Home ਪਰਸਾਸ਼ਨ ਮੁੱਖ ਮੰਤਰੀ ਰਾਹਤ ਕੋਸ਼ ਸਕੀਮ ਤਹਿਤ 36 ਕੈਂਸਰ ਮਰੀਜ਼ਾਂ ਨੂੰ ਕਰੀਬ 37...

ਮੁੱਖ ਮੰਤਰੀ ਰਾਹਤ ਕੋਸ਼ ਸਕੀਮ ਤਹਿਤ 36 ਕੈਂਸਰ ਮਰੀਜ਼ਾਂ ਨੂੰ ਕਰੀਬ 37 ਲੱਖ 80 ਹਜ਼ਾਰ 458 ਰੁਪਏ ਦੀ ਸਹਾਇਤਾ ਦਿੱਤੀ- ਡੀ ਸੀ

30
0

ਮਾਲੇਰਕੋਟਲਾ 10 ਮਈ ( ਰਾਜਨ ਜੈਨ)-ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਨੇ ਜ਼ਿਲ੍ਹਾ ਸਿਹਤ ਵਿਭਾਗਾਂ ਦੀਆਂ ਲੋਕ ਭਲਾਈ ਸਕੀਮਾਂ ਦਾ ਜਾਇਜਾ ਲੈਂਦਿਆ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਦੇ ਵਸਨੀਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁੱਹਈਆ ਕਰਵਾਉਣ ਲਈ ਵਚਨਬੱਧ ਹੈ । ਕੈਂਸਰ ਵਰਗੀ ਭਿਆਨਕ ਬਿਮਾਰੀ ਦੀ ਗੰਭੀਰਤਾ ਨੂੰ ਧਿਆਨ ‘ਚ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਕੈਂਸਰ ਦੇ ਮਰੀਜ਼ਾਂ ਦੀ ਵਿੱਤੀ ਸਹਾਇਤਾ ਲਈ ਮੁੱਖ ਮੰਤਰੀ ਰਾਹਤ ਕੋਸ਼ ਸਕੀਮ ਚਲਾਈ ਜਾ ਰਹੀ ਹੈ। ਜਿਸ ਤਹਿਤ ਮਰੀਜ਼ਾਂ ਨੂੰ ਕੈਂਸਰ ਦੇ ਇਲਾਜ ਲਈ 01 ਲੱਖ 50 ਹਜ਼ਾਰ ਰੁਪਏ ਤੱਕ ਦੀ ਮਾਲੀ ਮਦਦ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਮਈ 2022 ਤੋਂ ਇਸ ਸਕੀਮ ਤਹਿਤ ਹੁਣ ਤੱਕ ਜ਼ਿਲ੍ਹੇ ਦੇ 36 ਕੈਂਸਰ ਦੇ ਮਰੀਜਾਂ ਨੂੰ ਕਰੀਬ 37 ਲੱਖ 80 ਹਜ਼ਾਰ 458 ਰੁਪਏ ਦੀ ਮਾਲੀ ਸਹਾਇਤਾ ਮੁਹੱਈਆਂ ਕਰਵਾਈ ਜਾ ਚੁੱਕੀ ਹੈ ।ਉਨ੍ਹਾਂ ਕਿਹਾ ਕਿ ਜੇਕਰ ਕੈਂਸਰ ਦੀ ਪਛਾਣ ਸਮੇਂ ਸਿਰ ਹੋ ਜਾਂਦੀ ਹੈ ਤਾਂ ਜਿਥੇ ਇਸ ਦਾ ਇਲਾਜ ਸੁਖਾਲਾ ਹੋ ਜਾਂਦਾ ਹੈ ਉਥੇ ਇਸ ਬਿਮਾਰੀ ਦੀ ਗੰਭੀਰਤਾ ਤੋਂ ਵੀ ਬਚਿਆ ਜਾ ਸਕਦਾ ਹੈ ਅਤੇ ਇਲਾਜ ਸੰਭਵ ਹੋ ਸਕਦਾ ਹੈ । ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਕੈਂਸਰ ਪੀੜਤ ਨੂੰ ਇੱਕ ਲੱਖ 50 ਹਜ਼ਾਰ ਰੁਪਏ ਦੀ ਮਾਲੀ ਸਹਾਇਤ ਦਿੱਤੀ ਜਾਂਦੀ ਹੈ ਜੋ ਕਿ ਸਬੰਧਿਤ ਹਸਪਤਾਲ ਨੂੰ ਸਰਕਾਰ ਵੱਲੋਂ ਮਰੀਜ਼ ਦੇ ਇਲਾਜ ਲਈ ਸਿੱਧੀ ਕੀਤੀ ਜਾਂਦੀ ਹੈ। ਜ਼ਿਲ੍ਹੇ ਦੇ ਲੋਕਾਂ ਨੂੰ ਕਿਹਾ ਕਿ ਕੈਂਸਰ ਰਾਹਤ ਸਕੀਮ ਦਾ ਲਾਭ ਲੈਣ ਲਈ ਸਿਵਲ ਸਰਜਨ ਦਫ਼ਤਰ ਮਾਲੇਰਕੋਟਲਾ ਵਿਖੇ ਲਿਖਤੀ ਪ੍ਰੋਫਾਰਮਾ ਭਰ ਕੇ ਦੇਣਾ ਹੁੰਦਾ ਹੈ ਅਤੇ ਇਹ ਪ੍ਰੋਫਾਰਮਾ ਸਿਵਲ ਸਰਜਨ ਦਫ਼ਤਰ ਤੋਂ ਲਿਆ ਜਾ ਸਕਦਾ ਹੈ।ਉਨ੍ਹਾਂ ਇਹ ਵੀ ਕਿਹਾ ਕਿ ਚੰਗੀ ਸਿਹਤ ਲਈ ਨਿਯਮਤ ਕਸਰਤ ਦੇ ਨਾਲ ਨਾਲ ਮੈਡੀਟੇਸ਼ਨ ਵੀ ਜ਼ਰੂਰ ਕੀਤੀ ਜਾਵੇ। ਕੈਂਸਰ ਤੋਂ ਬਚਣ ਲਈ ਤੰਬਾਕੂ ਦੇ ਉਤਪਾਦਾਂ,ਸਿਗਰਟ-ਨੋਸ਼ੀ,ਕੀਟ-ਨਾਸ਼ਕ ਦਵਾਈਆਂ ਆਦਿ ਦਾ ਜ਼ਿਆਦਾ ਇਸਤੇਮਾਲ ਨਾ ਕਰਨ ਦੀ ਸਲਾਹ ਦਿੱਤੀ ਤੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਜੰਕ ਫੂਡ, ਪ੍ਰਤੀਬੰਧਤ ਫੂਡ ਕਲਰ ਤੇ ਸਕਰੀਨ ਆਦਿ ਦੇ ਇਸਤੇਮਾਲ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।ਸਹਾਇਕ ਸਿਵਲ ਸਰਜਨ ਡਾ ਸਜੀਲਾ ਖ਼ਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੁਲ 19 ਹਸਪਤਾਲਾਂ ਨੂੰ ਇਸ ਸਕੀਮ ਅਧੀਨ ਅਧਿਕਾਰਤ ਕੀਤਾ ਹੈ, ਜਿਸ ਵਿੱਚੋਂ 09 ਸਰਕਾਰੀ ਅਤੇ 10 ਪ੍ਰਾਈਵੇਟ ਹਸਪਤਾਲ ਇੰਮਪੈਨਲਡ ਹਨ । ਉਨ੍ਹਾਂ ਹੋਰ ਦੱਸਿਆ ਕਿ ਇਸ ਲੋਕ ਭਲਾਈ ਸਕੀਮ ਤਹਿਤ ਜ਼ਿਲ੍ਹੇ ਦੇ 23 ਕੈਂਸਰ ਦੇ ਮਰੀਜ਼ ਹੋਮੀ ਭਾਬਾ ਕੈਂਸਰ ਹਸਪਤਾਲ ਸੰਗਰੂਰ,04 ਮੋਹਨ ਦਾਈ ਓਸਵਾਲ ਕੈਂਸਰ ਹਸਪਤਾਲ, ਲੁਧਿਆਣਾ ਤੋਂ ,06 ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ,02 ਕ੍ਰਿਸਚੀਅਨ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਅਤੇ 01 ਪੀ.ਜੀ.ਆਈ ਚੰਡੀਗੜ੍ਹ ਤੋਂ ਆਪਣਾ ਇਲਾਜ ਕਰਵਾ/ ਚੁੱਕੇ ਹਨ।ਉਨ੍ਹਾਂ ਹੋਰ ਦੱਸਿਆ ਕਿ ਇਸ ਯੋਜਨਾ ਤਹਿਤ ਲਾਭ ਪ੍ਰਾਪਤ ਕਰਨ ਹਿੱਤ ਮਰੀਜ਼ ਪੰਜਾਬ ਦਾ ਵਸਨੀਕ ਹੋਣਾ ਜ਼ਰੂਰੀ ਹੈ, ਨਿਰਧਾਰਿਤ ਪ੍ਰੋਫਾਰਮੇ ਨਾਲ ਵੋਟਰ ਕਾਰਡ/ਡਰਾਈਵਿੰਗ ਲਾਇਸੰਸ/ਪਾਸਪੋਰਟ ਦੀ ਕਾਪੀ ਲਗਾਈ ਜਾ ਸਕਦੀ ਹੈ। ਕੈਂਸਰ ਦੀ ਪਹਿਚਾਣ/ਪੁਸ਼ਟੀ ਕਰਨ ਸਬੰਧੀ ਲੈਬਾਰਟਰੀ ਵੱਲੋਂ ਬਾਇਆਪਸੀ ਟੈਸਟ ਦੀ ਰਿਪੋਰਟ ਅਤੇ ਜਿਸ ਹਸਪਤਾਲ ਤੋਂ ਮਰੀਜ਼ ਦਾ ਇਲਾਜ ਚੱਲ ਰਿਹਾ ਹੈ ਜਾਂ ਕਰਵਾਉਣਾ ਹੈ, ਵੱਲੋਂ ਇਲਾਜ ਦੇ ਖ਼ਰਚੇ ਦਾ ਐਸਟੀਮੇਟ( ਅਨੁਮਾਨ) ਅਤੇ ਸਬੰਧਿਤ ਡਾਕਟਰ ਪਾਸੋਂ ਤਸਦੀਕ-ਸ਼ੁਦਾ ਦੋ ਪਾਸਪੋਰਟ ਸਾਈਜ਼ ਫ਼ੋਟੋਆਂ ਨਿਰਧਾਰਿਤ ਬਿਨੈ ਪੱਤਰ ਸਮੇਤ ਜ਼ਿਲ੍ਹਾ ਪੱਧਰੀ ਕਮੇਟੀ ਪਾਸ ਪੇਸ਼ ਕਰਨੀਆਂ ਜ਼ਰੂਰੀ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਨਿਰਧਾਰਿਤ ਪ੍ਰੋਫਾਰਮਾ ਸਾਰੀਆਂ ਸਿਹਤ ਸੰਸਥਾਵਾਂ ਜ਼ਿਲ੍ਹਾ ਹਸਪਤਾਲ, ਸਬ ਡਵੀਜ਼ਨ ਪੱਧਰ ਦੇ ਹਸਪਤਾਲ, ਸਾਰੇ ਕਮਿਊਨਿਟੀ ਸਿਹਤ ਕੇਂਦਰਾਂ ਵਿੱਚ ਉਪਲਬਧ ਹਨ ਅਤੇ ਇਹ ਪ੍ਰੋਫਾਰਮਾ ਸਿਹਤ ਵਿਭਾਗ ਦੀ ਵੈਬਸਾਈਟ www.pbhealth.gov.in ਤੋਂ ਡਾਊਨਲੋਡ ਵੀ ਕੀਤਾ ਜਾ ਸਕਦਾ ਹੈ ।

LEAVE A REPLY

Please enter your comment!
Please enter your name here