ਚਾਚੇ ਨੇ ਸ਼ਰਾਬ ਪਿਆ ਕੇ ਸੁੱਟਿਆ ਸੀ ਹੱਡਾ ਰੋੜੀ ‘ਚ! ਅੱਧੀ ਲਾਸ਼ ਖਾ ਗਏ ਕੁੱਤੇ
ਭਵਾਨੀਗੜ੍ਹ (ਰਾਜੇਸ ਜੈਨ-ਰਾਜਨ ਜੈਨ) ਬੀਤੀ 21 ਫਰਵਰੀ ਨੂੰ ਸਬ ਡਵੀਜ਼ਨ ਭਵਾਨੀਗੜ੍ਹ ਦੇ ਨੇੜਲੇ ਪਿੰਡ ਫੁੰਮਣਵਾਲ ਦੇ ਇੱਕ ਨੌਜਵਾਨ ਦੀ ਹੱਡਾਰੋਡੀ ‘ਚੋੰ ਕੁੱਤਿਆਂ ਦੀ ਅੱਧ ਖਾਧੀ ਲਾਸ਼ ਮਿਲਣ ਦੇ ਮਾਮਲੇ ‘ਚ ਪੁਲਸ ਨੇ ਵੱਡਾ ਖੁਲਾਸਾ ਕਰਦਿਆਂ ਮ੍ਰਿਤਕ ਨੌਜਵਾਨ ਦੇ ਭਰਾ ਦੇ ਬਿਆਨਾ ‘ਤੇ ਚਾਚੇ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ।

ਕਤਲ ਹੋਏ ਨੌਜਵਾਨ ਦੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਭਵਾਨੀਗੜ੍ਹ ਦੇ ਥਾਣਾ ਮੁਖੀ ਪ੍ਰਤੀਕ ਜਿੰਦਲ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਦਵਿੰਦਰ ਸਿੰਘ ਪੁੱਤਰ ਭਜਨ ਸਿੰਘ ਵਾਸੀ ਫੁੰਮਣਵਾਲ ਨੇ ਦਰਜ ਕਰਵਾਏ ਬਿਆਨ ‘ਚ ਦੱਸਿਆ ਕਿ ਲੰਘੀ 19 ਫਰਵਰੀ ਨੂੰ ਉਸਦਾ ਚਾਚਾ ਗੁਰਜੰਟ ਸਿੰਘ ਮੇਰੇ ਭਰਾ ਸਰਬਜੀਤ ਸਿੰਘ ਉਰਫ ਰਾਜੀ ਸਮੇਤ ਪੱਠਿਆਂ ਦੀ ਕਮੀ ਕਾਰਨ ਆਪਣਾ ਪਸ਼ੂ ਅਨਾਜ ਮੰਡੀ ਛੱਡਣ ਗਿਆ ਸੀ। ਦਵਿੰਦਰ ਸਿੰਘ ਨੇ ਦੱਸਿਆ ਕਿ ਪਸ਼ੂ ਛੱਡ ਕੇ ਉਸਦਾ ਚਾਚਾ ਘਰ ਆ ਗਿਆ ਸੀ ਪਰੰਤੂ ਸਰਬਜੀਤ ਸਿੰਘ ਘਰ ਵਾਪਸ ਨਹੀੰ ਪਰਤਿਆ ਜਿਸ ਸਬੰਧੀ ਪੁੱਛਣ ਲਈ ਉਹ ਦੋ ਵਾਰ ਆਪਣੇ ਚਾਚੇ ਦੇ ਘਰ ਗਿਆ ਤਾਂ ਉਸਦਾ ਚਾਚਾ ਸ਼ਰਾਬ ਦੇ ਨਸ਼ੇ ‘ਚ ਟੁੰਨ ਮਿਲਿਆ ਤਾਂ ਇਸ ਦੌਰਾਨ ਮੰਗਲਵਾਰ ਸਵੇਰੇ ਉਸਨੂੰ ਸਰਬਜੀਤ ਸਿੰਘ ਦੀ ਲਾਸ਼ ਲਾਗਲੇ ਪਿੰਡ ਰਾਜਪੁਰਾ ਦੀ ਹੱਡਾ ਰੋਡੀ ‘ਚ ਪਈ ਹੋਣ ਬਾਰੇ ਪਤਾ ਲੱਗਾ ਤੇ ਮੌਕੇ ‘ਤੇ ਜਾ ਕੇ ਜਦੋੰ ਦੇਖਿਆ ਤਾਂ ਸਰਬਜੀਤ ਦੀ ਲਾਸ਼ ਦਾ ਚਿਹਰਾ, ਛਾਤੀ ਤੇ ਸੱਜੀ ਬਾਂਹ ਕੁੱਤਿਆਂ ਵੱਲੋੰ ਖਾਧੀ ਹੋਈ ਸੀ। ਦਵਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਉਸਦੇ ਚਾਚੇ ਗੁਰਜੰਟ ਸਿੰਘ ਨੇ ਅਨਾਜ ਮੰਡੀ ਤੋੰ ਵਾਪਸੀ ਸਮੇੰ ਉਸਦੇ ਭਰਾ ਨੂੰ ਬਹੁਤ ਜਿਆਦਾ ਸ਼ਰਾਬ ਪਿਲਾ ਕੇ ਹੱਡਾਰੋਡੀ ਵਿੱਚ ਸੁੱਟ ਆਇਆ ਜਿੱਥੇ ਕੁੱਤੇ ਉਸਨੂੰ ਨੋਚ ਕੇ ਖਾ ਗਏ ਤੇ ਜਿਸ ਕਾਰਨ ਉਸਦੀ ਮੌਤ ਹੋ ਗਈ। ਥਾਣਾ ਮੁਖੀ ਜਿੰਦਲ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਨੂੰ ਪਹਿਲਾਂ ਸਰਬਜੀਤ ਸਿੰਘ ਦੀ ਅਚਾਨਕ ਤੇ ਕੁਦਰਤੀ ਹੋਈ ਮੌਤ ਜਾਪ ਰਹੀ ਸੀ ਪਰੰਤੂ ਜਾਂਚ ਵਿੱਚ ਮਾਮਲਾ ਕੁੱਝ ਹੋਰ ਨਿਕਲ ਕੇ ਸਾਹਮਣੇ ਆਇਆ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋੰ ਮੁਲਜ਼ਮ ਗੁਰਜੰਟ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਫੁੰਮਣਵਾਲ ਖਿਲਾਫ਼ ਧਾਰਾ 302 ਆਈਪੀਸੀ ਦੇ ਤਹਿਤ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।