ਮਾਹਿਲਪੁਰ (ਬੋਬੀ ਸਹਿਜਲ) ਜ਼ਿਲ੍ਹਾ ਪੁਲਿਸ ਪ੍ਰਮੁੱਖ ਸਰਤਾਜ ਸਿੰਘ ਚਾਹਲ ਦੇ ਨਿਰਦੇਸ਼ਾਂ, ਡੀਐੱਸਪੀ ਦਲਜੀਤ ਸਿੰਘ ਖੱਖ ਦੀਆਂ ਹਦਾਇਤਾਂ ਤੇ ਥਾਣਾ ਮੁਖੀ ਬਲਜਿੰਦਰ ਸਿੰਘ ਮੱਲੀ ਦੀ ਅਗਵਾਈ ਹੇਠ ਥਾਣਾ ਮਾਹਿਲਪੁਰ ਦੀ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ 430 ਨਸ਼ੀਲੀਆਂ ਗੋਲ਼ੀਆਂ ਤੇ 12 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਕੇ ਨਸ਼ਾ ਵਿਰੋਧੀ ਐਕਟ ਦੀ ਧਾਰਾ ਅਧੀਨ ਮਾਮਲੇ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਮਾਹਿਲਪੁਰ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਬਲਜਿੰਦਰ ਸਿੰਘ ਮੱਲੀ ਨੇ ਦੱਸਿਆ ਕਿ ਥਾਣੇਦਾਰ ਗੁਰਨੇਕ ਸਿੰਘ ਨੇ ਬਘੋਰਾ ਰੋਡ ‘ਤੇ ਗਸ਼ਤ ਦੌਰਾਨ ਦਾਣਾ ਮੰਡੀ ਨੂੰ ਜਾਂਦੇ ਕੱਚੇ ਰਸਤੇ ‘ਤੇ ਪੈਦਲ ਆ ਰਹੇ ਇਕ ਨੌਜਵਾਨ ਨੂੰ ਸ਼ੱਕੀ ਤੌਰ ‘ਤੇ ਰੋਕ ਕੇ ਲਈ ਤਲਾਸ਼ੀ ਦੌਰਾਨ ਉਸ ਕੋਲੋਂ 430 ਨਸ਼ੀਲੀਆਂ ਗੋਲ਼ੀਆਂ ਬਰਾਮਦ ਹੋਈਆਂ। ਉਨ੍ਹਾਂ ਦੱਸਿਆ ਕਿ ਪੁਲਸ ਨੇ ਕਥਿਤ ਦੋਸ਼ੀ ਦੀਪਾ ਪੁੱਤਰ ਸੁੱਚਾ ਰਾਮ ਵਾਸੀ ਵੀਡੀਡੀਓ ਕਾਲੋਨੀ ਵਾਰਡ ਨੰਬਰ 12 ਮਾਹਿਲਪੁਰ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਾਬੂ ਕੀਤੇ ਦੋਸ਼ੀ ਵਿਰੁੱਧ ਪਹਿਲਾਂ ਵੀ ਨਸ਼ਾ ਵਿਰੋਧੀ ਐਕਟ ਦੇ ਦੋ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਕੋਟਫ਼ਤੂਹੀ ਚੌਕੀ ਇੰਚਾਰਜ ਸਤਨਾਮ ਸਿੰਘ ਦੀ ਅਗਵਾਈ ਹੇਠ ਥਾਣੇਦਾਰ ਹਰਭਜਨ ਸਿੰਘ ਨੇ ਪਿੰਡ ਠੁਆਣਾ ਮੋੜ ‘ਤੇ ਕੀਤੀ ਨਾਕਾਬੰਦੀ ਦੌਰਾਨ ਜੀਟੀ ਰੋਡ ਵੱਲ ਨੂੰ ਆ ਰਹੇ ਮੋਟਰਸਾਈਕਲ ਨੰਬਰ ਪੀਬੀ 24 ਸੀ 7155 ‘ਤੇ ਸਵਾਰ ਦੋ ਨੌਜਵਾਨਾਂ ਦੀ ਤਲਾਸ਼ੀ ਲਈ ਤਾਂ ਉਨਾਂ੍ਹ ਕੋਲੋਂ 12 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਹਰਪ੍ਰਰੀਤ ਸਿੰਘ ਹੈਪੀ, ਬਲਜਿੰਦਰ ਸਿੰਘ ਗਾਂਧੀ ਵਾਸੀਆਨ ਗੰਧੋਵਾਲ ਥਾਣਾ ਮਾਹਿਲਪੁਰ ਵਜੋਂ ਹੋਈ ਹੈ।