ਸੁਨਾਮ (ਭਗਵਾਨ ਭੰਗੂ-ਲਿਕੇਸ ਸ਼ਰਮਾ ) ਥਾਣਾ ਛਾਜਲੀ ਦੀ ਹਦੂਦ ਅੰਦਰ ਪੈਂਦੇ ਪਿੰਡ ਚੱਠਾ ਨਨਹੇੜਾ ਦੇ ਇੱਕ ਨੌਜਵਾਨ ਦੀ ਕੈਨੇਡਾ ਦੇ ਸ਼ਹਿਰ ਬਰੈਂਪਟਨ ‘ਚ ਮੌਤ ਹੋ ਗਈ ਹੈ। ਉਕਤ ਨੌਜਵਾਨ ਚਾਰ ਸਾਲ ਪਹਿਲਾਂ ਪੜ੍ਹਾਈ ਕਰਨ ਲਈ ਕੈਨੇਡਾ ਗਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਚੱਠਾ ਨਨਹੇੜਾ ਦੀ ਪਿੰਡ ਇਕਾਈ ਦੇ ਪ੍ਰਧਾਨ ਅਤੇ ਮ੍ਰਿਤਕ ਨੌਜਵਾਨ ਦੇ ਚਾਚਾ ਦਲੇਲ ਸਿੰਘ ਨੇ ਦੱਸਿਆ ਕਿ ਉਨਾਂ ਦਾ ਭਤੀਜਾ ਮਨਪ੍ਰੀਤ ਸਿੰਘ ਚੱਠਾ (24)ਪੁੱਤਰ ਕਾਹਲਾ ਸਿੰਘ ਪੱਤੀ ਮਲਕ ਵਾਸੀ ਪਿੰਡ ਚੱਠਾ ਨਨਹੇੜਾ ਜੋ ਚਾਰ ਸਾਲ ਪਹਿਲਾਂ ਪੜਾਈ ਕਰਨ ਲਈ ਕੈਨੇਡਾ ਗਿਆ ਸੀ। ਜਿਸਦੀ ਦੋ ਦਿਨ ਪਹਿਲਾਂ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਉਨਾਂ ਕਿਹਾ ਕਿ ਇਸ ਬਾਰੇ ਜਾਣਕਾਰੀ ਮਨਪ੍ਰੀਤ ਸਿੰਘ ਦੇ ਮਾਮੇ ਦੇ ਲੜਕੇ ਲਵਪ੍ਰੀਤ ਸਿੰਘ ਚੋਟੀਆਂ ਵੱਲੋਂ ਕੈਨੇਡਾ ਤੋਂ ਫੋਨ ਜਰੀਏ ਮ੍ਰਿਤਕ ਦੇ ਪਰਿਵਾਰ ਨੂੰ ਦਿੱਤੀ ਗਈ, ਜਿਵੇਂ ਹੀ ਮਨਪ੍ਰੀਤ ਸਿੰਘ ਦੀ ਮੌਤ ਹੋਣ ਬਾਰੇ ਖਬਰ ਮਿਲੀ ਤਾਂ ਪਿੰਡ ਵਿਚ ਮਾਤਮ ਛਾ ਗਿਆ। ਕਿਸਾਨ ਆਗੂ ਗੁਰਪਿਆਰ ਸਿੰਘ ਚੱਠਾ,ਪਰਵਿੰਦਰ ਸਿੰਘ ਗੋਰਾ ਆਦਿ ਨੇ ਸਰਕਾਰ ਤੋਂ ਮ੍ਰਿਤਕ ਨੌਜਵਾਨ ਦੀ ਦੇਹ ਕੈਨੇਡਾ ਤੋਂ ਭਾਰਤ ਲਿਆਉਣ ਲਈ ਪਰਿਵਾਰ ਦੀ ਮੱਦਦ ਕਰਨ ਦੀ ਮੰਗ ਕੀਤੀ।
