈਕਟਰ ਜਗਰਾਜ ਸਿੰਘ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਸਮੇਤ ਪਿੰਡ ਕਾਉਂਕੇ ਕਲਾਂ ਵਿੱਚ ਚੈਕਿੰਗ ਦੌਰਾਨ ਮੌਜੂਦ ਸਨ। ਉੱਥੇ ਹੀ ਸੂਚਨਾ ਮਿਲੀ ਸੀ ਕਿ ਪਿੰਡ ਕਾਉਂਕੇ ਖੋਸਾ ਦਾ ਰਹਿਣ ਵਾਲਾ ਧਰਮਿੰਦਰ ਸਿੰਘ ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਵੇਚਣ ਦਾ ਧੰਦਾ ਕਰਦਾ ਹੈ। ਉਹ ਪਿੰਡ ਗਾਲਿਬ ਕਲਾਂ ਤੋਂ ਪਿੰਡ ਕਾਉਂਕੇ ਕਲਾਂ ਆ ਰਿਹਾ ਹੈ। ਨਾਕਾਬੰਦੀ ਦੌਰਾਨ ਧਰਮਿੰਦਰ ਸਿੰਘ ਨੂੰ ਕਾਬੂ ਕਰਕੇ ਉਸ ਕੋਲੋਂ 780 ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਉਸ ਖ਼ਿਲਾਫ਼ ਥਾਣਾ ਸਦਰ ਜਗਰਾਉਂ ਵਿਖੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।