ਮੋਗਾ, 25 ਮਾਰਚ ( ਅਸ਼ਵਨੀ)-ਕੌਮੀ ਟੀ.ਬੀ. ਇਲੀਮੀਨੇਸ਼ਨ ਪ੍ਰੋਗਾਮ ਤਹਿਤ ਸਾਲ 2021-22 ਦੌਰਾਨ ਸਬ ਨੈਸ਼ਨਲ ਸਰਟੀਫਿਕੇਟ ਤਹਿਤ ਹੋਏ ਸਰਵੇ ਦੌਰਾਨ ਜਿ਼ਲ਼੍ਹਾ ਮੋਗਾ ਨੂੰ ਕਾਂਸੀ ਦਾ ਤਮਗਾ ਹਾਸਲ ਹੋਇਆ ਹੈ। ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਨੇ ਟੀ.ਬੀ. ਵਿਭਾਗ ਮੋਗਾ ਦੀ ਇਸ ਸਮੁੱਚੀ ਟੀਮ ਨੂੰ ਆਪਣੇ ਦਫ਼ਤਰ ਬੁਲਾ ਕੇ ਸਨਮਾਨਿਤ ਕੀਤਾ। ਸਾਲ 2021-22 ਦੌਰਾਨ ਹੋਏ ਸਰਵੇ ਦੌਰਾਨ ਸਾਹਮਣੇ ਆਇਆ ਕਿ ਸਾਲ 2015 ਦੇ ਮੁਕਾਬਲੇ 2021 ਵਿੱਚ 20 ਫੀਸਦੀ ਘੱਟ ਮਰੀਜ ਟੀ.ਬੀ. ਦਾ ਸਿ਼ਕਾਰ ਹੋਏ।ਜਿਕਰਯੋਗ ਹੈ ਕਿ ਸਾਲ 2021-22 ਟੀ.ਬੀ. ਟੀਮ ਦੀ ਅਗਵਾਈ ਡਾ. ਇੰਦਰਵੀਰ ਗਿੱਲ ਅਤੇ ਡਾ. ਮਨੀਸ਼ ਅਰੋੜਾ ਕਰ ਰਹੇ ਸਨ।ਡਿਪਟੀ ਕਮਿਸ਼ਨਰ ਮੋਗਾ ਨੇ ਸਮੁੱਚੀ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਟੀਮ ਨਵੇਂ ਜਿ਼ਲ਼੍ਹਾ ਅਫ਼ਸਰ ਦੀ ਅਗਵਾਈ ਹੇਠ ਸਰਕਾਰ ਵੱਲੋਂ ਮਿਥੇ ਟੀਚਿਆਂ ਦੀ ਪ੍ਰਾਪਤੀ ਲਈ ਯਤਨਸ਼ੀਲ ਰਹੇਗੀ। ਉਨ੍ਹਾਂ ਕਿਹਾ ਕਿ ਜਿ਼ਲ੍ਹਾ ਪ੍ਰਸ਼ਾਸ਼ਨ ਵੱਲੋਂ ਸਿਹਤ ਵਿਭਾਗ ਨੂੰ ਟੀ.ਬੀ. ਇਲੀਮੀਨੇਸ਼ਨ ਪ੍ਰੋਗਰਾਮ ਤਹਿਤ ਪੂਰਨ ਸਹਿਯੋਗ ਮਿਲਦਾ ਸੀ, ਮਿਲਦਾ ਹੈ ਅਤੇ ਅੱਗੇ ਵੀ ਮਿਲਦਾ ਰਹੇਗਾ। ਐਸ.ਐਮ.ਓ. ਡਰੋਲੀ ਭਾਈ ਡਾ. ਇੰਦਰਵੀਰ ਗਿੱਲ, ਜਿਹਨਾਂ ਨੇ ਜਿ਼ਲ੍ਹਾ ਟੀ.ਬੀ. ਅਫ਼ਸਰ ਦੇ ਅਹੁਦੇ ਉੱਪਰ ਲਗਾਤਾਰ ਦਸ ਸਾਲ ਸੇਵਾ ਨਿਭਾਈ, ਨੇ ਇਸ ਸਫ਼ਲਤਾ `ਤੇ ਸਮੂਹ ਜਿ਼ਲ੍ਹਾ ਪ੍ਰਸ਼ਾਸ਼ਨ ਅਤੇ ਸਿਹਤ ਅਧਿਕਾਰੀਆਂ ਵੱਲੋਂ ਮਿਲੇ ਸਹਿਯੋਗ ਦਾ ਧੰਨਵਾਦ ਕੀਤਾ। ਉਨ੍ਹਾਂ ਸਮੂਹ ਮੈਡੀਕਲ ਅਫਸਰਾਂ, ਸਿਹਤ ਕਰਮੀਆਂ ਅਤੇ ਸਮੂਹ ਆਸ਼ਾ ਵਰਕਰਾਂ ਨੂੰ ਕਰੋਨਾ ਕਾਲ ਦੌਰਾਨ ਵੀ ਟੀ.ਬੀ. ਦੇ ਮਰੀਜ਼ਾਂ ਦੀ ਕੀਤੀ ਦੇਖ-ਭਾਲ ਦੀ ਸ਼ਲਾਘਾ ਕੀਤੀ ।ਇੱਥੇ ਇਹ ਵੀ ਜਿਕਰਯੋਗ ਹੈ ਕਿ ਮੋਗੇ ਜਿ਼ਲ੍ਹੇ ਵਿੱਚ ਸੋਧਿਆ ਹੋਇਆ ਟੀ.ਬੀ. ਪ੍ਰੋਗਾਮ 2004 ਵਿੱਚ ਸ਼ੁਰੂ ਹੋਇਆ ਸੀ ਅਤੇ ਸਾਬਕਾ ਡਿਪਟੀ ਡਾਇਰੈਕਟਰ ਡਾ. ਅਰਵਿੰਦਰਪਾਲ ਗਿੱਲ ਦੀ ਯੋਗ ਅਗਵਾਈ ਵਿੱਚ ਡਾ. ਇੰਦਰਵੀਰ ਗਿੱਲ ਨੇ ਇਸ ਅਹੁਦੇ ਤੇ 2012 ਤੋਂ 2022 ਤੱਕ ਲਗਾਤਾਰ ਦਸ ਸਾਲ ਸੇਵਾ ਨਿਭਾਈ।
ਡਿਪਟੀ ਕਮਿਸ਼ਨਰ ਵੱਲੋਂ ਟੀ.ਬੀ. ਟੀਮ ਦੇ ਸਨਮਾਨ ਮੌਕੇ ਸਿਵਲ ਸਰਜਨ ਮੋਗਾ ਡਾ. ਰੁਪਿੰਦਰ ਕੌਰ ਗਿੱਲ ਅਤੇ ਡਾ. ਜਸਜੀਤ ਕੌਰ ਮੈਡੀਕਲ ਅਫ਼ਸਰ ਵੀ ਮੌਜੂਦ ਸਨ ।
